Close
Menu

ਕਤਲ ਮਾਮਲਾ: ਪੁਲੀਸ ਪੰਜਾਬੀ ਨੌਜਵਾਨ ਦੀ ਭਾਲ ’ਚ ਲੱਗੀ

-- 11 December,2018

ਸਿਡਨੀ, 11 ਦਸੰਬਰ
ਸਥਾਨਕ ਮੀਡੀਆ ਵਿੱਚ ਭਾਰਤੀ ਪੰਜਾਬੀ ਰਾਜਵਿੰਦਰ ਸਿੰਘ ਦੀ ਤਸਵੀਰ ਸੁਰਖੀਆਂ ਵਿੱਚ ਹੈ। ਆਸਟਰੇਲੀਆ ਦੀ ਫੈਡਰਲ ਪੁਲੀਸ ਨੇ ਕਤਲ ਦੇ ਇੱਕ ਮਾਮਲੇ ’ਚ ਉਸ ਦੀ ਭਾਲ ਲਈ ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਹੈ। ਆਸਟਰੇਲਿਆਈ ਮਿਸ ਟੋਹਾ ਕੌਰਡਿੰਗਲੀ (24) ਦੀ ਲਾਸ਼ 21 ਅਕਤੂਬਰ ਨੂੰ ਬੀਚ ਦੇ ਰੇਤ ਦੇ ਬਣੇ ਟਿੱਬੇ ਵਿੱਚੋਂ ਮਿਲੀ ਸੀ। ਘਟਨਾ ਤੋਂ ਤਿੰਨ ਦਿਨ ਬਾਅਦ ਰਾਜਵਿੰਦਰ ਸਿੰਘ ਦੀ ਪਤਨੀ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਪਤੀ ਘਰੋਂ ਲਾਪਤਾ ਹੈ। ਉਸ ਨੇ ਆਪਣੇ ਪਤੀ ਨੂੰ ਲੱਭਣ ਲਈ ਪੁਲੀਸ ਕੋਲੋਂ ਸਹਿਯੋਗ ਮੰਗਿਆ।
ਕੌਰਡਿੰਗਲੀ ਫਾਰਮੇਸੀ ਵਰਕਰ ਸੀ। ਉਸ ਦੀ ਹੱਤਿਆ ਤੋਂ ਬਾਅਦ ਰਾਜਵਿੰਦਰ ਦਾ ਭੇਦ ਭਰੇ ਢੰਗ ਨਾਲ ਗੁੰਮ ਹੋਣਾ ਪੁਲੀਸ ਜਾਂਚ ਦਾ ਕੇਂਦਰ ਬਿੰਦੂ ਹੈ। ਉਸ ਦੇ ਮੋਬਾਈਲ ਦਾ ਨੈੱਟਵਰਕ ਸਿਗਨਲ ਘਟਨਾ ਸਥਾਨ ਦੇ ਆਲੇ-ਦੁਆਲੇ ਹੋਣ ਬਾਰੇ ਦੱਸਦਾ ਹੈ। ਸ਼ੱਕ ਦੀ ਸੂਈ ਰਾਜਵਿੰਦਰ ਦੇ ਦੁਆਲੇ ਘੁੰਮਣਘੇਰੀ ਖਾ ਰਹੀ ਹੈ। ਮ੍ਰਿਤਕਾ ਦੇ ਸਰੀਰ ‘ਤੇ ਗੰਭੀਰ ਜ਼ਖ਼ਮ ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ। ਸੂਬਾ ਕੁਈਨਜ਼ਲੈਂਡ ਵਿਚ ਘਟਨਾ ਦੇ ਨੇੜਲੇ ਹਸਪਤਾਲ ਵਿਚ ਰਾਜਵਿੰਦਰ ਸਿੰਘ ਬਤੌਰ ਨਰਸ ਕੰਮ ਕਰਦਾ ਸੀ। ਹਰਪ੍ਰੀਤ ਸਿੰਘ ਜੋ ਕਿ ਰਾਜਵਿੰਦਰ ਦਾ ਨਜ਼ਦੀਕੀ ਰਿਸ਼ਤੇਦਾਰ ਹੈ, ਨੇ ਦੱਸਿਆ ਕਿ ਰਾਜਵਿੰਦਰ ਕਤਲ ਕਰਨ ਦੇ ਸਮਰੱਥ ਨਹੀਂ ਹੈ। ਹਸਪਤਾਲ ਵਿਚ ਕੰਮ ਕਰਦਿਆਂ ਬੁਢਾਪੇ ਦੇ ਮਰੀਜ਼ਾਂ ਨੂੰ ਲਗਾਤਾਰ ਦੇਖ ਕਿ ਉਸ ਦੀ ਮਾਨਸਿਕ ਸਿਹਤ ਵਿਗੜ ਗਈ ਸੀ। ਉਹ ਨੌਕਰੀ ਛੱਡਣ ਲਈ ਆਖਦਾ ਸੀ।
ਡਿਟੈਕਟਿਵ ਇੰਸਪੈਕਟਰ ਸੋਨੀਆ ਸਮਿਥ ਨੇ ਕਿਹਾ ਕਿ ਕਤਲ ਤੋਂ ਫੌਰੀ ਬਾਅਦ ਰਾਜਵਿੰਦਰ ਮੁਲਕ ਛੱਡ ਗਿਆ ਸੀ ਜਦੋਂਕਿ ਉਸ ਦੇ ਪਰਿਵਾਰ ਨੇ ਗੁੰਮ ਹੋਣ ਦੀ ਰਿਪੋਰਟ ਤਿੰਨ ਦਿਨ ਬਾਅਦ ਦਰਜ ਕਰਵਾਈ। ਅਸਲੀਅਤ ਦਾ ਪਤਾ ਲਗਾਉਣ ਲਈ ਪੁਲੀਸ ਨੇ ਸਥਾਨਕ ਭਾਈਚਾਰੇ ਤੋਂ ਵੀ ਪੁੱਛ ਪੜਤਾਲ ਕੀਤੀ ਤੇ ਕਈ ਸੁਰਾਗ ਮਿਲਣ ਦਾ ਦਾਅਵਾ ਕੀਤਾ। ਪੁਲੀਸ ਰਾਜਵਿੰਦਰ ਨੂੰ ਜਾਂਚ ਵਿੱਚ ਇੱਕ ਮੁੱਖ ਵਿਅਕਤੀ ਸਮਝਦੀ ਹੈ। ਪੁਲੀਸ ਹੁਣ ਭਾਰਤੀ ਅਧਿਕਾਰੀਆਂ ਨਾਲ ਮਿਲ ਕੇ ਰਾਜਵਿੰਦਰ ਨੂੰ ਲੱਭਣ ਅਤੇ ਉਸ ਨਾਲ ਗੱਲ ਕਰਨ ਵਿਚ ਜੁਟੀ ਹੋਈ ਹੈ।
ਉਧਰ, ਮ੍ਰਿਤਕ ਦੇ ਵਾਰਸਾਂ ਨੇ ਕਿਹਾ ਕਿ ਪੁਲੀਸ ਕੇਸ ਨੂੰ ਗੰਭੀਰਤਾ ਨਾਲ ਲਵੇ ਤੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰੇ।

Facebook Comment
Project by : XtremeStudioz