Close
Menu

ਜਸਟਿਸ ਭੰਡਾਰੀ ਨੇ ਮੁੜ ਜਿੱਤੀ ਆਲਮੀ ਅਦਾਲਤ ਦੀ ਚੋਣ

-- 22 November,2017

ਸੰਯੁਕਤ ਰਾਸ਼ਟਰ, 22 ਨਵੰਬਰ
ਭਾਰਤ ਦੇ ਦਲਵੀਰ ਭੰਡਾਰੀ ਦੀ ਅੱਜ ਮੁੜ ਤੋਂ ਕੌਮਾਂਤਰੀ ਨਿਆਂ ਅਦਾਲਤ (ਆਈਸੀਜੇ) ਦੀ ਚੋਣ ਜਿੱਤ ਲਈ ਹੈ। ਉਸ ਨੂੰ ਸੰਯੁਕਤ ਰਾਸ਼ਟਰ ਦੇ ਦੋ ਤਿਹਾਈ ਮੈਂਬਰਾਂ ਦੀ ਹਮਾਇਤ ਹਾਸਲ ਹੋਈ ਜਿਸ ਕਾਰਨ ਵਿਸ਼ਵ ਅਦਾਲਤ ਦੀ ਇਸ ਸੀਟ ਲਈ ਹੋ ਰਹੇ ਸਖ਼ਤ ਮੁਕਾਬਲੇ ’ਚ ਬਰਤਾਨੀਆ ਨੂੰ ਪਿੱਛੇ ਹਟਣਾ ਪਿਆ।
ਦੇਸ਼ ਦੀ ਇਸ ਸਭ ਤੋਂ ਵੱਡੀ ਕੂਟਨੀਤਕ ਜਿੱਤ ਲਈ ਸ੍ਰੀ ਭੰਡਾਰੀ ਨੂੰ ਆਮ ਸਭਾ ਦੀਆਂ 193 ’ਚੋਂ 183 ਵੋਟਾਂ ਅਤੇ ਸੁਰੱਖਿਆ ਕੌਂਸਲ ਦੀਆਂ ਸਾਰੀਆਂ 15 ਵੋਟਾਂ ਹਾਸਲ ਹੋਈਆਂ। ਹੌਗ ਆਧਾਰਤ ਆਈਸੀਜੇ ਦੀ ਇਸ ਖਾਲੀ ਪਈ ਸੀਟ ਦੀ ਚੋਣ ਸੰਯੁਕਤ ਰਾਸ਼ਟਰ ਦੇ ਹੈੱਡ ਕੁਆਰਟਰ ’ਚ ਹੋਈ, ਜਿਸ ’ਚ ਸ੍ਰੀ ਭੰਡਾਰੀ (70) ਨੂੰ ਨੌਂ ਸਾਲਾਂ ਦੀ ਮਿਆਦ ਲਈ ਮੁੜ ਮੈਂਬਰ ਚੁਣ ਲਿਆ ਗਿਆ। ਵੋਟਾਂ ਪੈਣ ਤੋਂ ਇੱਕ ਘੰਟਾ ਪਹਿਲਾਂ ਹੀ ਬਰਤਾਨੀਆ ਦੇ ਇਸ ਦੌੜ ’ਚੋਂ ਆਪਣੇ ਉਮੀਦਵਾਰ ਕ੍ਰਿਸਟੋਫਰ ਗਰੀਨਵੁੱਡ ਦਾ ਨਾਂ ਵਾਪਸ ਲੈ ਲਿਆ ਸੀ।
ਮਾਹਰਾਂ ਅਨੁਸਾਰ ਭੰਡਾਰੀ ਦੀ ਇਸ ਚੋਣ ਨੇ ਦੁਨੀਆਂ ਦੀਆਂ ਮੋਹਰੀ ਤਾਕਤਾਂ ਨੂੰ ਸੁਨੇਹਾ ਦਿੱਤਾ ਹੈ ਕਿ ਹਵਾਵਾਂ ਦਾ ਰੁਖ਼ ਬਦਲ ਰਿਹਾ ਹੈ ਤੇ ਇਹ ਇਸ਼ਾਰਾ ਦਿੱਤਾ ਹੈ ਭਾਰਤ ਨੂੰ ਵੱਧ ਤਵੱਜੋ ਮਿਲ ਰਹੀ ਹੈ। ਆਈਸੀਜੇ 15 ਜੱਜਾਂ ਦਾ ਬੈਂਚ ਹੈ, ਜਿਨ੍ਹਾਂ ’ਚੋਂ 5 ਨੂੰ ਹਰ ਤਿੰਨ ਸਾਲ ਬਾਅਦ ਨੌਂ ਸਾਲਾਂ ਲਈ ਚੁਣਿਆ ਜਾਂਦਾ ਹੈ। ਇਸ ਚੋਣ ਦਾ ਨਤੀਜਾ ਆਉਂਦਿਆਂ ਹੀ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਨੁਮਾਇੰਦੇ ਸਯਦ ਅਕਬਰੁੱਦੀਨ ਨੂੰ ਹੋਰਨਾਂ ਮੁਲਕਾਂ ਦੇ ਨੁਮਾਇੰਦਿਆਂ ਨੇ ਵਧਾਈਆਂ ਦਿੱਤੀਆਂ।
ਇਸੇ ਦੌਰਾਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕੀਤਾ, ‘ਵੰਦੇ ਮਾਤਰਮ। ਭਾਰਤ ਨੇ ਕੌਮਾਂਤਰੀ ਨਿਆਂ ਅਦਾਲਤ ਦੀ ਚੋਣ ਜਿੱਤ ਲਈ। ਜੈ ਹਿੰਦ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਜਿੱਤ ਦਾ ਸਿਹਰਾ ਵਿਦੇਸ਼ ਮੰਤਰੀ ਸੁਸ਼ਵਾ ਸਵਰਾਜ ਨੂੰ ਦਿੰਦਿਆਂ ਸ੍ਰੀ ਭੰਡਾਰੀ ਦੀ ਜਿੱਤ ਤੇ ਸੰਯੁਕਤ ਰਾਸ਼ਟਰ ਦੇ ਮੈਂਬਰਾਂ ਵੱਲੋਂ ਦਿੱਤੀ ਗਈ ਹਮਾਇਤ ਦਾ ਸਵਾਗਤ ਕੀਤਾ।

Facebook Comment
Project by : XtremeStudioz