Close
Menu

ਨਿਊਯਾਰਕ ਵਿੱਚ ਮਿਲਣਗੇ ਸੁਸ਼ਮਾ ਤੇ ਕੁਰੈਸ਼ੀ

-- 21 September,2018

ਨਵੀਂ ਦਿੱਲੀ, 21 ਸਤੰਬਰ
ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਵਿਚਕਾਰ ਨਿਊਯਾਰਕ ਵਿੱਚ ਇਸ ਮਹੀਨੇ ਦੇ ਅਖੀਰ ’ਚ ਹੋਣ ਵਾਲੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਇਜਲਾਸ ਮੌਕੇ ਇਕ ਮੀਟਿੰਗ ਹੋਵੇਗੀ। ਮੀਡੀਆ ਨੂੰ ਇਹ ਜਾਣਕਾਰੀ ਅੱਜ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਦਿੱਤੀ। ਹਾਲਾਂਕਿ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਆਖਿਆ ਕਿ ਇਸ ਮੁਲਾਕਾਤ ਨੂੰ ਪਾਕਿਸਤਾਨ ਪ੍ਰਤੀ ਭਾਰਤ ਦੀ ਨੀਤੀ ਵਿੱਚ ਕਿਸੇ ਕਿਸਮ ਦੀ ਤਬਦੀਲੀ ਨਹੀਂ ਗਿਣਿਆ ਜਾਣਾ ਚਾਹੀਦਾ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਗੱਲਬਾਤ ਦਾ ਏਜੰਡੇ ਨੂੰ ਅਜੇ ਅੰਤਮ ਰੂਪ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੁਸ਼ਮਾ ਸਵਰਾਜ ਯੂਐਨ ਮਹਾਸਭਾ ਮੌਕੇ ਸਾਰਕ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਵੀ ਸ਼ਿਰਕਤ ਕਰਨਗੇ। ਸੰਯੁਕਤ ਰਾਸ਼ਟਰ ਮਹਾਸਭਾ ਦਾ ਨੌਂ ਰੋਜ਼ਾ ਇਜਲਾਸ 25 ਸਤੰਬਰ ਨੂੰ ਸ਼ੁਰੂ ਹੋਵੇਗਾ।
ਤਰਜਮਾਨ ਰਵੀਸ਼ ਕੁਮਾਰ ਨੇ ਇਹ ਵੀ ਦੱਸਿਆ ਕਿ ਬੀਬੀ ਸਵਰਾਜ ਵੱਲੋਂ ਕੌਮਾਂਤਰੀ ਸਰਹੱਦ ’ਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਲਾਂਘਾ ਖੋਲ੍ਹਣ ਦੇ ਮੁੱਦੇ ’ਤੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਇਸ ਸਬੰਧੀ ਬੀਤੇ ਦਿਨੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਨੂੰ ਚਿੱਠੀ ਲਿਖੀ ਸੀ ਪਰ ਅਜੇ ਤੱਕ ਪਾਕਿਸਤਾਨ ਦੀ ਤਰਫ਼ੋਂ ਇਸ ਸਬੰਧੀ ਕੋਈ ਤਜਵੀਜ਼ ਪ੍ਰਾਪਤ ਨਹੀਂ ਹੋਈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਇਹ ਮਾਮਲਾ ਉਭਾਰਿਆ ਸੀ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਇਹ ਮਾਮਲਾ ਉਭਾਰਿਆ ਸੀ। ਜੰਮੂ ਵਿੱਚ ਕੌਮਾਂਤਰੀ ਸਰਹੱਦ ’ਤੇ ਬੀਐਸਐਫ ਦੇ ਇਕ ਜਵਾਨ ਨੂੰ ਬੇਕਿਰਕ ਢੰਗ ਨਾਲ ਮਾਰੇ ਜਾਣ ਬਾਰੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਨੇ ਆਖਿਆ ਕਿ ਭਾਰਤ ਨੇ ਇਸ ਬਾਰੇ ਪਾਕਿਸਤਾਨ ਕੋਲ ਰੋਸ ਦਰਜ ਕਰਾਇਆ ਹੈ ਤੇ ਇਹ ਇਕ ਗੰਭੀਰ ਮੁੱਦਾ ਹੈ ਤੇ ਪਾਕਿਸਤਾਨ ਕੋਲ ਇਹ ਮੁੱਦਾ ਉਠਾਇਆ ਜਾਵੇਗਾ।

