Close
Menu

ਚੀਨ ਨਾਲ ਡੋਕਲਾਮ ‘ਰੇੜਕੇ’ ਦਾ ਹੱਲ ਛੇਤੀ: ਰਾਜਨਾਥ

-- 22 August,2017

ਨਵੀਂ ਦਿੱਲੀ, 22 ਅਗਸਤ
ਭਾਰਤ ਅਤੇ ਚੀਨ ਦਰਮਿਆਨ ਸਿਕਿੱਮ ਸਰਹੱਦ ਉਤੇ ਡੋਕਲਾਮ ਵਿੱਚ ਜਾਰੀ ‘ਰੇੜਕੇ’ ਦਾ ਹੱਲ ਛੇਤੀ ਹੀ ਲੱਭ ਲਿਆ ਜਾਵੇਗਾ। ਇਹ ਗੱਲ ਅੱਜ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਹੀ। ਉਨ੍ਹਾਂ ਕਿਹਾ ਕਿ ਭਾਰਤ ਆਪਣੀ ਪ੍ਰਭੂਤਾ ਦੀ ਰਾਖੀ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ।
ਉਹ ਚੀਨ ਨਾਲ ਲੱਗਦੀ ਭਾਰਤੀ ਸਰਹੱਦ ਦੀ ਰਾਖੀ ਲਈ ਜ਼ਿੰਮੇਵਾਰ ਨੀਮ ਫ਼ੌਜੀ ਦਸਤੇ ਆਈਟੀਬੀਪੀ (ਇੰਡੋ-ਤਿੱਬਤੀਅਨ ਬਾਰਡਰ ਪੁਲੀਸ) ਦੇ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਚੀਨ ਵੱਲੋਂ ਮਸਲੇ ਦੇ ਹੱਲ ਲਈ ਹਾਂਪੱਖੀ ਕਦਮ ਚੁੱਕੇ ਜਾਣਗੇ। ਉਨ੍ਹਾਂ ਕਿਹਾ, ‘‘ਭਾਰਤ ਅਤੇ ਚੀਨ ਦਰਮਿਆਨ ਡੋਕਲਾਮ ’ਚ ਰੇੜਕਾ ਚੱਲ ਰਿਹਾ ਹੈ। ਮੇਰਾ ਖ਼ਿਆਲ ਹੈ ਕਿ ਇਹ ਛੇਤੀ ਹੀ ਹੱਲ ਹੋ ਜਾਵੇਗਾ। ਮੈਨੂੰ ਉਮੀਦ ਹੈ ਕਿ ਚੀਨ ਹਾਂਪੱਖੀ ਕਦਮ ਚੁੱਕੇਗਾ।’’ ਉਨ੍ਹਾਂ ਕਿਹਾ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਭਾਰਤ ਨੇ ਕਦੇ ਕਿਸੇ ਮੁਲਕ ਉਤੇ ਮਾੜੀ ਅੱਖ ਨਹੀਂ ਰੱਖੀ ਤੇ ਇਸ ਨੇ ਕਦੇ ਕਿਸੇ ਮੁਲਕ ਉਤੇ ਹਮਲਾ ਨਹੀਂ ਕੀਤਾ। ਉਨ੍ਹਾਂ ਕਿਹਾ, ‘‘ਅਸੀਂ ਆਪਣੀਆਂ ਸਰਹੱਦਾਂ ਨੂੰ ਫੈਲਾਉਣਾ ਨਹੀਂ ਚਾਹੁੰਦੇ… ਪਰ ਸਾਡੀਆਂ ਸੁਰੱਖਿਆ ਏਜੰਸੀਆਂ ਤੇ ਹਥਿਆਰਬੰਦ ਫ਼ੌਜਾਂ ਆਪਣੀ ਸਰਹੱਦ ਦੀ ਰਾਖੀ ਦੇ ਸਮਰੱਥ ਹਨ।’’ ਗ਼ੌਰਤਲਬ ਹੈ ਕਿ ਡੋਕਲਾਮ ਖ਼ਿੱਤੇ ਵਿੱਚ ਭਾਰਤੀ ਫ਼ੌਜ ਵੱਲੋਂ ਚੀਨ ਨੂੰ ਇਕ ਸੜਕ ਬਣਾਉਣ ਤੋਂ ਰੋਕੇ ਜਾਣ ਕਾਰਨ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਆਹਮੋ-ਸਾਹਮਣੇ ਹਨ। ਇਸ ਖ਼ਿੱਤੇ ਉਤੇ ਚੀਨ ਆਪਣਾ ਹੱਕ ਜਤਾਉਂਦਾ ਹੈ ਤੇ ਭਾਰਤ ਮੰਨਦਾ ਹੈ ਕਿ ਇਹ ਭੂਟਾਨ ਦਾ ਇਲਾਕਾ ਹੈ, ਜਿਸ ਦੀ ਭੂਟਾਨ ਵੀ ਹਾਮੀ ਭਰਦਾ ਹੈ। ਇਸ ਕਾਰਨ ਚੀਨ ਵੱਲੋਂ ਲਗਾਤਾਰ ਭਾਰਤ ਖ਼ਿਲਾਫ਼ ਪ੍ਰਚਾਰ ਕੀਤਾ ਜਾ ਰਿਹਾ ਹੈ।

Facebook Comment
Project by : XtremeStudioz