Close
Menu

ਕਰਨਾਟਕ ਕਮਿਸ਼ਨ ਵਾਲੀ ਨਹੀਂ ਬਲਕਿ ਮਿਸ਼ਨ ਵਾਲੀ ਸਰਕਾਰ ਚਾਹੁੰਦਾ ਹੈ: ਮੋਦੀ

-- 19 February,2018

ਮੈਸੂਰ, 19 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਸਿੱਧਾਰਮੱਈਆ ਸਰਕਾਰ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਇਸ ਸਰਕਾਰ ਵਿੱਚ ਨਿੱਤ ਨਵੇਂ ਘਪਲੇ ਤੇ ਭ੍ਰਿਸ਼ਟਾਚਾਰ ਦੇ ਦੋਸ਼ ਸਾਹਮਣੇ ਆ ਰਹੇ ਹਨ।
ਇੱਥੇ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਿੱਧਾਰਮੱਈਆ ਸਰਕਾਰ ’ਤੇ 10 ਫੀਸਦੀ ਕਮਿਸ਼ਨ ਲੈਣ ਦੇ ਦੋਸ਼ ਲਗਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਕਈ ਫੋਨ ਆਏ ਕਿ ਉਨ੍ਹਾਂ ਕੋਲ ਗ਼ਲਤ ਸੂਚਨਾ ਹੈ ਅਤੇ ਫੋਨ ਕਰਨ ਵਾਲੇ ਕਹਿ ਰਹੇ ਸਨ ਕਿ ਕਮਿਸ਼ਨ ਦੀ ਫੀਸਦ ਇਸ ਨਾਲੋਂ ਵੀ ਕਿਤੇ ਵੱਧ ਹੈ। ਉਨ੍ਹਾਂ ਕਿਹਾ ਕਿ ਉਹ ਕਰਨਾਟਕ ਦੀ ਜਨਤਾ ਦਾ ਗੁੱਸਾ ਸਮਝ ਸਕਦੇ ਹਨ। ਉਨ੍ਹਾਂ ਕਿਹਾ ਕਿ ਕਰਨਾਟਕ ਮਿਸ਼ਨ ਵਾਲੀ ਸਰਕਾਰ ਚਾਹੁੰਦਾ ਹੈ, ਨਾ ਕਿ ਕਮਿਸ਼ਨ ਵਾਲੀ ਸਰਕਾਰ। ਜ਼ਿਕਰਯੋਗ ਹੈ ਕਿ 4 ਫਰਵਰੀ ਨੂੰ ਇੱਥੇ ਇਕ ਜਨਤਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਸਿੱਦਾਰਮੱਈਆ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਦੋਸ਼ ਲਾਇਆ ਸੀ ਕਿ ਇਸ ਸਰਕਾਰ ਨੇ ਭ੍ਰਿਸ਼ਟਾਚਾਰ ਵਿੱਚ ਨਵਾਂ ਰਿਕਾਰਡ ਕਾਇਮ ਕੀਤਾ ਹੈ ਅਤੇ ਕਿਹਾ ਸੀ ਕਿ ਇਸ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਸਿੱਧਾਰਮੱਈਆ ਸਰਕਾਰ ਨੂੰ 10 ਫੀਸਦ ਕਮਿਸ਼ਨ ਵਾਲੀ ਸਰਕਾਰ ਕਿਹਾ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸੀ ਸੋਚਦੇ ਹਨ ਕਿ ਉਹ ਲਗਾਤਾਰ ਝੂਠ ਫੈਲਾਉਂਦੇ ਰਹਿਣਗੇ ਅਤੇ ਲੋਕ ਉਨ੍ਹਾਂ ’ਤੇ ਵਿਸ਼ਵਾਸ ਕਰਦੇ ਰਹਿਣਗੇ, ਪਰ ਦੇਸ਼ ਤੁਹਾਡੇ ਝੂਠ ਨੂੰ ਕਦੇ ਨਹੀਂ ਮੰਨੇਗਾ।
ਇਸ ਦੌਰਾਨ ਸ੍ਰੀ ਮੋਦੀ ਨੇ 6400 ਕਰੋੜ ਰੁਪਏ ਦੀ ਲਾਗਤ ਨਾਲ 117 ਕਿਲੋਮੀਟਰ ਲੰਬਾ ਬੰਗਲੌਰ-ਮੈਸੂਰ ਕੌਮੀ ਸ਼ਾਹਰਾਹ ਬਣਾਉਣ ਅਤੇ ਮੈਸੂਰ ਵਿੱਚ 800 ਕਰੋੜ ਰੁਪਏ ਦੀ ਲਾਗਤ ਨਾਲ ਇਕ ਵਿਸ਼ਵ ਪੱਧਰੀ ਨਵਾਂ ਸੈਟੇਲਾਈਟ ਰੇਲਵੇ ਸਟੇਸ਼ਨ ਬਣਾਉਣ ਦਾ ਐਲਾਨ ਵੀ ਕੀਤਾ। 

Facebook Comment
Project by : XtremeStudioz