Close
Menu

ਜੂਨੀਅਰ ਨਿਸ਼ਾਨਚੀਆਂ ਨੇ ਕਾਂਸੀ ਫੁੰਡੀ, ਸੀਨੀਅਰਾਂ ਦੇ ਨਿਸ਼ਾਨੇ ਖੁੰਝੇ

-- 06 September,2018

ਚਾਂਗਵੋਨ (ਕੋਰੀਆ), ਦਿਵਿਆਂਸ਼ ਸਿੰਘ ਪੰਵਾਰ ਅਤੇ ਸ਼੍ਰੇਆ ਅਗਰਵਾਲ ਨੇ ਦਸ ਮੀਟਰ ਏਅਰ ਰਾਈਫਲ ਮਿਕਸਡ ਟੀਮ ਜੂਨੀਅਰ ਵਰਗ ਦਾ ਕਾਂਸੀ ਦਾ ਤਗ਼ਮਾ ਜਿੱਤਿਆ, ਪਰ ਇੱਥੇ ਆਈਐਸਐਸਐਫ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੇ ਚੌਥੇ ਦਿਨ ਭਾਰਤ ਦੇ ਸੀਨੀਅਰ ਨਿਸ਼ਾਨੇਬਾਜ਼ਾਂ ਦੀ ਝੋਲੀ ਖ਼ਾਲੀ ਰਹੀ। ਦਿਵਿਆਂਸ਼ ਅਤੇ ਸ਼੍ਰੇਆ ਨੇ 42 ਟੀਮਾਂ ਦੇ ਕੁਆਲੀਫੀਕੇਸ਼ਨ ਗੇੜ ਵਿੱਚ 834.4 ਅੰਕ ਨਾਲ ਪੰਜਵੇਂ ਸਥਾਨ ’ਤੇ ਰਹਿੰਦਿਆਂ ਪੰਜ ਟੀਮਾਂ ਦੇ ਫਾਈਨਲ ਵਿੱਚ ਥਾਂ ਬਣਾਈ। ਇਨ੍ਹਾਂ ਦੋਵਾਂ ਨੇ ਫਾਈਨਲ ਵਿੱਚ ਕੁੱਲ 435 ਅੰਕ ਨਾਲ ਅੱਜ ਤੀਜਾ ਸਥਾਨ ਹਾਸਲ ਕਰਦਿਆਂ ਕਾਂਸੀ ਦਾ ਤਗ਼ਮਾ ਜਿੱਤਿਆ। ਸੋਫੀਆ ਬੈਨੇਟੀ ਅਤੇ ਮਾਰਕੋ ਸੁਪਿਨੀ ਦੀ ਇਟਲੀ ਦੀ ਜੋੜੀ ਨੇ ਸੋਨਾ, ਜਦਕਿ ਸਾਦੇਘਿਆਨ ਆਰਮੀਨਾ ਅਤੇ ਮੁਹੰਮਦ ਆਮਿਰ ਨੇਕੋਨਾਮ ਦੀ ਇਰਾਨੀ ਜੋੜੀ ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ।
ਇਲਾਵੇਨਿਲ ਵਲਾਰਿਵਾਨ ਅਤੇ ਹਰਦੈ ਹਜ਼ਾਰਿਕਾ ਦੀ ਭਾਰਤ ਦੀ ਇੱਕ ਹੋਰ ਜੋੜੀ ਇਸ ਮੁਕਾਬਲੇ ਵਿੱਚ 829.5 ਅੰਕ ਨਾਲ 13ਵੇਂ ਸਥਾਨ ’ਤੇ ਰਹੀ। ਭਾਰਤ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਤਿੰਨ ਸੋਨੇ, ਤਿੰਨ ਚਾਂਦੀ ਅਤੇ ਤਿੰਨ ਕਾਂਸੀ ਦੇ ਤਗ਼ਮੇ ਜਿੱਤ ਚੁੱਕਿਆ ਹੈ। ਭਾਰਤ ਦਾ ਇਸ ਟੂਰਨਾਮੈਂਟ ਦੇ ਇਤਿਹਾਸ ਦਾ ਇਹ ਸਰਵੋਤਮ ਪ੍ਰਦਰਸ਼ਨ ਹੈ।
