Close
Menu

ਉੱਤਰੀ ਕੋਰੀਆ ਨੇ ਸਿਖਰ ਵਾਰਤਾ ਰੱਦ ਕਰਨ ਦੀ ਦਿੱਤੀ ਧਮਕੀ

-- 25 May,2018

ਟੋਕੀਓ, 25 ਮਈ : ਅਗਲੇ ਮਹੀਨੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਤੇ ਉੱਤਰੀ ਕੋਰੀਆ ਦੇ ਆਗੂ ਕਿੰਮ ਜੌਂਗ ਉਨ ਦਰਮਿਆਨ ਹੋਣ ਜਾ ਰਹੀ ਸਿਖਰ ਵਾਰਤਾ ਉੱਤੇ ਇੱਕ ਵਾਰੀ ਖਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਇੱਕ ਵਾਰੀ ਮੁੜ ਸ਼ਬਦੀ ਵਾਰ ਕਰਦਿਆਂ ਕਿੰਮ ਨੇ ਆਖਿਆ ਕਿ ਅਮਰੀਕਾ ਦੇ ਉੱਪ ਰਾਸ਼ਟਰਪਤੀ ਮਾਈਕ ਪੈਂਸ ਸਿਆਸੀ ਡਮੀ ਤੋਂ ਇਲਾਵਾ ਹੋਰ ਕੁੱਝ ਨਹੀਂ ਹਨ। ਕਿੰਮ ਨੇ ਇਹ ਵੀ ਆਖਿਆ ਕਿ ਇਸ ਸਮੇਂ ਉਨ੍ਹਾਂ ਨਾਲ ਮੁਲਾਕਾਤ ਕਰਨਾ ਤਾਂ ਪ੍ਰਮਾਣੂ ਮੁਕਾਬਲੇ ਵਿੱਚ ਮੁਲਾਕਾਤ ਕਰਨ ਦੇ ਬਰਾਬਰ ਹੀ ਹੋਵੇਗਾ।
ਜਿ਼ਕਰਯੋਗ ਹੈ ਕਿ ਪੈਂਸ ਉੱਤੇ ਇਹ ਗੁੱਸਾ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਜਾਰੀ ਕੀਤਾ ਗਿਆ। ਟਰੰਪ ਦੇ ਨਵ ਨਿਯੁਕਤ ਨੈਸ਼ਨਲ ਸਕਿਊਰਿਟੀ ਸਲਾਹਕਾਰ ਜੌਹਨ ਬੋਲਟਨ ਵੱਲੋਂ ਵੀ ਇਹ ਖਦਸ਼ਾ ਪ੍ਰਗਟਾਇਆ ਗਿਆ ਸੀ ਕਿ ਦੋਵਾਂ ਧਿਰਾਂ ਵਿੱਚ ਵੱਧ ਰਹੇ ਇਸ ਪਾੜੇ ਕਾਰਨ ਕਿਤੇ 12 ਜੂਨ ਨੂੰ ਹੋਣ ਜਾ ਰਹੀ ਸਿਖਰ ਵਾਰਤਾ ਖੂਹ ਖਾਤੇ ਹੀ ਨਾ ਪੈ ਜਾਵੇ। ਇਸ ਤਰ੍ਹਾਂ ਦੀਆਂ ਟਿੱਪਣੀਆਂ ਦਾ ਉੱਤਰੀ ਕੋਰੀਆ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਇੱਕ ਇੰਟਰਵਿਊ ਵਿੱਚ ਉੱਤਰੀ ਕੋਰੀਆ ਦੇ ਪ੍ਰਮਾਣੂ ਹਥਿਆਰਾਂ ਤੋਂ ਜਲਦ ਖਹਿੜਾ ਨਾ ਛੁਡਾਏ ਜਾਣ ਉੱਤੇ ਇਸ ਮਾਮਲੇ ਦਾ ਵੀ ਲਿਬੀਆ ਵਾਲਾ ਹਾਲ ਹੋਣ ਦਾ ਬਿਆਨ ਪਯੌਂਗਯੈਂਗ ਨੂੰ ਕਾਫੀ ਚੁਭਿਆ ਹੈ।
ਉੱਪ ਵਿਦੇਸ਼ ਮੰਤਰੀ ਚੋਈ ਸਨ ਹੁਈ ਦੇ ਹਵਾਲੇ ਨਾਲ ਉੱਤਰੀ ਕੋਰੀਆ ਦੀ ਸਰਕਾਰੀ ਖਬਰ ਏਜੰਸੀ ਨੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਨੂੰ ਬੇਵਕੂਫਾਨਾ ਤੇ ਅਣਗਹਿਲੀ ਭਰਿਆ ਦੱਸਿਆ। ਉੱਤਰੀ ਕੋਰੀਆ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਆਪਣੀ ਇੰਟਰਵਿਊ ਵਿੱਚ ਪੈਂਸ ਨੇ ਉੱਤਰੀ ਕੋਰੀਆ ਦਾ ਮੁਕਾਬਲਾ ਲਿਬੀਆ ਨਾਲ ਕਿਉਂ ਕੀਤਾ। ਉੱਤਰੀ ਕੋਰੀਆ ਦਾ ਕਹਿਣਾ ਹੈ ਕਿ ਜੇ ਇਹ ਟਿੱਪਣੀਆਂ ਵਾਸਿ਼ੰਗਟਨ ਦੀ ਮਾਨਸਿਕਤਾ ਨੂੰ ਦਰਸਾਉਂਦੀਆਂ ਹਨ ਤਾਂ ਫਿਰ ਇਸ ਸਿਖਰ ਵਾਰਤਾ ਦਾ ਕੀ ਫਾਇਦਾ ਹੈ।
ਹੁਈ ਦੇ ਹਵਾਲੇ ਨਾਲ ਕੇਸੀਐਨਏ ਨੇ ਆਖਿਆ ਕਿ ਨਾ ਤਾਂ ਅਸੀਂ ਗੱਲਬਾਤ ਲਈ ਅਮਰੀਕਾ ਤੋਂ ਭੀਖ ਮੰਗਾਂਗੇ ਤੇ ਜੇ ਉਹ ਸਾਡੇ ਨਾਲ ਬੈਠ ਕੇ ਗੱਲ ਨਹੀਂ ਕਰਨਾ ਚਾਹੁੰਦੇ ਤਾਂ ਅਸੀਂ ਉਨ੍ਹਾਂ ਨੂੰ ਮਜਬੂਰ ਨਹੀਂ ਕਰਾਂਗੇ। ਭਾਵੇਂ ਅਮਰੀਕਾ ਸਾਡੇ ਨਾਲ ਮੀਟਿੰਗ ਰੂਮ ਵਿੱਚ ਗੱਲਬਾਤ ਕਰਨੀ ਚਾਹੁੰਦਾ ਹੈ ਤੇ ਜਾਂ ਫਿਰ ਸਾਡੇ ਨਾਲ ਮੈਦਾਨ ਵਿੱਚ ਪ੍ਰਮਾਣੂ ਹਥਿਆਰਾਂ ਦੀ ਖੇਡ ਖੇਡਣਾ ਚਾਹੁੰਦਾ ਹੈ ਇਹ ਸੱਭ ਅਮਰੀਕਾ ਦੇ ਵਿਵਹਾਰ ਤੇ ਫੈਸਲੇ ਉੱਤੇ ਨਿਰਭਰ ਕਰਦਾ ਹੈ।

Facebook Comment
Project by : XtremeStudioz