Close
Menu

ਨਿਊਜ਼ੀਲੈਂਡ ਹਮਲਾ: ਹਮਲਾਵਰ ਦੇ ਟਿਕਾਣਿਆਂ ਉੱਤੇ ਛਾਪੇ

-- 19 March,2019

ਮੈਲਬਰਨ/ਕ੍ਰਾਈਸਟਚਰਚ, ਆਸਟਰੇਲੀਆ ਦੀ ਅਤਿਵਾਦ ਵਿਰੋਧੀ ਪੁਲੀਸ ਨੇ ਨਿਊਜ਼ੀਲੈਂਡ ਵਿੱਚ ਦਹਿਸ਼ਤੀ ਹਮਲੇ ਨੂੰ ਅੰਜਾਮ ਦੇਣ ਵਾਲੇ ਬੰਦੂਕਧਾਰੀ ਬਰੈਂਟਨ ਟੈਰੰਟ ਦੇ ਨਿਊ ਸਾਊਥ ਵੇਲਜ਼ ਵਿੱਚ ਸੈਂਡੀ ਬੀਚ ਤੇ ਲਾਰੈਂਸ ਸਥਿਤ ਘਰਾਂ ਦੀ ਅੱਜ ਤਲਾਸ਼ੀ ਲਈ। ਦੋਵੇਂ ਥਾਵਾਂ ਗਰਾਫ਼ਟਨ ਕਸਬੇ ਨੇੜੇ ਹਨ, ਜਿੱਥੇ ਟੈਰੰਟ ਨੇ ਆਪਣਾ ਬਚਪਨ ਗੁਜ਼ਾਰਿਆ ਹੈ। ਮੁਕਾਮੀ ਪੁਲੀਸ ਦੀ ਇਸ ਕਾਰਵਾਈ ਦਾ ਮੁੱਖ ਮਕਸਦ ਨਿਊਜ਼ੀਲੈਂਡ ਪੁਲੀਸ ਵੱਲੋਂ ਵਿੱਢੀ ਜਾਂਚ ਵਿੱਚ ਮਦਦ ਕਰਨਾ ਹੈ। ਇਸ ਦੌਰਾਨ ਟੈਰੰਟ ਨੇ ਸਰਕਾਰੀ ਵਕੀਲ ਲੈਣ ਤੋਂ ਨਾਂਹ ਕਰਦਿਆਂ ਕਿਹਾ ਕਿ ਉਹ ਇਸ ਕੇਸ ਵਿੱਚ ਆਪਣੇ ਪੈਰਵੀ ਖੁ਼ਦ ਕਰੇਗਾ। ਉਧਰ ਯੋਰੋਸ਼ਲਮ ਦੀ ਇਮੀਗ੍ਰੇਸ਼ਨ ਅਥਾਰਿਟੀ ਨੇ ਦਾਅਵਾ ਕੀਤਾ ਹੈ ਕਿ ਆਸਟਰੇਲੀਅਨ ਨਾਗਰਿਕ ਬਰੈਂਟਨ ਟੈਰੰਟ ਅਕਤੂਬਰ 2016 ਵਿੱਚ ਤਿੰਨ ਮਹੀਨੇ ਦੇ ਟੂਰਿਸਟ ਵੀਜ਼ੇ ’ਤੇ ਇਸਰਾਈਲ ਗਿਆ ਸੀ ਤੇ ਨੌਂ ਦਿਨ ਉਥੇ ਰਿਹਾ ਸੀ। ਇਸ ਦੌਰਾਨ ਨਿਊਜ਼ੀਲੈਂਡ ਕੈਬਨਿਟ ਨੇ ਗੰਨ ਲਾਅਜ਼ ਨੂੰ ਸਖ਼ਤ ਬਣਾਉਣ ਲਈ ਸਹਿਮਤੀ ਦੇ ਦਿੱਤੀ ਹੈ।
ਆਸਟਰੇਲੀਆ ਦੇ ਗ੍ਰਹਿ ਮੰਤਰੀ ਪੀਟਰ ਡਟਨ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਟੈਰੰਟ ਨੇ ਮੁਲਕ ਵਿੱਚ ਮਸਾਂ 45 ਦਿਨ ਬਿਤਾਏ ਹਨ ਤੇ ਉਹਦਾ ਦਾ ਨਾਂ ਕਿਸੇ ਅਜਿਹੀ ਦਹਿਸ਼ਤੀ ਸੂਚੀ ਵਿੱਚ ਵੀ ਨਹੀਂ ਸੀ, ਜੋ ਨਿਗਰਾਨੀ ਹੇਠ ਹੋਵੇ। ਉਨ੍ਹਾਂ ਕਿਹਾ ਕਿ ਮੁਲਕ ਦੀ ਸੁਰੱਖਿਆ ਇੰਟੈਲੀਜੈਂਸ ਸੱਜੇ-ਪੱਖੀ ਸਮੂਹਾਂ ਦੀਆਂ ਸਰਗਰਮੀਆਂ ’ਤੇ ਨੇੜਿਓਂ ਹੋ ਕੇ ਨਜ਼ਰ ਰੱਖ ਰਹੀ ਹੈ।
ਉਧਰ ਇਕ ਸੱਜੇ ਪੱਖੀ ਸੈਨੇਟਰ ਵੱਲੋਂ ਕ੍ਰਾਈਸਟਚਰਚ ਹਮਲੇ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਲਈ ਉਸ ਦੇ ਸਿਰ ’ਤੇ ਆਂਡਾ ਭੰਨਣ ਵਾਲੇ ਆਸਟਰੇਲੀਅਨ ਗੱਭਰੂ ਨੂੰ ਇੰਟਰਨੈੱਟ ’ਤੇ ਨਾਇਕ ਵਜੋਂ ਪ੍ਰਚਾਰਿਆ ਜਾਣ ਲੱਗਾ ਹੈ। ਇਸ ਦੌਰਾਨ ਨਿਊਜ਼ੀਲੈਂਡ ਪੁਲੀਸ ਨੇ ਬੰਬ ਹੋਣ ਦੀ ਝੂਠੀ ਅਫ਼ਵਾਹ ਮਗਰੋਂ ਡੁਨੇਡਿਨ ਹਵਾਈ ਅੱਡੇ ਨੂੰ ਬੰਦ ਕੀਤੇ ਜਾਣ ਦੀ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ।

Facebook Comment
Project by : XtremeStudioz