Close
Menu

ਧੀਆਂ ਦਾ ਡਟ ਕੇ ਸਾਥ ਦੇਣ ਮਾਪੇ: ਤੇਂਦੁਲਕਰ

-- 12 October,2017

ਨਵੀਂ ਦਿੱਲੀ, 12 ਅਕਤੂਬਰ:  ਭਾਰਤੀ ਕ੍ਰਿਕਟ ਸਟਾਰ ਸਚਿਨ ਤੇਂਦੁਲਕਰ ਦਾ ਕਹਿਣਾ ਹੈ ਕਿ ਹਰ ਖੇਤਰ ਵਿੱਚ ਔਰਤਾਂ ਨੂੰ ਆਪਣੇ ਸੁਫ਼ਨੇ ਪੂੁਰੇ ਕਰਨ ਲਈ ਮੌਕੇ ਮਿਲਣੇ ਚਾਹੀਦੇ ਹਨ। ਕੌਮਾਂਤਰੀ ਬਾਲੜੀ ਦਿਵਸ ਸਬੰਧੀ ਇੱਥੇ ਕਰਵਾਏ ਇੱਕ ਸਮਾਗਮ ਵਿੱਚ ਪੁੱਜੇ ਸਚਿਨ ਤੇਂਦੁਲਕਰ ਨੇ ਕਿਹਾ ਕਿ ਜਦੋਂ ਸੁਫ਼ਨੇ ਕਿਸੇ ਨਾਲ ਵਿਤਕਰਾ ਨਹੀਂ ਕਰਦੇ ਤਾਂ ਫੇਰ ਲੋਕਾਂ ਨੂੰ ਵੀ ਧੀਆਂ ਨਾਲ ਵਿਤਕਰਾ ਕਰਨ ਦਾ ਕੋਈ ਹੱਕ ਨਹੀਂ ਹੈ। ਉਸ ਨੇ ਕਿਹਾ, ‘ਅਜਿਹਾ ਕਿਉਂ ਹੁੰਦਾ ਹੈ, ਮੈਨੂੰ ਨਹੀਂ ਪਤਾ। ਮੇਰਾ ਸੁਫ਼ਨਾ ਸੀ ਕਿ ਭਾਰਤ ਲਈ ਖੇਡਾਂ, ਬਾਲੜ ਵਰੇਸ ਤੋਂ ਹੀ ਮੈਂ ਆਪਣੇ ਸੁਫ਼ਨਾ ਪਿੱਛੇ ਹੋ ਤੁਰਿਆ ਸੀ। ਅਜਿਹਾ ਸਾਰੇ ਬੱਚਿਆਂ ਨਾਲ ਹੋਣਾ ਚਾਹੀਦਾ ਹੈ, ਖ਼ਾਸਕਰ ਧੀਆਂ ਨਾਲ। ਸਿਰਫ਼ ਭਾਰਤ ਹੀ ਨਹੀਂ ਦੁਨੀਆ ਦੇ ਹਰ ਹਿੱਸੇ ਵਿੱਚ ਧੀਆਂ ਨੂੰ ਆਪਣੇ ਸੁਫ਼ਨੇ ਪੂਰੇ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ ਤੇ ਇਸ ਲਈ ਮਾਪਿਆਂ ਦਾ ਯੋਗਦਾਨ ਸਭ ਤੋਂ ਅਹਿਮ ਹੈ। ਲੜਕੀਆਂ ਨੂੰ ਆਜ਼ਾਦੀ ਦਿੱਤੇ ਜਾਣ ਦੀ ਲੋੜ ਹੈ।’ ਇਸੇ ਦੌਰਾਨ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਕਿਹਾ ਕਿ ਮਾਸਟਰ ਬਲਾਸਟਰ ਨੇ ਉਸ ਨੂੰ ਅਗਲੇ ਵਿਸ਼ਵ ਕੱਪ ਵਿੱਚ ਵੀ ਦੇਸ਼ ਦੀ ਅਗਵਾਈ ਕਰਨ ਲਈ ਕਿਹਾ ਹੈ, ਜਿਸ ਤੋਂ ਬਾਅਦ ਉਸ ਨੇ ਖੇਡਣਾ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਪਿਛਲੇ ਵਿਸ਼ਵ ਕੱਪ ਦੌਰਾਨ ਸਚਿਨ ਨੇ ਉਸ ਨੂੰ ਕਿਹਾ ਸੀ ਕਿ ਜੇ ਉਸ (ਮਿਤਾਲੀ) ਨੂੰ ਲੱਗਦਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਉਹ ਚੰਗਾ ਪ੍ਰਦਰਸ਼ਨ ਕਰ ਸਕਦੀ ਹੈ ਤਾਂ ਖੇਡ ਜਾਰੀ ਰੱਖੇ। ਮਿਤਾਲੀ ਨੇ ਕਿਹਾ, ‘ਕੁਝ ਵਰ੍ਹੇ ਪਹਿਲਾਂ ਸਚਿਨ ਨੇ ਮੈਨੂੰ ਇੱਕ ਬੱਲਾ ਦਿੱਤਾ ਸੀ, ਜਿਹੜੇ ਮੇਰੇ ਲਈ ਬਹੁਤ ਚੰਗਾ ਸਾਬਤ ਹੋਇਆ ਤੇ ਮੈਂ ਉਸ ਨਾਲ ਬਹੁਤ ਦੌੜਾਂ ਬਣਾਈਆਂ।’

Facebook Comment
Project by : XtremeStudioz