Close
Menu

ਬਲਾਤਕਾਰ ਕੇਸ: ਲੰਗਾਹ ਨੂੰ ਮਿਲੀ ਜ਼ਮਾਨਤ

-- 20 March,2018

ਚੰਡੀਗੜ੍ਹ, ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਬਕਾਇਦਾ ਜ਼ਮਾਨਤ ਮਿਲ ਗਈ। ਡੇਰਾ ਬਾਬਾ ਨਾਨਕ ਤੋਂ ਸਾਬਕਾ ਵਿਧਾਇਕ ਖ਼ਿਲਾਫ਼ ਗੁਰਦਾਸਪੁਰ ਲੋਕ ਸਭਾ ਚੋਣ ਤੋਂ ਠੀਕ 11 ਦਿਨ ਪਹਿਲਾਂ 29 ਸਤੰਬਰ ਨੂੰ ਬਲਾਤਕਾਰ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਜਦੋਂ ਕਿ ਇਸ ਮਗਰੋਂ ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਅਕਾਲੀ ਤੇ ਭਾਜਪਾ ਗੱਠਜੋੜ ਨੂੰ ਹਰਾ ਕੇ ਲੋਕ ਸਭਾ ਦੀ ਚੋਣ ਜਿੱਤ ਗਈ ਸੀ। ਜਸਟਿਸ ਲੀਜ਼ਾ ਗਿੱਲ ਦੀ ਬੈਂਚ ਅੱਗੇ ਲੰਗਾਹ ਦੇ ਵਕੀਲ ਵਜੋਂ ਪੇਸ਼ ਹੁੰਦਿਆਂ ਸੀਨੀਅਰ ਵਕੀਲ ਜਸਜੀਤ ਸਿੰਘ ਬੇਦੀ ਨੇ ਕਿਹਾ ਕਿ ਲੰਗਾਹ ਵਿਰੁੱਧ ਇਹ ਕੇਸ ਰਾਜਨੀਤੀ ਤੋਂ ਪੇ੍ਰਿਤ ਹੋ ਕੇ ਦਰਜ ਕਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਧਿਰ ਵੱਲੋਂ ਲੰਗਾਹ ਵਿਰੁੱਧ ਬਣਾਈ ਗਈ ਕਹਾਣੀ ਨਾਲ ਮਾਮਲੇ ਵਿੱਚ ਦਰਸਾਈ ਗਈ ਪੀੜਤ ਔਰਤ ਸਹਿਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਲੰਗਾਹ ’ਤੇ ਇਹ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਲਗਾਏ ਗਏ ਹਨ ਕਿਉਂਕਿ ਉਨ੍ਹਾਂ ਦੇ ਵਿਰੋਧੀ ਅਜਿਹੇ ਦੋਸ਼ ਲਗਾ ਕੇ ਗੁਰਦਾਸਪੁਰ ਦੀ ਲੋਕ ਸਭਾ ਚੋਣ ਜਿੱਤਣਾ ਚਾਹੁੰਦੇ ਸਨ। ਸ੍ਰੀ ਬੇਦੀ ਨੇ ਦੱਸਿਆ ਕਿ ਲੰਗਾਹ ਦਾ ਕਹਿਣਾ ਹੈ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਉਨ੍ਹਾਂ ਨਾਲ ਰੰਜਿਸ਼ ਰੱਖਦੇ ਹਨ। ਉਨ੍ਹਾਂ ਪੰਜ ਵਾਰ ਵਿਧਾਨ ਸਭਾ ਦੀ ਚੋਣ ਲੜੀ ਹੈ ਤੇ ਦੋ ਵਾਰ ਮੰਤਰੀ ਬਣੇ ਹਨ। ਆਖ਼ਰੀ ਚੋਣਾਂ ਵਿੱਚ ਉਹ ਸੱਤਾਧਾਰੀ ਪਾਰਟੀ ਦੇ ਰੰਧਾਵਾ ਤੋਂ ਕੁਝ ਕੁ ਵੋਟਾਂ ਨਾਲ ਹਾਰੇ ਸਨ। ਇਸੇ ਰੰਜਿਸ਼ ਤਹਿਤ ਉਨ੍ਹਾਂ ਦਾ ਸਿਆਸੀ ਕਤਲ ਕਰਨ ਦੇ ਯਤਨ ਕੀਤੇ ਜਾ ਰਹੇ ਸਨ ਤਾਂ ਜੋ ਉਨ੍ਹਾਂ ਨੂੰ ਚੋਣ ਮੈਦਾਨ ਵਿੱਚੋਂ ਸਦਾ ਲਈ ਪਾਸੇ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸੇ ਮਨੋਰਥ ਨਾਲ ਉਨ੍ਹਾਂ ਵਿਰੁੱਧ ਇਹ ਕੇਸ ਦਰਜ ਕਰਾਇਆ ਗਿਆ ਹੈ।

Facebook Comment
Project by : XtremeStudioz