Close
Menu

ਟੀਮ ਦੇ ਸਾਂਝੇ ਯਤਨਾਂ ਨਾਲ ਹੀ ਖ਼ਿਤਾਬ ਜਿੱਤਣੇ ਸੰਭਵ: ਰੋਹਿਤ

-- 24 May,2017

ਹੈਦਰਾਬਾਦ, ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਆਪਣੀ ਟੀਮ ਦੇ ਤੀਜੀ ਵਾਰ ਇੰਡੀਅਨ ਪ੍ਰੀਮੀਅਰ ਲੀਗ ਦਾ ਖ਼ਿਤਾਬ ਜਿੱਤਣ ਮਗਰੋਂ ਕਿਹਾ ਕਿ ਨਿੱਜੀ ਸ਼ਾਨਦਾਰ ਪ੍ਰਦਰਸ਼ਨ ਨਾਲ ਟੀਮ ਕੁਝ ਮੈਚ ਤਾਂ ਜਿੱਤ ਸਕਦਾ ਹੈ, ਪਰ ਟੂਰਨਾਮੈਂਟ ਜਿੱਤਣ ਲਈ ‘ਟੀਮ ਵਰਕ’ ਦੀ ਜ਼ਰੂਰਤ ਪੈਂਦੀ ਹੈ। ਮੁੰਬਈ ਇੰਡੀਅਨਜ਼ ਨੇ ਆਪਣੇ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਦੀ ਬਦੌਲਤ ਕੱਲ ਰਾਤ ਘੱਟ ਸਕੋਰ ਵਾਲੇ ਫਾਈਨਲ ’ਚ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਨੂੰ ਇੱਕ ਦੌੜ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕੀਤਾ।

ਰੋਹਿਤ ਨੇ ਮੈਚ ਮਗਰੋਂ ਕਿਹਾ, ‘ਮੈਨੂੰ ਲਗਦਾ ਹੈ ਕਿ ਨਿੱਜੀ ਪ੍ਰਦਰਸ਼ਨ ਤੋਂ ਤੁਸੀਂ ਕੁਝ ਮੈਚ ਜਿੱਤ ਸਕਦੇ ਹਨ, ਪਰ ਚੈਂਪੀਅਨਸ਼ਿਪ ਜਿੱਤਣ ਲਈ ਟੀਮ ਦੀ ਇੱਕਜੁੱਟਤਾ ਤੇ ਟੀਮ ਵਰਕ ਦੀ ਜ਼ਰੂਰਤ ਪੈਂਦੀ ਹੈ। ਮੇਰਾ ਮੰਨਣਾ ਹੈ ਕਿ ਇਹ ਚੀਜ਼ਾਂ ਚੈਂਪੀਅਨਸ਼ਿਪ ਜਿੱਤਣ ਲਈ ਕਾਫੀ ਅਹਿਮ ਹਨ।’  ਰੋਹਿਤ ਨੇ ਤਿੰਨਾਂ ਖ਼ਿਤਾਬੀ ਜਿੱਤਾਂ ਨੂੰ ਵਿਸ਼ੇਸ਼ ਕਰਾਰ ਦਿੱਤਾ। ਉਸ ਨੇ ਕਿਹਾ ਕਿ ਸਹੀ ਟੀਮ ਤਿਆਰ ਕਰਨਾ ਜਿੱਤ ਲਈ ਮਹੱਤਵਪੂਰਨ ਸੀ। ਰੋਹਿਤ ਨੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਜੌਹਨਸਨ ਦੀ ਸ਼ਲਾਘਾ ਕੀਤੀ ਜਿਸ ਨੇ ਪਾਰੀ ਦਾ ਆਖਰੀ ਓਵਰ ਸੁੱਟਿਆ ਜਿਸ ’ਚ ਪੁਣੇ ਨੂੰ ਜਿੱਤ ਲਈ 11 ਦੌੜਾਂ ਦੀ ਜ਼ਰੂਰਤ ਸੀ। ਰੋਹਿਤ ਨੇ ਕਿਹਾ ਕਿ ਉਸ ਦੀ ਟੀਮ ’ਚ ਕੁਝ ਅਜਿਹੇ ਮੈਚ ਜਿਤਾਊ ਖਿਡਾਰੀ ਹਨ ਜੋ ਖੁਦ ਨੂੰ ਸਾਬਿਤ ਕਰ ਚੁੱਕੇ ਹਨ। ਮਿਸ਼ੇਲ ਜੌਹਨਸਨ ਕਈ ਵਾਰ ਖੁਦ ਨੂੰ ਸਾਬਿਤ ਕਰ ਚੁੱਕਾ ਹੈ। ਆਸਟਰੇਲੀਆ ਵੱਲੋਂ ਖੇਡਦਿਆਂ ਵੀ ਉਸ ਨੇ ਕਈ ਵਾਰ ਖੁਦ ਨੂੰ ਸਾਬਿਤ ਕੀਤਾ ਹੈ ਤੇ ਮੁੰਬਈ ਲਈ ਵੀ ਉਸ ਨੇ ਅਜਿਹਾ ਕੀਤਾ। ਉਸ ਨੇ ਕਿਹਾ ਕਿ ਪੂਰੇ ਸੀਜ਼ਨ ਦੌਰਾਨ ਉਸ ਦੀ ਮੌਜੂਦਗੀ ਮਹੱਤਵਪੂਰਨ ਰਹੀ। ਮਲਿੰਗਾ ਤੇ ਜਸਪ੍ਰੀਤ ਬੁਮਰਾਹ ਨੂੰ ਡੈੱਥ ਓਵਰਾਂ ਲਈ ਸਭ ਤੋਂ ਵਧੀਆ ਗੇਂਦਬਾਜ਼ ਕਰਾਰ ਦਿੰਦਿਆਂ ਰੋਹਿਤ ਨੇ ਕਿਹਾ ਕਿ ਉਸ ਨੇ ਹਮੇਸ਼ਾ ਪੰਜ ਗੇਂਦਬਾਜ਼ ਨੂੰ ਖਿਡਾਉਣ ਨੂੰ ਪਹਿਲ ਦਿੱਤੀ।

Facebook Comment
Project by : XtremeStudioz