Close
Menu

ਟੀ-20 ਵਿਸ਼ਵ ਕੱਪ: ਭਾਰਤੀ ਮਹਿਲਾ ਟੀਮ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ

-- 12 November,2018

ਗੁਆਨਾ, 12 ਨਵੰਬਰ
ਭਾਰਤ ਨੇ ਅੱਜ ਟੀ-20 ਮਹਿਲਾ ਵਿਸ਼ਵ ਕੱਪ ਦੇ ਦੂਜੇ ਮੈਚ ਵਿੱਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਟੂਰਨਾਮੈਂਟ ਵਿੱਚ ਭਾਰਤ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ ਨੇ ਨਿਊਜ਼ੀਲੈਂਡ ਨੂੰ ਹਰਾਇਆ ਸੀ।
ਭਾਰਤ ਨੇ ਜੇਤੂ ਟੀਚਾ 19 ਓਵਰਾਂ ਵਿੱਚ 137 ਦੌੜਾਂ ਬਣਾ ਕੇ ਪੂਰਾ ਕਰ ਲਿਆ। ਇਸ ਜਿੱਤ ਨਾਲ ਭਾਰਤ ਗਰੁੱਪ ਬੀ ਵਿੱਚ ਸਿਖਰ ’ਤੇ ਪੁੱਜ ਗਿਆ ਹੈ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 134 ਦੌੜਾਂ ਦਾ ਟੀਚਾ ਰੱਖਿਆ ਸੀ। ਪਾਕਿਸਤਾਨ ਲਈ ਬਿਸਮਾਹ ਮਾਰੂਫ਼ ਅਤੇ ਨਿਦਾਡਾਰ ਨੇ ਭਾਰਤ ਦੀ ਕਮਜ਼ੋਰ ਫੀਲਡਿੰਗ ਦਾ ਫਾਇਦਾ ਚੁੱਕਦਿਆਂ ਨੀਮ ਸੈਂਕੜੇ ਜੜੇ। ਇਸ ਦੌਰਾਨ ਪਾਕਿਸਤਾਨ ਨੂੰ ਪਿਚ ਨੂੰ ਨੁਕਸਾਨ ਪਹੁੰਚਾਉਣ ਬਦਲੇ ਦੋ ਵਾਰ 5 ਦੌੜਾਂ ਦੀ ਪੈਨਲਟੀ ਲਗਾਈ ਗਈ। ਇਸ ਤਰ੍ਹਾਂ ਭਾਰਤੀ ਪਾਰੀ 10 ਦੌੜਾਂ ਤੋਂ ਸ਼ੁਰੂ ਹੋਈ। ਭਾਰਤ ਵੱਲੋਂ ਪੂਨਮ ਯਾਦਵ ਅਤੇ ਦਿਆਲਨ ਹੇਮਲਤਾ ਨੇ ਦੋ ਦੋ ਵਿਕਟਾਂ ਲਈਆਂ। ਭਾਰਤ ਵੱਲੋਂ ਮਿਤਾਲੀ ਰਾਜ ਨੇ 56 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ 7 ਚੌਕੇ ਸ਼ਾਮਲ ਹਨ। ਹੋਰਨਾਂ ਬੱਲੇਬਾਜ਼ਾਂ ਵਿੱਚ ਸਮ੍ਰਿਤੀ ਮੰਧਾਨਾ ਤੇ ਰੌਡਰਿਗਜ਼ ਨੇ ਕ੍ਰਮਵਾਰ 26 ਤੇ 16 ਦੌੜਾਂ ਦਾ ਯੋਗਦਾਨ ਪਾਇਆ। ਹਰਮਨਪ੍ਰੀਤ ਕੌਰ ਤੇ ਵੇਦਾ ਕਿ੍ਸ਼ਨਾਮੂਰਤੀ ਕ੍ਰਮਵਾਰ 14 ਅਤੇ 8 ਦੌੜਾਂ ਬਣਾ ਕੇ ਨਾਬਾਦ ਰਹੀਆਂ। ਪਾਕਿਸਤਾਨ ਲਈ ਡਾਇਨਾ ਬੇਗ, ਨਿਦਾਡਾਰ ਅਤੇ ਬਿਸਮਾਹ ਮਾਰੂਫ ਨੇ ਇਕ ਇਕ ਵਿਕਟ ਲਈ।

Facebook Comment
Project by : XtremeStudioz