ਜੂਨੀਅਰ ਨਿਸ਼ਾਨੇਬਾਜ਼ਾਂ ਦੇ ਚੰਗੇ ਪ੍ਰਦਰਸ਼ਨ ਦੌਰਾਨ ਸੀਨੀਅਰ ਨਿਸ਼ਾਨੇਬਾਜ਼ਾਂ ਨੇ ਨਿਰਾਸ਼ ਕੀਤਾ। ਇਹ ਚੈਂਪੀਅਨ ਟੋਕੀਓ ਵਿੱਚ 2020 ਵਿੱਚ ਹੋਣ ਵਾਲੇ ਓਲੰਪਿਕ ਦਾ ਪਹਿਲਾ ਕੁਆਲੀਫਾਈਂਗ ਟੂਰਨਾਮੈਂਟ ਹੈ ਅਤੇ ਭਾਰਤ ਲਗਾਤਾਰ ਦੂਜੇ ਦਿਨ ਕੋਟਾ ਹਾਸਲ ਕਰਨ ਵਿੱਚ ਅਸਫਲ ਰਿਹਾ ਹੈ।
ਪੁਰਸ਼ 50 ਮੀਟਰ ਰਾਈਫਲ ਪ੍ਰੋ ਮੁਕਾਬਲੇ ਵਿੱਚ ਚੈਨ ਸਿੰਘ 623.9 ਅੰਕਾਂ ਨਾਲ 14ਵੇਂ ਸਥਾਨ ’ਤੇ ਰਿਹਾ। ਏਸ਼ਿਆਈ ਖੇਡਾਂ ਦੇ ਚਾਂਦੀ ਦਾ ਤਗ਼ਮਾ ਜੇਤੂ ਸੰਜੀਵ ਰਾਜਪੂਤ ਨੇ 620.0 ਅੰਕਾਂ ਨਾਲ 48ਵਾਂ ਸਥਾਨ ਹਾਸਲ ਕੀਤਾ। ਚੈਨ ਸਿੰਘ, ਰਾਜਪੂਤ ਅਤੇ ਗਗਨ ਨਾਰੰਗ ਦੀ ਟੀਮ 1856 ਅੰਕਾਂ ਨਾਲ 15ਵੇਂ ਸਥਾਨ ’ਤੇ ਰਹੀ।
ਮਹਿਲਾ 50 ਮੀਟਰ ਰਾਈਫਲ ਪ੍ਰੋਨ ਵਿੱਚ ਤੇਜ਼ਸਵਿਨੀ ਸਾਵੰਤ 617.4 ਅੰਕਾਂ ਨਾਲ 28ਵੇਂ ਸਥਾਨ ’ਤੇ ਰਹੀ। ਸੋਮਵਾਰ ਨੂੰ ਮਹਿਲਾ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿੱਚ ਕੋਟਾ ਹਾਸਲ ਕਰਨ ਵਾਲੀ ਅੰਜੁਮ ਮੋਦਗਿਲ ਨੇ 616.5 ਅੰਕਾਂ ਨਾਲ 33ਵਾਂ ਸਥਾਨ ਹਾਸਲ ਕੀਤਾ, ਜਦੋਂਕਿ ਸ਼੍ਰੇਆ ਸਕਸੈਨਾ 609.5 ਅੰਕਾਂ ਨਾਲ 54ਵੇਂ ਸਥਾਨ ’ਤੇ ਰਹੀ। ਭਾਰਤੀ ਟੀਮ ਨੇ 1848.1 ਅੰਕਾਂ ਨਾਲ ਛੇਵਾਂ ਸਥਾਨ ਹਾਸਲ ਕੀਤਾ।

Facebook Comment
Project by : XtremeStudioz