Close
Menu

ਪਾਕਿ ਨੂੰ ਅਤਿਵਾਦੀ ਗਰੁੱਪਾਂ ਨਾਲੋਂ ਕਰਨਾ ਪਵੇਗਾ ਤੋੜ-ਵਿਛੋੜਾ: ਟਿੱਲਰਸਨ

-- 15 December,2017

ਵਾਸ਼ਿੰਗਟਨ, 15 ਦਸੰਬਰ
ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿੱਲਰਸਨ ਨੇ ਚਿਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਦੇ ਸਿਆਸੀ ਆਗੂਆਂ ਨੇ ਜੇ ਹੱਕਾਨੀ ਨੈੱਟਵਰਕ ਅਤੇ ਹੋਰ ਅਤਿਵਾਦੀ ਜਥੇਬੰਦੀਆਂ, ਜਿਨ੍ਹਾਂ ਨੂੰ ਸੁਰੱਖਿਅਤ ਠਾਹਰ ਦਿੱਤੀ ਗਈ ਹੈ, ਨਾਲ ਰਿਸ਼ਤੇ ਨਾ ਤੋੜੇ ਤਾਂ ਮੁਲਕ ਦਾ ਕੰਟਰੋਲ ਉਨ੍ਹਾਂ ਹੱਥੋਂ ਚਲਾ ਜਾਵੇਗਾ। ਉਨ੍ਹਾਂ ਕਿਹਾ, ‘ਅਸੀਂ ਅਤਿਵਾਦ ਦੇ ਸਫ਼ਾਏ ਲਈ ਪਾਕਿਸਤਾਨ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ ਪਰ ਪਾਕਿਸਤਾਨ ਨੂੰ ਹੱਕਾਨੀ ਨੈੱਟਵਰਕ ਅਤੇ ਹੋਰ ਜਥੇਬੰਦੀਆਂ ਨਾਲ ਆਪਣੇ ਰਿਸ਼ਤੇ ਤੋੜਨ ਦੀ ਪ੍ਰਕਿਰਿਆ ਸ਼ੁਰੂ ਕਰਨੀ ਪਵੇਗੀ।’’
ਐਟਲਾਂਟਿਕ ਕੌਂਸਲ-ਕੋਰੀਆ ਫਾਊਂਡੇਸ਼ਨ ਫੋਰਮ ਵੱਲੋਂ ਕਰਵਾਈ ‘ਮੀਟਿੰਗ ਦਿ ਫੌਰਨ ਪਾਲਿਸੀ ਚੈਲੇਂਜਿਜ਼ ਆਫ 2017 ਐਂਡ ਬਿਔਂਡ’ ਬਾਰੇ ਟਿੱਪਣੀਆਂ ਕਰਦਿਆਂ ਸ੍ਰੀ ਟਿੱਲਰਸਨ ਨੇ ਕਿਹਾ ਕਿ ਪਾਕਿਸਤਾਨ ਦੇ ਹੱਕਾਨੀ ਨੈੱਟਵਰਕ ਨਾਲ ਰਿਸ਼ਤਿਆਂ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਚਿਤਾਵਨੀ ਦਿੱਤੀ, ‘‘ਮੈਂ ਇਸ ਗੱਲ ਨੂੰ ਸਮਝਦਾ ਹਾਂ ਕਿ ਇਹ ਰਿਸ਼ਤਾ ਦਹਾਕਾ ਪਹਿਲਾਂ ਚੰਗੇ ਮਕਸਦ ਲਈ ਸ਼ੁਰੂ ਹੋਇਆ ਹੋ ਸਕਦਾ ਹੈ ਪਰ ਹੁਣ ਇਸ ਰਿਸ਼ਤੇ ਨੂੰ ਬਦਲਣਾ ਚਾਹੀਦਾ ਹੈ ਕਿਉਂਕਿ ਜੇ ਉਨ੍ਹਾਂ ਧਿਆਨ ਨਾ ਦਿੱਤਾ ਤਾਂ ਪਾਕਿਸਤਾਨ ਦਾ ਆਪਣੀ ਸਰਜ਼ਮੀਂ ਤੋਂ ਕੰਟਰੋਲ ਖੁੱਸ ਜਾਵੇਗਾ।’’ ਦੱਸਣਯੋਗ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ ਪਾਕਿਸਤਾਨ ਨੂੰ ਅਤਿਵਾਦੀ ਜਥੇਬੰਦੀਆਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਵਾਰ ਵਾਰ ਸੱਦਾ ਦਿੱਤੇ ਜਾਣ ਦੇ ਬਾਵਜੂਦ ਪਾਕਿਸਤਾਨ ਦੇ ਵਿਹਾਰ ਵਿੱਚ ਕੋਈ ਤਬਦੀਲੀ ਨਹੀਂ ਆਈ।

Facebook Comment
Project by : XtremeStudioz