Close
Menu

ਦੇਸ਼ ਅਜੇ ਵੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸੁਪਨਿਆਂ ਦੀ ਆਜ਼ਾਦੀ ਤੋਂ ਕੋਹੋ ਦੂਰ-ਭਗਵੰਤ ਮਾਨ

-- 23 March,2019

‘ਆਪ’ ਨੇ ਖਟਕੜਕਲਾਂ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਨੂੰ ਸਮਰਪਿਤ ਕਲੰਡਰ ਕੀਤਾ ਜਾਰੀ

ਚੰਡੀਗੜ੍ਹ, 23 ਮਾਰਚ 2019
ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ‘ਤੇ ਅੱਜ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਸ਼ਹੀਦ ਦੇ ਪਿੰਡ ਖਟਕੜ ਕਲਾਂ ਜਾ ਕੇ ਸ਼ਰਧਾ ਦੇ ਫ਼ੁਲ ਭੇਂਟ ਕੀਤੇ।
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ, ਗੜ੍ਹਸ਼ੰਕਰ ਤੋਂ ‘ਆਪ’ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ, ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਧੋਆ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ‘ਆਪ’ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਹੋਰ ਆਗੂਆਂ ਨੇ ਸ਼ਹੀਦ ਦੀ ਯਾਦਗਾਰ ‘ਤੇ ਜਾ ਕੇ ਦਰਸ਼ਨ ਕੀਤੇ।
ਇਸ ਮੌਕੇ ਬੋਲਦਿਆਂ ਭਗਵੰਤ ਮਾਨ ਨੇ ਕਿਹਾ ਕਿ ਆਜ਼ਾਦੀ ਦੇ 71 ਸਾਲ ਬੀਤ ਜਾਣ ਤੋਂ ਬਾਅਦ ਵੀ ਦੇਸ਼ ਅਜੇ ਸਹੀ ਅਰਥਾਂ ਵਿਚ ਆਜ਼ਾਦੀ ਪ੍ਰਾਪਤ ਨਹੀਂ ਕਰ ਸਕਿਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਇਕ ਅਜਿਹੇ ਦੇਸ਼ ਦਾ ਸੁਪਨਾ ਲਿਆ ਸੀ, ਜਿਸ ਵਿਚ ਹਰ ਵਿਅਕਤੀ ਨੂੰ ਵਿਚਾਰਾਂ ਦੀ ਆਜ਼ਾਦੀ ਹੋਵੇ। ਉਨ੍ਹਾਂ ਕਿਹਾ ਕਿ ਸ਼ਹੀਦਾਂ ਨੇ ਧਰਮ, ਜਾਤੀ, ਭਾਸ਼ਾ, ਰੰਗ ਆਦਿ ਤੋਂ ਉੱਪਰ ਇਕ ਭਾਰਤ ਦਾ ਸੁਪਨਾ ਲਿਆ ਸੀ ਪਰੰਤੂ ਅਜੇ ਵੀ ਸਮਾਜ ਇਨ੍ਹਾਂ ਅਲਾਮਤਾਂ ਨਾਲ ਜੂਝ ਰਿਹਾ ਹੈ।
ਮਾਨ ਨੇ ਕਿਹਾ ਕਿ ਜਦੋਂ ਤੱਕ ਗ਼ਰੀਬ ਅਤੇ ਦੱਬੇ ਕੁਚਲੇ ਵਰਗ ਨੂੰ ਉਨ੍ਹਾਂ ਦੇ ਹੱਕ ਨਹੀਂ ਮਿਲਦੇ ਉਦੋਂ ਤੱਕ ਆਜ਼ਾਦੀ ਦੇ ਸਹੀ ਅਰਥ ਨਹੀਂ ਮੰਨੇ ਜਾ ਸਕਦੇ। ਉਨ੍ਹਾਂ ਨੌਜਵਾਨਾਂ ਨੂੰ ਹੋਕਾ ਦਿੰਦੇ ਹੋਏ ਕਿਹਾ ਕਿ ਉਹ ਸਾਰੀਆਂ ਅਲਾਮਤਾਂ ਤੋਂ ਉੱਪਰ ਉੱਠਦੇ ਹੋਏ ਇਕ ਨਰੋਏ ਸਮਾਜ ਦੀ ਸਿਰਜਨਾ ਕਰਨ ਵਿਚ ਸਾਥ ਦੇਣ ਤਾਂ ਜੋ ਸ਼ਹੀਦਾਂ ਦੇ ਸੁਪਨੇ ਸਾਕਾਰ ਕੀਤੇ ਜਾ ਸਕਣ।
