Close
Menu

ਫੋਗਾਟ ਭੈਣਾਂ ਕੌਮੀ ਕੈਂਪ ’ਚੋਂ ਬਾਹਰ

-- 19 May,2018

ਨਵੀਂ ਦਿੱਲੀ, 18 ਮਈ ਭਾਰਤੀ ਕੁਸ਼ਤੀ ਫ਼ੈਡਰੇਸ਼ਨ ਨੇ ਅੱਜ ਕਿਹਾ ਕਿ ‘ਗੰਭੀਰ ਅਨੁਸ਼ਾਸਨਹੀਣਤਾ’ ਦੇ ਚਲਦਿਆਂ ਕੌਮੀ ਕੈਂਪ ਤੋਂ ਲਾਂਭੇ ਕੀਤੀਆਂ ਫੋਗਾਟ ਭੈਣਾਂ ਨੂੰ ਵਾਪਸੀ ਲਈ ਆਪਣੀ ਗੈਰਮੌਜੂਦਗੀ ਦਾ ਕਾਰਨ ਸਪਸ਼ਟ ਕਰਨਾ ਪਏਗਾ। ਉਧਰ ਬਬੀਤਾ ਫੋਗਾਟ ਨੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦੀਆਂ ਛੋਟੀਆਂ ਭੈਣਾਂ ਰਿਤੂ ਤੇ ਸੰਗੀਤਾ ਨੂੰ ਵੀ ਅਨੁਸ਼ਾਸਨਹੀਣਤਾ ਕਰਕੇ ਲਖਨਊ ਵਿੱਚ ਚੱਲ ਰਹੇ ਕੈਂਪ ਤੋਂ ਬਾਹਰ ਦਾ ਰਾਹ ਵਿਖਾ ਦਿੱਤਾ ਗਿਆ ਸੀ। ਡਬਲਿਊਐਫਆਈ ਨੇ ਬਿਨਾਂ ਦੱਸੇ ਕੈਂਪ ਤੋਂ ਬਾਹਰ ਰਹਿਣ ਨੂੰ ਵੱਡੀ ਅਨੁਸ਼ਾਸਨਹੀਣਤਾ ਮੰਨਿਆ ਹੈ। ਫ਼ੈਡਰੇਸ਼ਨ ਦੇ ਮੁਖੀ ਬ੍ਰਿਜਭੂਸ਼ਣ ਸ਼ਰਣ ਸਿੰਘ ਨੇ ਕਿਹਾ, ‘ਕੌਮੀ ਕੈਂਪ ਲਈ ਚੁਣੇ ਪਹਿਲਵਾਨਾਂ ਨੂੰ ਤਿੰਨ ਦਿਨਾਂ ਦੇ ਅੰਦਰ ਰਿਪੋਰਟ ਕਰਨਾ ਹੁੰਦਾ ਹੈ। ਪਰ ਗੀਤਾ, ਬਬੀਤਾ ਤੇ ਹੋਰਨਾਂ 11 ਪਹਿਲਵਾਨਾਂ ਨੇ ਅਜਿਹਾ ਨਹੀਂ ਕੀਤਾ। ਇਹ ਗੰਭੀਰ ਅਨੁਸ਼ਾਸਨਹੀਣਤਾ ਦਾ ਮਾਮਲਾ ਹੈ ਤੇ ਫੈਡਰੇਸ਼ਨ ਦਾ ਮੰਨਣਾ ਹੈ ਕਿ ਕਾਰਵਾਈ ਜ਼ਰੂਰੀ ਹੈ। ਅਸੀਂ ਉਨ੍ਹਾਂ ਨੂੰ ਘਰ ਬੈਠਣ ਤੇ ਆਰਾਮ ਕਰਨ ਲਈ ਕਹਿ ਦਿੱਤਾ ਹੈ।’ ਉਂਜ ਫੈਡਰੇਸ਼ਨ ਦੀ ਇਸ ਪੇਸ਼ਕਦਮੀ ਤੋਂ ਭਾਵ ਹੈ ਕਿ ਫੋਗਾਟ ਭੈਣਾਂ ਸਮੇਤ ਹੋਰ ਪਹਿਲਵਾਨ ਇਸ ਮਹੀਨੇ ਦੇ ਆਖਿਰ ’ਚ ਏਸ਼ਿਆਈ ਖੇਡਾਂ ਲਈ ਹੋਣ ਵਾਲੇ ਚੋਣ ਟ੍ਰਾਇਲ ਤੋਂ ਬਾਹਰ ਹੋ ਸਕਦੇ ਹਨ। ਏਸ਼ਿਆਈ ਖੇਡਾਂ ਅਗਸਤ-ਸਤੰਬਰ ਵਿੱਚ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਹੋਣਗੀਆਂ। ਫੈਡਰੇਸ਼ਨ ਮੁਖੀ ਨੇ ਹਾਲਾਂਕਿ ਕਿਹਾ ਕਿ ਜੇਕਰ ਉਪਰੋਕਤ 13 ਪਹਿਲਵਾਨ ਆਪਣੀ ਇਸ ਹਰਕਤ ਬਾਰੇ ਸਫ਼ਾਈ ਦੇਣ ਤਾਂ ਇਨ੍ਹਾਂ ਨੂੰ ਇਕ ਮੌਕਾ ਦਿੱਤਾ ਜਾ ਸਕਦਾ ਹੈ। ਪੁਰਸ਼ਾਂ ਤੇ ਮਹਿਲਾਵਾਂ ਦਾ ਕੌਮੀ ਕੈਂਪ 10 ਤੋਂ 25 ਮਈ ਸੋਨੀਪਤ ਤੇ ਲਖਨਊ ਵਿੱਚ ਚੱਲ ਰਿਹਾ ਹੈ।

Facebook Comment
Project by : XtremeStudioz