Close
Menu

ਬਾਬਾ ਡੱਡੂ ਤੇ ਚਲਾਕ ਬਗਲਾ

-- 02 February,2016

ਪਿੰਡ ਦੇ ਬਾਹਰ ਕਈ ਛੱਪੜ ਸਨ। ਮੀਂਹ ਦੀ ਰੁੱਤ ਆਉਂਦੀ ਤਾਂ ਉਹ ਪਾਣੀ ਨਾਲ ਨੱਕੋ-ਨੱਕ ਭਰ ਜਾਂਦੇ। ਨੇੜੇ-ਤੇੜੇ ਦੀਆਂ ਉੱਚੀਆਂ ਥਾਵਾਂ ਤੋਂ ਪਾਣੀ ਉਨ੍ਹਾਂ ਛੱਪੜਾਂ ਵਿੱਚ ਪੈਣ ਨੂੰ ਭੱਜਿਆ ਆਉਂਦਾ। ਘਰਾਂ ਦੀਆਂ ਛੱਤਾਂ ਤੇ ਵਿਹੜਿਆਂ ਦਾ ਪਾਣੀ ਵੀ ਵਗ ਤੁਰਦਾ। ਉਹ ਗਲੀਆਂ ਵਿੱਚੋਂ ਦੀ ਰੁੜ੍ਹਦਾ ਹੋਇਆ ਉਨ੍ਹਾਂ ਵਿੱਚ ਪਹੁੰਚ ਜਾਂਦਾ। ਹਰ ਛੱਪੜ ਬਹੁਤ ਸਾਰੇ ਜੀਵਾਂ ਦਾ ਘਰ ਹੁੰਦਾ ਸੀ। ਉਨ੍ਹਾਂ ਵਿੱਚ ਬਹੁਤੇ ਤਾਂ ਕੱਛੂ ਤੇ ਡੱਡੂ ਹੁੰਦੇ ਸਨ ਜਾਂ ਫੇਰ ਕਈ ਕਿਸਮਾਂ ਦੇ ਛੋਟੇ ਛੋਟੇ ਜੀਵ ਹੁੰਦੇ ਸਨ। ਉਨ੍ਹਾਂ ਬਿਚਾਰੇ ਛੋਟੇ ਜੀਵਾਂ ਦਾ ਤਾਂ ਕੋਈ ਨਾਂ ਵੀ ਨਹੀਂ ਸੀ ਹੁੰਦਾ। ਲੋਕ ਉਨ੍ਹਾਂ ਨੂੰ ਜੀਵ-ਜੰਤੂ ਆਖ ਛੱਡਦੇ। ਆਪਣੇ ਛੱਪੜ ਨੂੰ ਮੀਂਹ ਦੇ ਸੱਜਰੇ ਪਾਣੀ ਨਾਲ ਭਰਿਆ ਦੇਖ ਕੇ ਉਹ ਸਭ ਖ਼ੁਸ਼ ਹੋ ਜਾਂਦੇ।
ਕੱਛੂਆਂ ਨੂੰ ਲੋਕ ਗੂੰਗੇ ਆਖਦੇ। ਕਦੀ ਕਿਸੇ ਨੇ ਉਨ੍ਹਾਂ ਨੂੰ ਬੋਲਦਿਆਂ ਨਹੀਂ ਸੀ ਸੁਣਿਆ। ਛੋਟੇ ਛੋਟੇ ਜੀਵ-ਜੰਤੂਆਂ ਦੀ ਵੀ ਕੋਈ ਆਵਾਜ਼ ਨਾ ਆਉਂਦੀ। ਉਹ ਏਨੇ ਛੋਟੇ ਹੁੰਦੇ ਸਨ ਕਿ ਜੇ ਬੋਲਦੇ ਵੀ ਹੋਏ, ਬਹੁਤ ਹੌਲੀ ਬੋਲਦੇ ਹੋਣਗੇ। ਉਨ੍ਹਾਂ ਨਿੱਕੇ-ਨਿੱਕਿਆਂ ਦਾ ਹੌਲੀ ਹੌਲੀ ਬੋਲਿਆ ਕਿਸੇ ਨੂੰ ਕਿੱਥੋਂ ਸੁਣਾਈ ਦੇਵੇ! ਇੱਕ ਬਸ ਡੱਡੂ ਸਨ ਜੋ ਬੋਲ ਸਕਦੇ ਸਨ। ਮੀਂਹ ਹਟੇ ਤੋਂ ਉਨ੍ਹਾਂ ਵਿੱਚੋਂ ਕਈ ਛੱਪੜ ਵਿੱਚ ਪਏ ਖੁੰਢਾਂ ਉੱਤੇ ਚੜ੍ਹ ਜਾਂਦੇ। ਕਈ ਕਿਨਾਰੇ ਉੱਤੇ ਜਾ ਬੈਠਦੇ। ਉਹ ਭਰੇ ਹੋਏ ਛੱਪੜ ਨੂੰ ਦੇਖ ਕੇ ਖ਼ੁਸ਼ ਹੋ ਜਾਂਦੇ ਤੇ ਗਾਉਣ ਲੱਗਦੇ। ਡੱਡੂ ਅਜਿਹਾ ਜੀਵ ਹੈ ਜੋ ਜਦੋਂ ਚਾਹੇ, ਪੇਟ ਫੁਲਾ ਲੈਂਦਾ ਹੈ। ਛੋਟੇ ਹੋਣ ਦੇ ਬਾਵਜੂਦ ਪੇਟ ਫੁਲਾ ਕੇ ਗਾਇਆ ਉਨ੍ਹਾਂ ਦਾ ਗੀਤ ਦੂਰ ਦੂਰ ਤਕ ਸੁਣਾਈ ਦਿੰਦਾ ਸੀ।
ਉਸ ਜ਼ਮਾਨੇ ਵਿੱਚ ਪਿੰਡਾਂ ਦੇ ਲੋਕ ਅਨਪੜ੍ਹ ਹੁੰਦੇ ਸਨ, ਪਰ ਉਹ ਏਨੇ ਸਮਝਦਾਰ ਸਨ ਕਿ ਛੱਪੜਾਂ ਨੂੰ ਗੰਦਾ ਨਹੀਂ ਸਨ ਕਰਦੇ। ਉਹ ਛੱਪੜਾਂ ਵਿੱਚ ਕੋਈ ਕੂੜਾ-ਕਚਰਾ ਨਹੀਂ ਸਨ ਸੁੱਟਦੇ। ਮਾਵਾਂ-ਭੈਣਾਂ ਛੱਪੜ ਦੇ ਪਾਣੀ ਨਾਲ ਕੱਪੜੇ ਵੀ ਧੋ ਲਿਆਉਂਦੀਆਂ। ਗਰਮੀਆਂ ਵਿੱਚ ਮੁੰਡੇ ਮੱਝਾਂ ਲਿਆ ਕੇ ਪਾਣੀ ਵਿੱਚ ਵਾੜ ਦਿੰਦੇ। ਗਊਆਂ ਤੇ ਬੋਤਿਆਂ ਵਰਗੇ ਹੋਰ ਪਸ਼ੂ ਪਾਣੀ ਵਿੱਚ ਨਹੀਂ ਜਾਂਦੇ, ਪਰ ਮੱਝਾਂ ਪਾਣੀ ਵਿੱਚ ਬਹੁਤ ਖ਼ੁਸ਼ ਰਹਿੰਦੀਆਂ ਹਨ। ਉਹ ਪਾਣੀ ਵਿੱਚ ਬੈਠ ਕੇ ਮੌਜ ਨਾਲ ਜੁਗਾਲੀ ਕਰਦੀਆਂ।
ਬੱਚਿਓ, ਤੁਹਾਨੂੰ ਪਤਾ ਹੈ ਕਿ ਬਹੁਤੇ ਪਸ਼ੂ ਆਪਣੇ ਵਾਂਗ ਚਿੱਥ ਕੇ ਚਾਰਾ ਨਹੀਂ ਖਾਂਦੇ। ਪਹਿਲਾਂ ਉਹ ਚਾਰੇ ਨਾਲ ਪੇਟ ਭਰ ਲੈਂਦੇ ਹਨ ਅਤੇ ਫੇਰ ਆਰਾਮ ਨਾਲ ਬੈਠ ਕੇ ਉਸ ਚਾਰੇ ਨੂੰ ਚਿੱਥਦੇ ਰਹਿੰਦੇ ਹਨ। ਜਿਨ੍ਹਾਂ ਬੱਚਿਆਂ ਨੂੰ ਇਸ ਗੱਲ ਦਾ ਪਤਾ ਨਹੀਂ, ਉਹ ਹੈਰਾਨ ਹੋਣਗੇ ਕਿ ਪਸ਼ੂ ਪੇਟ ਵਿੱਚ ਜਾ ਚੁੱਕੇ ਚਾਰੇ ਨੂੰ ਕਿਵੇਂ ਚਿੱਥ ਸਕਦੇ ਹਨ? ਬੱਚਿਓ, ਉਨ੍ਹਾਂ ਨੂੰ ਕੁਦਰਤ ਨੇ ਮਨੁੱਖਾਂ ਨਾਲੋਂ ਇੱਕ ਵੱਖਰੀ ਸਮਰੱਥਾ ਦਿੱਤੀ ਹੈ। ਉਹ ਪੇਟ ਵਾਲੇ ਅਨਚਿੱਥੇ ਚਾਰੇ ਵਿੱਚੋਂ ਥੋੜ੍ਹਾ ਜਿਹਾ ਵਾਪਸ ਮੂੰਹ ਵਿੱਚ ਲੈ ਆਉਂਦੇ ਹਨ ਤੇ ਉਸ ਨੂੰ ਚੰਗੀ ਤਰ੍ਹਾਂ ਚਿੱਥ ਕੇ ਫੇਰ ਪੇਟ ਵਿੱਚ ਪਾ ਲੈਂਦੇ ਹਨ ਅਤੇ ਪੇਟ ਵਿੱਚੋਂ ਹੋਰ ਅਨਚਿੱਥਿਆ ਚਾਰਾ ਮੂੰਹ ਵਿੱਚ ਲਿਆ ਕੇ ਚਿੱਥਣ ਲੱਗਦੇ ਹਨ। ਇਹਨੂੰ ਜੁਗਾਲੀ ਕਰਨਾ ਕਿਹਾ ਜਾਂਦਾ ਹੈ। ਮੱਝਾਂ ਨੂੰ ਨ੍ਹਾਉਂਦੀਆਂ ਤੇ ਜੁਗਾਲ਼ੀ ਕਰਦੀਆਂ ਦੇਖ ਮੁੰਡੇ ਵੀ ਨ੍ਹਾਉਣ ਲੱਗਦੇ। ਉਹ ਚੁੱਭੀਆਂ ਮਾਰ ਮਾਰ ਕੇ ਨ੍ਹਾਉਂਦੇ। ਕਿਨਾਰੇ ਦੇ ਕਿਸੇ ਬੋਹੜ-ਪਿੱਪਲ ਉੱਤੇ ਉੱਚੇ ਚੜ੍ਹ ਕੇ ਉਹ ਪਾਣੀ ਵਿੱਚ ਛਾਲਾਂ ਲਾਉਂਦੇ।
ਇਹ ਸਭ ਗੱਲਾਂ ਵੀ ਛੱਪੜ ਦੇ ਪਾਣੀ ਨੂੰ ਗੰਦਾ ਨਹੀਂ ਸਨ ਕਰਦੀਆਂ। ਇਨ੍ਹਾਂ ਕਾਰਨ ਪਾਣੀ ਜਿੰਨਾ ਕੁ ਗੰਦਾ ਹੁੰਦਾ, ਉਹ ਆਪਣੇ ਆਪ ਸਾਫ਼ ਹੋ ਜਾਂਦਾ। ਹਵਾ ਦੀ ਆਕਸੀਜਨ, ਪਾਣੀ ਵਿਚਲੇ ਜੀਵ ਤੇ ਛੱਪੜ ਵਿਚਲੇ ਘਾਹ-ਬੂਟੇ, ਸਭ ਮਿਲ ਕੇ ਨਾਲੋ-ਨਾਲ ਪਾਣੀ ਦੀ ਸਫ਼ਾਈ ਕੰਮ ਕਰਦੇ ਰਹਿੰਦੇ। ਹੁਣ ਲੋਕ ਛੱਪੜਾਂ ਵਿੱਚ ਘਰਾਂ ਦਾ ਗੰਦਾ ਪਾਣੀ ਤੇ ਕੂੜਾ-ਕਚਰਾ ਵੀ ਪਾ ਦਿੰਦੇ ਹਨ। ਏਨੇ ਗੰਦ ਨੂੰ ਆਕਸੀਜਨ, ਜੀਵ ਤੇ ਬੂਟੇ-ਬੂਟੀਆਂ ਕਿਵੇਂ ਸਾਫ਼ ਕਰਨ! ਉਲਟਾ ਉਹ ਆਪ ਸਾਹ ਘੁੱਟਣ ਕਰਕੇ ਮਰ ਜਾਂਦੇ ਹਨ।