ਸਰਕਾਰ ਪਾਸੋਂ ਮੰਗ ਕਰਦਿਆਂ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਊਧਮ ਸਿੰਘ ਅਤੇ ਹੋਰ ਸੂਰਬੀਰ ਜਿੰਨਾ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕੀਤੀ ਨੂੰ ਸਰਕਾਰੀ ਦਸਤਾਵੇਜ਼ਾਂ ਵਿਚ ਸ਼ਹੀਦ ਐਲਾਨ ਕਰਨ। ਉਨ੍ਹਾਂ ਮੰਗ ਕੀਤੀ ਕਿ ਮੋਹਾਲੀ ਅੰਤਰ ਰਾਸ਼ਟਰੀ ਏਅਰਪੋਰਟ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਅੰਤਰ ਰਾਸ਼ਟਰੀ ਏਅਰਪੋਰਟ ਰੱਖਿਆ ਜਾਵੇ।
ਵਿਧਾਇਕ ਰੋੜੀ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਸ਼ਹੀਦਾਂ ਤੋਂ ਸੇਧ ਲੈਂਦੇ ਹੋਏ ਸਮਾਜ ਵਿਚੋਂ ਜਾਤ-ਪਾਤ, ਗ਼ਰੀਬ ਅਤੇ ਅਸਮਾਨਤਾ ਨੂੰ ਜੜ੍ਹੋਂ ਪੁੱਟਣ ਲਈ ਕਾਰਜ ਕਰਨਾ ਚਾਹੀਦਾ ਹੈ।
ਨਰਿੰਦਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਅਸੀਂ ਭਾਗਾਂ ਵਾਲੇ ਹਾਂ ਕਿ ਸਾਨੂੰ ਸੇਧ ਦੇਣ ਲਈ ਸ਼ਹੀਦ ਸਾਡੇ ਅੰਗ-ਸੰਗ ਹਨ। ਉਨ੍ਹਾਂ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਸ਼ਹੀਦਾਂ ਦੇ ਦੱਸੇ ਹੋਏ ਰਸਤੇ ‘ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ਕਲੰਡਰ ਵੀ ਜਾਰੀ ਕੀਤਾ ਗਿਆ।
ਇਸ ਮੌਕੇ ਜਿਲਾ ਪ੍ਰਧਾਨ ਨਵਾਂ ਸ਼ਹਿਰ ਰਜਿੰਦਰ ਸ਼ਰਮਾ, ਜਿਲਾ ਪ੍ਰਧਾਨ ਮੋਹਾਲੀ ਹਰੀਸ਼ ਕੌਸ਼ਲ, ਉਪ ਪ੍ਰਧਾਨ ਮਾਲਵਾ ਜੋਨ-3 ਦਿਲਾਵਰ ਸਿੰਘ, ਬੁੱਧੀਜੀਵੀ ਵਿੰਗ ਦੇ ਮੋਹਾਲੀ ਤੋਂ ਪ੍ਰਧਾਨ ਗੁਰਮੇਲ ਸਿੰਘ ਕਾਹਲੋਂ, ਉਪ ਪ੍ਰਧਾਨ ਮਹਿਲਾ ਵਿੰਗ ਬਲਵਿੰਦਰ ਕੌਰ ਭਨੌੜਾ, ਜਿਲਾ ਪ੍ਰਧਾਨ ਕਿਸਾਨ ਵਿੰਗ ਮੋਹਾਲੀ ਦਲਬਾਗ ਸਿੰਘ, ਬੰਗਾ ਤੋਂ ਬਲਾਕ ਪ੍ਰਧਾਨ ਰਣਵੀਰ ਸਿੰਘ ਰਾਣਾ ਅਤੇ ਜਨਰਲ ਸਕੱਤਰ ਬਲਵੀਰ ਸਿੰਘ ਕਾਰਡਰਾਣਾ ਆਦਿ ਹਾਜਰ ਸਨ।

Facebook Comment
Project by : XtremeStudioz