Close
Menu

ਜਗਤਾਰ ਦੇ ਹੱਕ ’ਚ ਨਾ ਬੋਲਣ ’ਤੇ ਢੇਸੀ ਦੀ ਆਨਲਾਈਨ ਲਾਹ-ਪਾਹ

-- 20 November,2017

ਲੰਡਨ, 20 ਨਵੰਬਰ
ਬਰਤਾਨੀਆ ’ਚ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੱਲੋਂ ਪੰਜਾਬ ’ਚ ਫੜੇ ਗਏ ਜਗਤਾਰ ਸਿੰਘ ਜੌਹਲ ਸਮੇਤ ਸਿੱਖਾਂ ਨਾਲ ਸਬੰਧਤ ਮੁੱਦਿਆਂ ਦੀ ਆਵਾਜ਼ ਬੁਲੰਦ ਨਾ ਕਰਨ ਤੋਂ ਨਾਰਾਜ਼ ਕੁਝ ਵਿਅਕਤੀਆਂ ਨੇ ਆਨਲਾਈਨ ਉਨ੍ਹਾਂ ਦੀ ਲਾਹ-ਪਾਹ ਕਰਦਿਆਂ ਧਮਕੀ ਵੀ ਦਿੱਤੀ ਹੈ। ਸਲੋਹ ਤੋਂ ਜੂਨ ’ਚ ਲੇਬਰ ਪਾਰਟੀ ਦੇ ਸੰਸਦ ਮੈਂਬਰ ਬਣੇ ਚੁਣੇ ਗਏ ਸ੍ਰੀ ਢੇਸੀ ’ਤੇ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਭਾਰਤ ’ਚ ਗ੍ਰਿਫ਼ਤਾਰ ਕੀਤੇ ਗਏ ਬ੍ਰਿਟਿਸ਼ ਸਿੱਖ ਵਿਅਕਤੀ ਦੇ ਮਾਮਲੇ ਨੂੰ ਅਣਗੌਲਿਆਂ ਕਰ ਦਿੱਤਾ। ‘ਦਿ ਸਨ’ ਦੀ ਰਿਪੋਰਟ ਮੁਤਾਬਕ ਸ੍ਰੀ ਢੇਸੀ ਖ਼ਿਲਾਫ਼ ਆਨਲਾਈਨ ਭੜਾਸ ਕੱਢਣ ਦਾ ਸਿਲਸਿਲਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਸੰਸਦ ’ਚ ਉਨ੍ਹਾਂ ਆਪਣੇ ਹਲਕੇ ’ਚ ਰੇਲ ਲਿੰਕ ਬਾਰੇ ਸਵਾਲ ਕੀਤਾ। ਰਿਪੋਰਟ ਮੁਤਾਬਕ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਜਗਤਾਰ ਸਿੰਘ ਦਾ ਮਾਮਲਾ ਉਠਾਉਣਾ ਚਾਹੀਦਾ ਸੀ। ਸੰਸਦ ਮੈਂਬਰ ਨੂੰ ਲਿਖੀ ਇਕ ਟਿੱਪਣੀ ’ਚ ਕਿਹਾ ਗਿਆ,‘‘ਸਿੱਖ ਬ੍ਰਿਟਿਸ਼ ਨਾਗਰਿਕ ਨੂੰ ਪੰਜਾਬ ’ਚ ਤਸੀਹੇ ਦਿੱਤੇ ਜਾ ਰਹੇ ਹਨ ਅਤੇ ਤੁਹਾਨੂੰ ਰੇਲ ਬਾਰੇ ਫਿਕਰ ਹੈ। ਅਖੌਤੀ ਸਿੱਖ ਤੈਨੂੰ ਤਾਂ ਮੂੰਹ ’ਤੇ ਚਪੇੜਾਂ ਪੈਣੀਆਂ ਚਾਹੀਦੀਆਂ ਹਨ।’’ ਸ੍ਰੀ ਢੇਸੀ ਨੇ ਫੇਸਬੁੱਕ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਜਗਤਾਰ ਸਿੰਘ ਦੇ ਮਾਮਲੇ ਨੂੰ ਉਭਾਰਿਆ ਹੈ ਅਤੇ ਉਹ ਲਗਾਤਾਰ ਇਸ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਕੱਲੇ ਸਿੱਖਾਂ ਦੇ ਨੁਮਾਇੰਦੇ ਨਹੀਂ ਹਨ ਜੋ ਸਿਰਫ਼ ਸਿੱਖਾਂ ਦੇ ਮੁੱਦੇ ’ਤੇ ਹੀ ਬੋਲਣ।  

Facebook Comment
Project by : XtremeStudioz