Close
Menu

ਪਾਕਿ ਵਿੱਚ ‘ਜਹਾਦੀ ਜਥੇਬੰਦੀਆਂ ਤੇ ਸਭਿਆਚਾਰ’ ਲਈ ਕੋਈ ਥਾਂ ਨਹੀਂ: ਇਮਰਾਨ

-- 23 March,2019

ਇਸਲਾਮਾਬਾਦ, 23 ਮਾਰਚ
ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਪਾਕਿਸਤਾਨ ਵਿੱਚ ਸਰਗਰਮ ਦਹਿਸ਼ਤੀ ਜਥੇਬੰਦੀਆਂ ਖ਼ਿਲਾਫ਼ ਕਾਰਵਾਈ ਲਈ ਵਧਦੇ ਕੌਮਾਂਤਰੀ ਦਬਾਅ ਦਰਮਿਆਨ ਮੁਲਕ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਮੁਲਕ ਵਿੱਚ ‘ਜਹਾਦੀ ਜਥੇਬੰਦੀਆਂ ਤੇ ਜਹਾਦੀ ਸਭਿਆਚਾਰ’ ਲਈ ਕੋਈ ਥਾਂ ਨਹੀਂ ਹੈ।
‘ਦਿ ਐਕਸਪ੍ਰੈੱਸ ਟ੍ਰਿਬਿਊਨ’ ਨੇ ਦੱਸਿਆ ਕਿ ਇਮਰਾਨ ਖ਼ਾਨ ਨੇ ਵੱਖ ਵੱਖ ਅਖ਼ਬਾਰਾਂ ਦੇ ਸੰਪਾਦਕਾਂ ਤੇ ਉੱਘੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਦੀ ਐਨਡੀਏ ਸਰਕਾਰ ਪਾਕਿਸਤਾਨ ਖ਼ਿਲਾਫ਼ ਨਫ਼ਰਤ ਦੀ ਸਿਆਸਤ ਦੇ ਦਮ ’ਤੇ ਲੋਕ ਸਭਾ ਚੋਣਾਂ ਜਿੱਤਣਾ ਚਾਹੁੰਦੀ ਹੈ। ਵਜ਼ੀਰੇ ਆਜ਼ਮ ਨੇ ਦਾਅਵਾ ਕੀਤਾ ਕਿ ਕੰਟਰੋਲ ਰੇਖਾ ਉੱਤੇ ਸੁਰੱਖਿਆ ਨੂੰ ਲੈ ਕੇ ਉਦੋਂ ਤਕ ਖ਼ਤਰਾ ਬਣਿਆ ਰਹੇਗਾ, ਜਦੋਂ ਤਕ ਭਾਰਤ ਵਿੱਚ ਚੋਣਾਂ ਨਹੀਂ ਹੋ ਜਾਂਦੀਆਂ। ਖ਼ਾਨ ਨੇ ਕਿਹਾ ਕਿ ਪਾਕਿਸਤਾਨ ਦੇ ਸੁਰੱਖਿਆ ਕਰਮੀ ਹਮੇਸ਼ਾ ਤਿਆਰ ਹਨ ਤੇ ਉਹ ਕਿਸੇ ਵੀ ਫ਼ੌਜੀ ਹਮਲੇ ਦਾ ਕਰਾਰ ਜਵਾਬ ਦੇਣਗੇ। ਰੋਜ਼ਨਾਮਚਾ ਡਾਅਨ ਨੇ ਖ਼ਬਰ ਦਿੱਤੀ ਕਿ ਇਮਰਾਨ ਨੇ ਜਹਾਦੀ ਇਤਿਹਾਸ ਤੇ ‘ਜਹਾਦੀ ਸਭਿਆਚਾਰ’ ਦਾ ਜ਼ਿਕਰ ਕਰਦਿਆਂ ਕਿਹਾ, ‘ਇਹ ਸਮੂਹ ਅਫ਼ਗ਼ਾਨਿਸਤਾਨ ਵਿੱਚ ਸੋਵੀਅਤ ਸੰਘ ਖ਼ਿਲਾਫ਼ ਅਮਰੀਕੀ ਅਗਵਾਈ ਵਾਲੀਆਂ ਅਫ਼ਗ਼ਾਨ ਜੰਗਾਂ ਦੇ ਦਿਨਾਂ ਤੋਂ ਹੋਂਦ ਵਿੱਚ ਹਨ ਤੇ ਦਹਾਕਿਆਂ ਤੋਂ ਇਥੋਂ ਆਪਣੀਆਂ ਸਰਗਰਮੀਆਂ ਨੂੰ ਅੰਜਾਮ ਦੇ ਰਹੇ ਹਨ।’ ਵਜ਼ੀਰੇ ਆਜ਼ਮ ਨੇ ਹਾਲਾਂਕਿ ਕਿਹਾ ਕਿ ਉਨ੍ਹਾਂ ਦੇ ਮੁਲਕ ਵਿੱਚ ਅਜਿਹੀ ਕਿਸੇ ਵੀ ਜਥੇਬੰਦੀ ਲਈ ਕੋਈ ਥਾਂ ਨਹੀਂ ਹੈ। ਖਾਨ ਨੇ ਕਿਹਾ ਕਿ ਪਾਕਿਸਤਾਨ ਕੁੱਲ ਆਲਮ ਨੂੰ ਯਕੀਨ ਦਿਵਾਉਣਾ ਚਾਹੁੰਦਾ ਹੈ ਕਿ ਉਹ ਮਹਿਜ਼ ਅਮਨ ਪਸੰਦ ਮੁਲਕ ਹੀ ਨਹੀਂ ਬਲਕਿ ‘ਜਹਾਦੀ ਸਭਿਆਚਾਰ’ ਤੇ ਦਹਿਸ਼ਤਗਰਦੀ ਦੇ ਖ਼ਾਤਮੇ ਲਈ ਵੀ ਇਮਾਨਦਾਰ ਹੈ।

Facebook Comment
Project by : XtremeStudioz