Close
Menu

ਕਿਰਨ ਬਾਲਾ ਵੱਲੋਂ ਝੂਠ ਦਾ ਸਹਾਰਾ ਲੈ ਕੇ ਪਾਕਿ ਪੁੱਜਣ ਦਾ ਇਕਬਾਲ

-- 21 April,2018

ਹੁਸ਼ਿਆਰਪੁਰ, 21 ਅਪਰੈਲ
ਗੜ੍ਹਸ਼ੰਕਰ ਵਾਸੀ ਕਿਰਨ ਬਾਲਾ(31) ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇ ਰਾਹੀਂ ਵਿਸਾਖੀ ਮਨਾਉਣ ਲਈ ਪਾਕਿਸਤਾਨ ਗਈ ਸੀ ਅਤੇ ਜਿਸ ਨੇ ਇਸਲਾਮ ਧਰਮ ਕਬੂਲ ਕੇ ਇੱਕ ਮੁਸਲਮਾਨ ਨਾਲ ਨਿਕਾਹ ਕਰਵਾ ਲਿਆ ਹੈ, ਨੇ ਮੰਨਿਆ ਕਿ ਉਸ ਨੇ ਸੋਚ ਸਮਝ ਕੇ ਹੀ ਜੱਥੇ ਰਾਹੀਂ  ਪਾਕਿਸਤਾਨ ਪੁੱਜਣ ਦਾ ਰਸਤਾ ਲੱਭਿਆ ਸੀ। ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਉਹ ਪਾਕਿਸਤਾਨ ਦੇ ਮੀਡੀਆ ਅੱਗੇ ਮੰਨ ਰਹੀ ਹੈ ਕਿ ਹੋਰ ਕੋਈ ਵੱਸ ਨਾ ਚੱਲਦਾ ਵੇਖ ਉਸ ਨੇ ਸ਼ਰਧਾਲੂ ਬਣ ਕੇ ਸ਼੍ਰੋਮਣੀ ਕਮੇਟੀ ਰਾਹੀਂ ਪਾਕਿਸਤਾਨ ਦਾ ਵੀਜ਼ਾ ਲਿਆ ਤਾਂ ਕਿ ਉਹ ਆਪਣੇ ਪ੍ਰੇਮੀ ਨੂੰ ਮਿਲ ਸਕੇ।
ਕਿਰਨ ਬਾਲਾ ਜਿਸ ਨੇ ਹੁਣ ਆਪਣਾ ਨਾਂਅ ਆਮਨਾ ਬੀਬੀ ਰੱਖ ਲਿਆ ਹੈ, ਨੇ ਕਿਹਾ ਕਿ ਉਹ ਆਪਣੇ ਮਾਪਿਆਂ ਅਤੇ ਭਰਾ ਨੂੰ ਕਹਿੰਦੀ ਰਹੀ ਪਰ ਉਹ ਨਹੀਂ ਮੰਨੇ। ਉਸ ਨੇ ਕਿਹਾ ਕਿ ਬੱਚਿਆਂ ਸਬੰਧੀ ਵੀ ਉਸ ਨੇ ਕੋਈ ਝੂਠ ਨਹੀਂ ਬੋਲਿਆ। ਆਸਾਨੀ ਨਾਲ ਵੀਜ਼ਾ ਲੈਣ ਦੀ ਖਾਤਿਰ ਉਸ ਨੇ ਆਪਣੇ ਆਪ ਨੂੰ ਤਿੰਨ ਬੱਚਿਆਂ ਦੀ ਮਾਂ ਦੱਸਿਆ ਜਦੋਂਕਿ ਬੱਚੇ ਉਸ ਦੀ ਖਾਲਾ (ਭੈਣ) ਦੇ ਹਨ। ਵੀਡੀਓ ਵਿੱਚ ਉਹ ਆਪਣੇ ਪਤੀ ਆਜ਼ਮ ਮੁਹੰਮਦ ਨਾਲ ਪਾਕਿਸਤਾਨ ਪੱਖੀ ਨਾਅਰੇ ਲਗਾਉਂਦੀ ਵੀ ਨਜ਼ਰ ਆ ਰਹੀ ਹੈ।
