Close
Menu

ਖਹਿਰਾ ਤੇ ਡਾ. ਬਲਬੀਰ ਨੇ ਨਸ਼ਿਆਂ ਨਾਲ ਮਰੇ ਨੌਜਵਾਨਾਂ ਦੇ ਪਰਿਵਾਰਾਂ ਨਾਲ ਵੰਡਾਇਆ ਦੁੱਖ

-- 17 July,2018

ਮਹਿਲ ਕਲਾਂ, 17 ਜੁਲਾਈ
ਪਿਛਲੇ ਦਿਨੀਂ ਨਸ਼ੇ ਦੀ ਓਵਰਡੋਜ਼ ਕਾਰਨ ਮਰੇ ਪਿੰਡ ਮਹਿਲ ਖੁਰਦ ਦੇ ਦੋ ਨੌਜਵਾਨਾਂ ਜਸਵਿੰਦਰ ਸਿੰਘ ਅਤੇ ਸੁਖਦੀਪ ਸਿੰਘ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ‘ਆਪ’ ਦੇ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਇਕੱਠੇ ਇੱਥੇ ਪੁੱਜੇ। ਇਸ ਮਗਰੋਂ ‘ਆਪ’ ਵੱਲੋਂ ਮਹਿਲ ਕਲਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਵੀ ਕੀਤੀ ਗਈ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਚਾਰ ਹਫ਼ਤਿਆਂ ਵਿੱਚ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀ ਸਹੁੰ ਖਾ ਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਅਜੇ ਤੱਕ ਵੀ ਨਸ਼ਾ ਖਤਮ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਰਾਜ ਵਿੱਚ ਨਸ਼ਾ ਬੇਤਹਾਸ਼ਾ ਵਧਿਆ ਅਤੇ ਅੱਜ ਕਾਂਗਰਸ ਦੇ ਰਾਜ ਵਿੱਚ ਇਹ ਕੈਂਸਰ ਦੀ ਤਰ੍ਹਾਂ ਫੈਲ ਰਿਹਾ ਹੈ। ‘ਆਪ’ ਦੇ ਅਹੁਦੇਦਾਰਾਂ ਵੱਲੋਂ ਦਿੱਤੇ ਅਸਤੀਫ਼ਿਆਂ ਦੇ ਮਸਲੇ ਨੂੰ ਚਿੰਤਾਜਨਕ ਮੰਨਦਿਆਂ ਸ੍ਰੀ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ਼ ਅਹੁਦਿਆਂ ਤੋਂ ਅਸਤੀਫ਼ੇ ਦਿੱਤੇ ਹਨ, ਮੈਂਬਰਸ਼ਿਪ ਤੋਂ ਨਹੀਂ, ਇਸ ਲਈ ਛੇਤੀ ਹੀ ਮਿਲ-ਬੈਠ ਕੇ ਇਸ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ। ਉਨ੍ਹਾਂ ਅਕਾਲੀ ਦਲ ਵੱਲੋਂ ਸਰਕਾਰੀ ਹੈਲੀਕਾਪਟਰ ’ਤੇ ਕੀਤੇ ਬੇਲੋੜੇ ਖ਼ਰਚੇ ਨੂੰ ਲੋਕਾਂ ਉਤੇ ਬੋਝ ਦੱਸਦਿਆਂ ਕਿਹਾ ਕਿ ਅਕਾਲੀਆਂ ਦੀ ਤਰ੍ਹਾਂ ਮੌਜੂਦਾ ਮੁੱਖ ਮੰਤਰੀ ਵੀ ਹਿਮਾਚਲ ਜਾਣ ਲਈ ਹੈਲੀਕਾਪਟਰ ਦੀ ਵਰਤੋਂ ਕਰਦੇ ਹਨ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਦਾਅਵਾ ਕੀਤਾ ਕਿ ‘ਆਪ’ ਦੇ ਸਾਰੇ ਆਗੂ ਇਕਜੁਟ ਹਨ ਅਤੇ ਨਸ਼ਿਆਂ ਦੇ ਮਸਲੇ ’ਤੇ ਲੋਕਾਂ ਦੀ ਅਵਾਜ਼ ਬਣ ਰਹੇ ਹਨ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਪੰਡੋਰੀ, ਵਿਧਾਇਕ ਗੁਰਮੀਤ ਸਿੰਘ ਹੇਅਰ, ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਢਿੱਲੋਂ ਵੀ ਹਾਜ਼ਰ ਸਨ।

Facebook Comment
Project by : XtremeStudioz