Close
Menu

ਟਰੰਪ ਅਤੇ ਪੂਤਿਨ ਵਿਚਾਲੇ ਇਤਿਹਾਸਕ ਸਿਖਰ ਵਾਰਤਾ ਸ਼ੁਰੂ

-- 17 July,2018

ਹੇਲਸਿੰਕੀ, 17 ਜੁਲਾਈ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੇ ਰੂਸ ਤੋਂ ਹਮਰੁਤਬਾ ਵਲਾਦੀਮੀਰ ਪੂਤਿਨ ਵਿਚਾਲੇ ਇਤਿਹਾਸਕ ਸਿਖਰ ਵਾਰਤਾ ਅੱਜ ਸ਼ੁਰੂ ਹੋ ਗਈ। ਟਰੰਪ ਨੇ ਜਿਥੇ ‘ਅਸਾਧਾਰਣ ਸਬੰਧਾਂ’ ਦਾ ਵਾਅਦਾ ਕੀਤਾ ਉਥੇ ਪੂਤਿਨ ਨੇ ਕਿਹਾ ਕਿ ਦੁਨੀਆ ਭਰ ਦੇ ਵਿਵਾਦਾਂ ਦਾ ਹੱਲ ਸਮੇਂ ਦੀ ਜ਼ਰੂਰਤ ਹੈ। ਗੰਭੀਰ ਦਿਖ ਰਹੇ ਦੋਵੇਂ ਨੇਤਾਵਾਂ ਨੇ ਸਿਖਰ ਵਾਰਤਾ ਦੀ ਸ਼ੁਰੂਆਤ ’ਤੇ ਪੈ੍ੱਸ ਸਾਹਮਣੇ ਇਹ ਟਿੱਪਣੀਆਂ ਕੀਤੀਆਂ। ਜਿਥੇ ਟਰੰਪ ਨੇ ਬੈਠਕ ਦੀਆਂ ਸੰਭਾਵਨਾਵਾਂ ਨੂੰ ਮੰਨਿਆ ਉਥੇ ਪੂਤਿਨ ਨੇ ਕਿਹਾ, ‘‘ਸਾਡੇ ਸਬੰਧਾਂ ਅਤੇ ਦੁਨੀਆ ਦੀਆਂ ਸਮੱਸਿਆਵਾਂ ਨੂੰ ਲੈ ਕੇ ਇਕ ਮਜ਼ਬੂਤ ਤਰੀਕੇ ਨਾਲ ਗੱਲ ਕਰਨ ਦਾ ਸਮਾਂ ਆ ਗਿਆ ਹੈ।’’ ਟਰੰਪ ਨੇ ਫੁਟਬਾਲ ਵਿਸ਼ਵ ਕੱਪ ਦੀ ਸਫ਼ਲ ਮੇਜ਼ਬਾਨੀ ਕਰਨ ਲਈ ਪੂਤਿਨ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸਿਖਰ ਵਾਰਤਾ ਵਿੱਚ ‘ਵਪਾਰ ਤੋਂ ਲੈ ਕੇ ਸੈਨਾ ਅਤੇ ਮਿਜ਼ਾਈਲ ਤੋਂ ਲੈ ਕੇ ਪਰਮਾਣੂ ਹਥਿਆਰ ਅਤੇ ਚੀਨ ਤੱਕ ਸਾਰੇ ਮੁੱਦਿਆਂ ਉੱਤੇ’ ਚਰਚਾ ਕੀਤੀ ਜਾਵੇਗੀ। ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਦੋ ਦੇਸ਼ਾਂ ਦੇ ਰੂਪ ਵਿੱਚ ਸਾਡੇ ਲਈ ਇਕ ਸ਼ਾਨਦਾਰ ਮੌਕਾ ਹੈ।
ਸਪੱਸ਼ਟ ਰੂਪ ਵਿੱਚ ਕਹਾਂ ਤਾਂ ਪਿਛਲੇ ਸਾਲਾਂ ਤੋਂ ਦੋਵਾਂ ਦੇਸ਼ਾਂ ਦੇ ਸਬੰਧ ਚੰਗੇ ਨਹੀਂ ਰਹੇ ਹਨ।’’ ਟਰੰਪ ਨੇ ਕਿਹਾ ਕਿ ਸਿਖਰ ਵਾਰਤਾ ਵਿੱਚ ਪਰਮਾਣੁ ਨਿਸ਼ਤਰੀਕਰਨ ਦਾ ਮੁੱਦਾ ਸ਼ਾਮਲ ਹੋਵੇਗਾ। ਉਨ੍ਹਾਂ ਕਿਹਾ, ‘‘ਮੈਨੂੰ ਸੱਚ ਲੱਗਦਾ ਹੈ ਕਿ ਦੁਨੀਆ ਸਾਡੇ ਵਿਚਾਲੇ ਚੰਗੇ ਸਬੰਧ ਬਣਦੇ ਦੇਖਣਾ ਚਾਹੁੰਦੀ ਹੈ। ਅਸੀਂ ਦੋ ਵੱਡੀਆਂ ਪਰਮਾਣੂ ਸ਼ਕਤੀਆਂ ਹਾਂ। ਸਾਡੇ ਕੋਲ ਦੁਨੀਆ ਦੇ 90 ਫੀਸਦੀ ਪਰਮਾਣੂ ਹਥਿਆਰ ਹਨ ਅਤੇ ਇਹ ਇਕ ਚੰਗੀ ਚੀਜ਼ ਨਹੀਂ ਹੈ।’’

Facebook Comment
Project by : XtremeStudioz