Close
Menu

ਕੇਜਰੀਵਾਲ ਤੇ ਕੀਰਤੀ ਨੇ ਡੀਡੀਸੀਏ ਬਾਰੇ ਬਿਆਨ ਵਾਪਸ ਲਏ

-- 16 February,2019

ਨਵੀਂ ਦਿੱਲੀ, 16 ਫਰਵਰੀ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਕ੍ਰਿਕਟਰ ਤੋਂ ਸੰਸਦ ਮੈਂਬਰ ਬਣੇ ਕੀਰਤੀ ਆਜ਼ਾਦ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਦੋਵਾਂ ਨੇ ਦਿੱਲੀ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ (ਡੀਡੀਸੀਏ) ਨਾਲ ਮਾਣਹਾਨੀ ਦੇ ਮੁਕੱਦਮੇ ਵਿੱਚ ਸਮਝੌਤਾ ਕਰ ਲਿਆ ਹੈ। ਦੋਵਾਂ ਆਗੂਆਂ ਨੇ ਜਸਟਿਸ ਆਰ. ਐਸ ਇੰਡਲਾਅ ਨੂੰ ਦੱਸਿਆ ਕਿ ਉਨ੍ਹਾਂ ਡੀਡੀਸੀਏ ਖ਼ਿਲਾਫ਼ ਦਿੱਤੇ ਬਿਆਨ ਵਾਪਸ ਲੈ ਲਏ ਹਨ। ਡੀਡਸੀਏ ਵੱਲੋਂ ਦੱਸਿਆ ਕਿ ਦੋਵਾਂ ਆਗੂਆਂ ਦੀ ਬਿਆਨ ਵਾਪਸੀ ਮਗਰੋਂ ਉਨ੍ਹਾਂ ਖ਼ਿਲਾਫ਼ 5 ਕਰੋੜ ਰੁਪਏ ਦਾ ਮਾਣਹਾਨੀ ਦਾ ਮਾਮਲਾ ਵਾਪਸ ਲੈ ਲਿਆ ਹੈ। ਦੋਵਾਂ ਧਿਰਾਂ ਵੱਲੋਂ ਸਮਝੌਤਾ ਕਰਨ ਬਾਰੇ ਦੱਸਣ ਮਗਰੋਂ ਦਿੱਲੀ ਹਾਈ ਕੋਰਟ ਨੇ ਕੇਸ ਖਾਰਜ ਕਰ ਦਿੱਤਾ। ਸ੍ਰੀ ਕੇਜਰੀਵਾਲ ਦੇ ਵਕੀਲ ਅਨੁਪਮ ਸ੍ਰੀਵਾਸਤਵ ਨੇ ਅਦਾਲਤ ਨੂੰ ਦੱਸਿਆ ਕਿ ਸ੍ਰੀ ਕੇਜਰੀਵਾਲ ਨੇ ਡੀਡੀਸੀਏ ਖ਼ਿਲਾਫ਼ ਵਿੱਤੀ ਗੜਬੜੀ ਦੇ ਦੋਸ਼ ਲਾਉਣ ਵਾਲੇ ਬਿਆਨ ਵਾਪਸ ਲੈਣ ਬਾਰੇ ਪੱਤਰ ਡੀਡੀਸੀਏ ਦੇ ਵਕੀਲ ਪ੍ਰਦੀਪ ਛਿੰਦਰਾ ਨੂੰ ਦੇ ਦਿੱਤਾ ਹੈ। ਦੋਵਾਂ ਆਗੂਆਂ ਨੇ ਪੱਤਰ ਵਿੱਚ ਬਿਆਨ ਵਾਪਸ ਲੈਣ ਦਾ ਕਾਰਨ ਨਹੀਂ ਦੱਸਿਆ। ‘ਡੀਡੀਸੀਏ’ ਬਾਰੇ ਦਿੱਤੇ ਬਿਆਨਾਂ ਮਗਰੋਂ ਕੀਰਤੀ ਆਜ਼ਾਦ ਨੂੰ ਭਾਜਪਾ ਨੇ ਮੁਅੱਤਲ ਕਰ ਦਿੱਤਾ ਸੀ।

ਹੁਣ ਕਾਂਗਰਸ ’ਚ ਸ਼ਾਮਲ ਹੋਣਗੇ ਕੀਰਤੀ ਆਜ਼ਾਦ

ਭਾਜਪਾ ਤੋਂ ਮੁਅੱਤਲ ਸੰਸਦ ਮੈਂਬਰ ਕੀਰਤੀ ਆਜ਼ਾਦ ਭਲਕੇ ਕਾਂਗਰਸ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਦੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਹਾਜ਼ਰੀ ਵਿੱਚ ਕਾਂਗਰਸ ਦਾ ਹੱਥ ਫੜਨ ਦੀ ਉਮੀਦ ਹੈ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਭਗਵਤ ਝਾਅ ਆਜ਼ਾਦ ਦੇ ਪੁੱਤਰ ਕੀਰਤੀ ਆਜ਼ਾਦ ਦਰਭੰਗਾ ਤੋਂ ਭਾਜਪਾ ਦੇ ਸੰਸਦ ਮੈਂਬਰ ਚੁਣੇ ਗਏ ਸਨ। ਪਹਿਲਾਂ ਆਜ਼ਾਦ ਨੇ ਅੱਜ ਕਾਂਗਰਸ ਵਿੱਚ ਸ਼ਮੂਲੀਅਤ ਕਰਨੀ ਸੀ ਪਰ ਪੁਲਵਾਮਾ ਅਤਿਵਾਦੀ ਹਮਲੇ ਦੇ ਸ਼ਹੀਦਾਂ ਨੂੰ ਨਮਨ ਕਰਦੇ ਹੋਏ ਉਨ੍ਹਾਂ ਸ਼ਨਿਚਰਵਾਰ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ।

Facebook Comment
Project by : XtremeStudioz