ਇਮਰਾਨ ਤੇ ਮੋਦੀ ਦੀ ਖ਼ਤੋ-ਕਿਤਾਬਤ ਦਾ ਅਸਰ
ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਇਕ ਖ਼ਤ ਲਿਖ ਕੇ ਦਹਿਸ਼ਤਗਰਦੀ ਤੇ ਕਸ਼ਮੀਰ ਸਮੇਤ ਅਜਿਹੇ ਸਾਰੇ ਮੁੱਦਿਆਂ ’ਤੇ ਦੁਵੱਲੀ ਗੱਲਬਾਤ ਮੁੜ ਸ਼ੁਰੂ ਕਰਨ ਲਈ ਕਿਹਾ ਹੈ ਜੋ ਆਪਸੀ ਸਬੰਧਾਂ ਲਈ ਚੁਣੌਤੀ ਬਣੇ ਹੋਏ ਹਨ। ਇਸ ਮੁਤੱਲਕ ਵਿਦੇਸ਼ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇਮਰਾਨ ਖ਼ਾਨ ਨੇ ਲੰਘੀ 14 ਸਤੰਬਰ ਨੂੰ ਲਿਖੇ ਇਸ ਖ਼ਤ ਵਿੱਚ ਇਸ ਮਹੀਨੇ ਦੇ ਅਖੀਰ ਵਿੱਚ ਨਿਊ ਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਇਜਲਾਸ ਮੌਕੇ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦਾ ਪ੍ਰਸਤਾਵ ਪੇਸ਼ ਕੀਤਾ ਹੈ। ਖ਼ਤ ਵਿੱਚ ਉਨ੍ਹਾਂ ਲਿਖਿਆ ‘‘ ਸਾਡੇ ਦੋਵਾਂ ਮੁਲਕਾਂ ਵਿਚਕਾਰ ਅਮਨ ਦੀ ਖ਼ਾਹਸ਼ ਦੀ ਬਿਨਾਅ ’ਤੇ ਮੈਂ ਨਿਊਯਾਰਕ ਵਿੱਚ ਹੋਣ ਵਾਲੇ ਯੂਐਨ ਮਹਾਸਭਾ ਦੇ ਇਜਲਾਸ ਮੌਕੇ ਵਿਦੇਸ਼ ਮੰਤਰੀ ਮਖਦੂਮ ਸ਼ਾਹ ਮਹਿਮੂਦ ਕੁਰੈਸ਼ੀ ਤੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਵਿਚਕਾਰ ਮੀਟਿੰਗ ਦਾ ਪ੍ਰਸਤਾਵ ਪੇਸ਼ ਕਰਦਾ ਹਾਂ।’’ ਸ੍ਰੀ ਮੋਦੀ ਵੱਲੋਂ 18 ਅਗਸਤ ਨੂੰ ਲਿਖੇ ਪੱਤਰ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਪਾਕਿਸਤਾਨ ਤੇ ਭਾਰਤ ਦੇ ਸਬੰਧ ਚੁਣੌਤੀਪੂਰਨ ਬਣੇ ਹੋਏ ਹਨ। ਸ੍ਰੀ ਖ਼ਾਨ ਨੂੰ ਲਿਖੇ ਪੱਤਰ ਵਿੱਚ ਸ੍ਰੀ ਮੋਦੀ ਨੇ ਪਾਕਿਸਤਾਨ ਨਾਲ ਸਾਰਥਕ ਤੇ ਉਸਾਰੂ ਗੱਲਬਾਤ ਲਈ ਭਾਰਤ ਦੀ ਪ੍ਰਤੀਬੱਧਤਾ ਦਰਸਾਉਂਦਿਆਂ ਦਹਿਸ਼ਤਗਰਦੀ ਮੁਕਤ ਦੱਖਣੀ ਏਸ਼ੀਆ ਲਈ ਮਿਲ ਕੇ ਕੰਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਸੀ।
ਪਾਕਿਸਤਾਨ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਟਵਿਟਰ ’ਤੇ ਆਖਿਆ ‘‘ਪੀਐਮ ਇਮਰਾਨ ਖ਼ਾਨ ਨੇ ਪੀਐਮ ਮੋਦੀ ਨੂੰ ਹਾਂਦਰੂ ਜਵਾਬ ਭੇਜਿਆ ਤੇ ਇਹੋ ਜਿਹੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ ਹੈ। ਆਓ ਗੱਲਬਾਤ ਸ਼ੁਰੂ ਕਰੀਏ ਤੇ ਸਾਰੇ ਮੁੱਦੇ ਸੁਲਝਾਈਏ। ਸਾਨੂੰ ਭਾਰਤ ਦੇ ਬਾਕਾਇਦਾ ਹੁੰਗਾਰੇ ਦੀ ਉਡੀਕ ਰਹੇਗੀ।’’

Facebook Comment
Project by : XtremeStudioz