ਦੂਜੇ ਪਾਸੇ ਕਿਰਨ ਦੇ ਸਹੁਰੇ ਪਰਿਵਾਰ ਨੇ ਉਸ ਦੀਆਂ ਗੱਲਾਂ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਉਹ ਸਾਰੇ ਦਸਤਾਵੇਜ਼ ਦਿਖਾਏ ਜਿਨ੍ਹਾਂ ਤੋਂ ਸਾਬਿਤ ਹੁੰਦਾ ਹੈ ਕਿ ਤਿੰਨ ਬੱਚੇ ਉਸੇ ਦੇ ਹੀ ਹਨ। ਉਸ ਨੇ ਕਿਹਾ ਕਿ ਬੱਚੇ ਮਾਂ ਨੂੰ ਮਿਲਣ ਲਈ ਤਰਸ ਰਹੇ ਹਨ।
ਕਿਰਨ ਦੇ ਸਹੁਰੇ ਪਰਿਵਾਰ ਨੇ ਦੱਸਿਆ ਕਿ ਹਿੰਦੂ ਪਰਿਵਾਰ ਨਾਲ ਸਬੰਧਤ ਕਿਰਨ ਨੇ ਉਨ੍ਹਾਂ ਦੇ ਲੜਕੇ ਨਰਿੰਦਰ ਸਿੰਘ ਨਾਲ ਸਾਲ 2005 ਵਿਚ ਪ੍ਰੇਮ ਵਿਆਹ ਕਰਵਾਇਆ ਸੀ। 2013 ਵਿੱਚ ਪਤੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਤੋਂ ਬਾਅਦ ਉਹ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਦਿੱਲੀ ਚਲੀ ਗਈ ਪਰ ਉਨ੍ਹਾਂ ਵਲੋਂ ਜ਼ਿੱਦ ਕਰਨ ’ਤੇ ਕੁੱਝ ਮਹੀਨਿਆਂ ਬਾਅਦ ਉਹ ਵਾਪਸ ਆਈ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਿਰਨ ਕਈ ਮਹੀਨਿਆਂ ਤੋਂ ਸੋਸ਼ਲ ਮੀਡੀਆ ’ਤੇ ਰੁਝੀ ਰਹਿੰਦੀ ਸੀ ਜਿਸ ਕਰਕੇ ਬੱਚਿਆਂ ਵੱਲ ਵੀ ਜ਼ਿਆਦਾ ਧਿਆਨ ਨਹੀਂ ਦਿੰਦੀ ਸੀ ਪਰ ਕੋਈ ਉਸ ਨੂੰ ਵਰਜ ਨਹੀਂ ਸਕਦਾ ਸੀ। ਕੁੱਝ ਸਮਾਂ ਪਹਿਲਾਂ ਉਸ ਦੀ ਦਰਾਣੀ ਨੂੰ ਉਸ ਦੇ ਦੁਬਈ ਰਹਿੰਦੇ ਇੱਕ ਵਿਅਕਤੀ ਨਾਲ ਚੈਟ ਕਰਦੇ ਹੋਣ ਦਾ ਪਤਾ ਲੱਗਿਆ ਸੀ। ਕਿਰਨ ਨੇ ਉਸ ਨੂੰ ਦੱਸਿਆ ਕਿ ਇਸ ਵਿਅਕਤੀ ਨੇ ਉਸ ਨੂੰ ਸਾਢੇ 14 ਹਜ਼ਾਰ ਰੁਪਏ ਬੈਂਕ ਰਾਹੀਂ ਭੇਜੇ ਹਨ।
ਸਾਹਮਣੇ ਆਈ ਵੀਡੀਓ ਤੋਂ ਸਪਸ਼ਟ ਹੋ ਗਿਆ ਹੈ ਕਿ ਕਿਰਨ ਉਸੇ ਵਿਅਕਤੀ ਨਾਲ ਗੱਲ ਕਰਦੀ ਸੀ ਜਿਸ ਨਾਲ ਉਸ ਨੇ ਨਿਕਾਹ ਕਰਵਾਇਆ ਹੈ।

Facebook Comment
Project by : XtremeStudioz