Close
Menu

ਓਕੂਹਾਰਾ ਨੇ ਫਿਰ ਤੋੜਿਆ ਪੀਵੀ ਸਿੰਧੂ ਦਾ ਸੁਫ਼ਨਾ

-- 16 July,2018

ਬੈਕਾਕ,  ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਦਾ ਇਸ ਸਾਲ ਪਹਿਲਾ ਖ਼ਿਤਾਬ ਜਿੱਤਣ ਦਾ ਸੁਪਨਾ ਜਾਪਾਨੀ ਖਿਡਾਰਨ ਨੋਜ਼ੋਮੀ ਓਕੂਹਾਰਾ ਨੇ ਸਾਢੇ ਤਿੰਨ ਲੱਖ ਡਾਲਰ ਇਨਾਮੀ ਥਾਇਲੈਂਡ ਓਪਨ ਵਰਲਡ ਟੂਰ ਸੁਪਰ 500 ਬੈਡਿਮੰਟਨ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਹਰਾ ਕੇ ਤੋੜ ਦਿੱਤਾ। ਇਸ ਤਰ੍ਹਾਂ ਉਸ ਦੀ ਇਸ ਸਾਲ ਪਹਿਲਾ ਖ਼ਿਤਾਬ ਜਿੱਤਣ ਦੀ ਉਡੀਕ ਲੰਮੀ ਹੋ ਗਈ ਹੈ। ਦੂਜਾ ਦਰਜਾ ਪ੍ਰਾਪਤ ਸਿੰਧੂ ਪੂਰੇ ਮੁਕਾਬਲੇ ਦੌਰਾਨ ਲੈਅ ਹਾਸਲ ਕਰਨ ਲਈ ਜੂਝਦੀ ਰਹੀ। ਓਕੂਹਾਰਾ ਨੇ ਸ਼ੁਰੂ ਤੋਂ ਦਬਦਬਾ ਬਣਾਈ ਰੱਖਿਆ ਅਤੇ ਅਖ਼ੀਰ ਵਿੱਚ 50 ਮਿੰਟ ਵਿੱਚ 21-15, 21-18 ਨਾਲ ਜਿੱਤ ਦਰਜ ਕੀਤੀ। ਓਕੂਹਾਰਾ ਨੇ ਪਿਛਲੇ ਸਾਲ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਸਿੰਧੂ ਨੂੰ 21-19, 20-22, 22-20 ਨਾਲ ਹਰਾਇਆ ਸੀ। ਸਿੰਧੂ ਨੇ ਇਸ ਸਾਲ ਓਕੂਹਾਰਾ ਨੂੰ ਆਲ ਇੰਗਲੈਂਡ ਚੈਂਪੀਅਨਸ਼ਿਪ ਵਿੱਚ ਹਰਾਇਆ ਸੀ, ਪਰ ਇੱਥੇ ਫਾਈਨਲ ਵਿੱਚ ਪੀਵੀ ਸਿੰਧੂ ਇੱਕ ਵਾਰ ਮੁੜ ਫ਼ੈਸਲਾਕੁਨ ਮੌਕਿਆਂ ’ਤੇ ਖੁੰਝ ਗਈ। ਇਹ ਇਸ ਸਾਲ ਤੀਜਾ ਮੌਕਾ ਹੈ, ਜਦੋਂ ਉਹ ਖ਼ਿਤਾਬੀ ਮੁਕਾਬਲਾ ਜਿੱਤਣ ਵਿੱਚ ਅਸਫਲ ਰਹੀ ਹੈ। ਇਸ ਤੋਂ ਪਹਿਲਾਂ ਭਾਰਤੀ ਖਿਡਾਰਨ ਇੰਡੀਆ ਓਪਨ ਅਤੇ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ਵਿੱਚ ਹਾਰ ਗਈ ਸੀ। ਇਸ ਟੂਰਨਾਮੈਂਟ ਤੋਂ ਪਹਿਲਾਂ ਉਹ ਮਲੇਸ਼ੀਆ ਅਤੇ ਇੰਡੋਨੇਸ਼ੀਆ ਓਪਨ ਵਿੱਚ ਕ੍ਰਮਵਾਰ ਸੈਮੀ ਫਾਈਨਲ ਅਤੇ ਕੁਆਰਟਰ ਫਾਈਨਲ ਵਿੱਚ ਪਹੁੰਚੀ ਸੀ। ਵਿਸ਼ਵ ਦੀ ਤੀਜੇ ਨੰਬਰ ਦੀ ਪੀਵੀ ਸਿੰਧੂ ਨੇ ਅੱਠਵੇਂ ਨੰਬਰ ਦੀ ਓਕੁਹਾਰਾ ਖ਼ਿਲਾਫ਼ ਕੁੱਝ ਮੌਕਿਆਂ ’ਤੇ ਹੀ ਆਪਣਾ ਸਰਵੋਤਮ ਪ੍ਰਦਰਸ਼ਨ ਵਿਖਾਇਆ। ਦੂਜੇ ਪਾਸੇ ਜਾਪਾਨੀ ਖਿਡਾਰਨ ਨੇ ਦੂਜੇ ਗੇਮ ਦੇ ਸ਼ੁਰੂ ਦੇ ਪਲਾਂ ਨੂੰ ਛੱਡ ਕੇ ਮੈਚ ’ਤੇ ਕਬਜ਼ਾ ਕਾਇਮ ਰੱਖਿਆ। ਪਹਿਲੇ ਗੇਮ ਵਿੱਚ ਓਕੂਹਾਰਾ ਨੇ ਲਗਾਤਾਰ ਆਪਣੀ ਲੀਡ ਕਾਇਮ ਰੱਖੀ। ਦੂਜੇ ਗੇਮ ਵਿੱਚ ਸਿੰਧੂ ਨੇ ਪੱਛੜਣ ਮਗਰੋਂ 18-18 ’ਤੇ ਬਰਾਬਰੀ ਕੀਤੀ, ਪਰ ਜਾਪਾਨੀ ਖਿਡਾਰਨ ਨੇ ਫਿਰ ਲਗਾਤਾਰ ਤਿੰਨ ਅੰਕ ਲੈ ਕੇ ਖ਼ਿਤਾਬ ਆਪਣੇ ਨਾਮ ਕੀਤਾ। ਇਸ ਜਿੱਤ ਨਾਲ ਓਕੂਹਾਰਾ ਦਾ ਸਿੰਧੂ ਖ਼ਿਲਾਫ਼ ਜਿੱਤ-ਹਾਰ ਦਾ ਰਿਕਾਰਡ 6-5 ਦਾ ਹੋ ਗਿਆ ਹੈ। ਇਸ ਤੋਂ ਪਹਿਲਾਂ ਇਸ ਸਾਲ ਦੇ ਸ਼ੁਰੂ ਵਿੱਚ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਇਨ੍ਹਾਂ ਦੋਵਾਂ ਦਾ ਮੁਕਾਬਲਾ ਹੋਇਆ ਸੀ, ਜਿਸ ਵਿੱਚ ਭਾਰਤੀ ਖਿਡਾਰਨ ਜਿੱਤ ਦਰਜ ਕਰਨ ਵਿੱਚ ਸਫਲ ਰਹੀ ਸੀ।

Facebook Comment
Project by : XtremeStudioz