Close
Menu

ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੂੰ ਦਿੱਲੀ ਵਿਸ਼ਵ ਕੱਪ ਲਈ ਮਿਲਿਆ ਵੀਜ਼ਾ

-- 19 February,2019

ਨਵੀਂ ਦਿੱਲੀ/ਕਰਾਚੀ, 19 ਫਰਵਰੀ
ਪਾਕਿਸਤਾਨ ਦੇ ਨਿਸ਼ਾਨੇਬਾਜ਼ਾਂ ਨੂੰ ਨਵੀਂ ਦਿੱਲੀ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਸੋਮਵਾਰ ਨੂੰ ਵੀਜ਼ਾ ਮਿਲ ਗਿਆ ਜਿਸ ਨਾਲ ਪੁਲਵਾਮਾ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਟੂਰਨਾਮੈਂਟ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਲੈ ਕੇ ਡਾਵਾਂਡੋਲ ਸਥਿਤੀ ਸਪਸ਼ਟ ਹੋ ਗਈ।
ਇਸ ਤੋਂ ਪਹਿਲਾਂ ਪੁਲਵਾਮਾ ਵਿੱਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਨਿਸ਼ਾਨੇਬਾਜ਼ਾਂ ਦਾ ਨਵੀਂ ਦਿੱਲੀ ਵਿੱਚ ਹੋਣ ਵਾਲੇ ਵਿਸ਼ਵ ਕੱਪ ਵਿੱਚ ਭਾਗ ਲੈਣ ਬਾਰੇ ਸਥਿਤੀ ਸਪਸ਼ਟ ਨਹੀਂ ਸੀ। ਪਾਕਿਸਤਾਨ ਦੇ ਨਿਸ਼ਾਨੇਬਾਜ਼ੀ ਮਹਾਂਸੰਘ ਨੇ ਸੋਮਵਾਰ ਨੂੰ ਕਿਹਾ ਸੀ ਕਿ ਜੇ ਅੱਜ ਸ਼ਾਮ ਛੇ ਵਜੇ ਤਕ ਵੀਜ਼ਾ ਨਾ ਮਿਲਿਆ ਤਾਂ ਖਿਡਾਰੀਆਂ ਨੂੰ ਭਾਰਤ ਨਹੀਂ ਭੇਜਿਆ ਜਾਵੇਗਾ। ਅੰਤਰਰਾਸ਼ਟਰੀ ਨਿਸ਼ਾਨੇਬਾਜ਼ੀ ਖੇਡ ਮਹਾਂਸੰਘ (ਆਈਐਸਐਸਐਫ਼) ਦੇ ਇਹ ਮੁਕਾਬਲੇ ਵੀਰਵਾਰ ਨੂੰ ਨਵੀਂ ਦਿੱਲੀ ਦੇ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ਵਿੱਚ ਸ਼ੁਰੂ ਹੋਣਗੇ। ਇਸ ਨਈ 2020 ਟੋਕੀਓ ਓਲੰਪਿਕ ਲਈ 16 ਕੋਟਾ ਹਾਸਲ ਕੀਤੇ ਜਾ ਸਕਦੇ ਹਨ। ਪਾਕਿਸਤਾਨ ਦੇ ਰਾਸ਼ਟਰੀ ਰਾਈਫਲ ਨਿਸ਼ਾਨੇਬਾਜ਼ੀ ਮਹਾਂ ਸੰਘ ਦੇ ਮੁਖੀ ਰਾਜੀ ਅਹਿਮਦ ਨੇ ਪੀਟੀਆਈ ਨੂੰ ਕਿਹਾ, ‘‘ਅਸੀਂ ਅੱਜ ਸ਼ਾਮ ਛੇ ਵਜੇ ਤਕ ਦਾ ਇੰਤਜ਼ਾਰ ਕਰਾਂਗੇ, ਜੇ ਸਾਨੂੰ ਵੀਜ਼ਾ ਮਿਲ ਜਾਂਦਾ ਹੈ ਤਾਂ ਸਾਡਾ ਦਲ ਦਿੱਲੀ ਰਵਾਨਾ ਹੋਵੇਗਾ। ਪਰ ਜੇ ਅੱਜ ਵੀਜ਼ਾ ਨਾ ਮਿਲਿਆ ਤਾਂ ਅਸੀਂ 21 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਲਈ ਇੰਨੇ ਘੱਟ ਸਮੇਂ ਵਿੱਚ ਉਥੇ ਨਹੀਂ ਜਾ ਸਕਦੇ।’’ ਉਨ੍ਹਾਂ ਕਿਹਾ ਕਿ ਇਸਲਾਮਾਬਾਦ ਸਥਿਤ ਭਾਰਤੀ ਦਫ਼ਤਰ ’ਚ ਕਾਫ਼ੀ ਪਹਿਲਾਂ ਵੀਜ਼ੇ ਲਈ ਅਪਲਾਈ ਕੀਤਾ ਗਿਆ ਸੀ। ਭਾਰਤੀ ਰਾਸ਼ਟਰੀ ਰਾਈਫ਼ਲ ਸੰਘ ਨੇ ਕਿਹਾ ਕਿ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਖਿਡਾਰੀਆਂ ਦੀਆਂ ਅਰਜ਼ੀਆਂ ਨੂੰ ਮਨਜ਼ੁੂਰੀ ਦੇ ਦਿੱਤੀ ਸੀ ਪਰ ਇਹ ਵੱਡੇ ਅਤਿਵਾਦੀ ਹਮਲੇ ਤੋਂ ਪਹਿਲੇ ਦੀ ਸਥਿਤੀ ਸੀ। ਪਾਕਿਸਤਾਨ ਨੇ ਇਸ ਵਿਸ਼ਵ ਕੱਪ ਲਈ ਦੋ ਨਿਸ਼ਾਨੇਬਾਜ਼ਾਂ ਜੀਐਮ ਬਸ਼ੀਰ ਅਤੇ ਖ਼ਲੀਲ ਅਹਿਮਦ ਲਈ ਵੀਜ਼ਾ ਅਪਲਾਈ ਕੀਤਾ ਹੈ। ਦੋਵੇਂ ਨਿਸ਼ਾਨੇਬਾਜ਼ ਰੈਪਿਡ ਫਾਇਰ ਵਰਗ ਦੇ ਹਨ। ਰਾਜੀ ਨੇ ਕਿਹਾ ਕਿ ਦੋਵੇਂ ਖਿਡਾਰੀਆਂ ਦੀ ਹਵਾਈ ਯਾਤਰਾ ਅਤੇ ਹੋਟਲ ਦੇ ਟਿਕਟ ਬੁੱਕ ਕਰਾਏ ਜਾ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਹਥਿਆਰ ਲਿਜਾਉਣ ਲਈ ਐਨਓਸੀ ਵੀ ਪ੍ਰਾਪਤ ਕੀਤਾ ਜਾ ਚੁੱਕਿਆ ਹੈ।

Facebook Comment
Project by : XtremeStudioz