ਇੱਕ ਛੱਪੜ ਵਿੱਚ ਬਹੁਤ ਸਾਰੇ ਡੱਡਾਂ-ਡੱਡੂ ਰਹਿੰਦੇ ਸਨ। ਉਨ੍ਹਾਂ ਵਿੱਚ ਇੱਕ ਬਾਬਾ ਡੱਡੂ ਸੀ। ਬਾਕੀ ਉਹਦੇ ਪੁੱਤ-ਧੀਆਂ, ਭਤੀਜੇ-ਭਤੀਜੀਆਂ, ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ, ਨੂੰਹਾਂ, ਪੋਤ ਨੂੰਹਾਂ ਅਤੇ ਦੋਹਤ ਨੂੰਹਾਂ ਆਦਿ ਸਨ। ਸਭ ਬਾਬੇ ਦਾ ਬਹੁਤ ਆਦਰ ਕਰਦੇ। ਉਹਦਾ ਆਖਿਆ ਸੁਣਦੇ ਵੀ ਤੇ ਮੰਨਦੇ ਵੀ। ਬਸ, ਉਹਦਾ ਇੱਕ ਨਾਲਾਇਕ ਭਤੀਜਾ ਸੀ। ਉਹ ਬਹੁਤ ਮੂਰਖ ਸੀ। ਕਈ ਵਾਰ ਉਹ ਬਾਬੇ ਦੀ ਗੱਲ ਸੁਣਦਾ-ਮੰਨਦਾ ਨਾ। ਕਦੀ ਕਦੀ ਤਾਂ ਉਹ ਹੋਰ ਡੱਡਾਂ-ਡੱਡੂਆਂ ਕੋਲ ਬਾਬੇ ਦਾ ਮਖੌਲ ਉਡਾਉਣ ਲੱਗਦਾ। ਉਹ ਸਭ ਉਹਨੂੰ ਅਜਿਹਾ ਕਰਨੋਂ ਰੋਕਦੇ, ਪਰ ਉਹ ਸੁਧਰਦਾ ਨਹੀਂ ਸੀ।
ਸ਼ਾਮ ਨੂੰ ਵੱਡੇ-ਛੋਟੇ ਸਭ ਡੱਡਾਂ-ਡੱਡੂ ਬਾਬੇ ਦੁਆਲੇ ਹੋ ਜਾਂਦੇ। ਉਹ ਆਖਦੇ, ‘‘ਬਾਬਾ ਜੀ, ਕੋਈ ਬਾਤ ਸੁਣਾਓ। ਬਾਬਾ ਜੀ, ਸਾਨੂੰ ਕੋਈ ਮੱਤ ਦਿਓ।” ਬਾਬਾ ਉਨ੍ਹਾਂ ਨੂੰ ਰੋਜ਼ ਨਵੀਆਂ ਗੱਲਾਂ ਸੁਣਾਉਂਦਾ, ਖ਼ਾਸ ਕਰਕੇ ਉਹ ਵੈਰੀਆਂ ਤੋਂ ਬਚਣ ਦੇ ਤਰੀਕੇ ਦੱਸਦਾ। ਉਹ ਸਮਝਾਉਂਦਾ,‘‘ਕੁਦਰਤ ਨੇ ਬਹੁਤੇ ਜੀਵਾਂ ਨੂੰ ਇੱਕ ਦੂਜੇ ਦਾ ਭੋਜਨ ਬਣਾਇਆ ਹੈ। ਚਿੜੀਆਂ, ਘੁੱਗੀਆਂ, ਕਬੂਤਰਾਂ ਵਰਗੇ ਕੁਝ ਸਾਊ ਪੰਛੀਆਂ ਨੂੰ ਛੱਡ ਕੇ ਬਹੁਤੇ ਪੰਛੀ ਸਾਨੂੰ ਆਪਣਾ ਭੋਜਨ ਸਮਝਦੇ ਹਨ। ਉਨ੍ਹਾਂ ਦੀ ਨਜ਼ਰ ਕੋਈ ਡੱਡ-ਡੱਡੂ ਪਵੇ ਸਹੀ, ਉਹ ਚੁੰਝ ਵਿੱਚ ਫੜ ਕੇ ਲੈ ਉੱਡਦੇ ਹਨ। ਕੀ ਕਰੀਏ, ਕੁਦਰਤ ਦੀ ਇਹੋ ਰੀਤ ਹੈ। ਅਸੀਂ ਵੀ ਤਾਂ ਸਾਰਾ ਦਿਨ ਨਿੱਕੇ ਨਿੱਕੇ ਜੀਵ-ਜੰਤੂ ਭਾਲਦੇ ਤੇ ਖਾਂਦੇ ਰਹਿੰਦੇ ਹਾਂ। ਇਹ ਸਾਡਾ ਕੰਮ ਹੈ ਕਿ ਅਸੀਂ ਬਚਣਾ ਕਿਵੇਂ ਹੈ? ਸਾਨੂੰ ਆਪਣਾ ਭੋਜਨ ਲੱਭਦਿਆਂ ਜਾਂ ਪਾਣੀ ਵਿੱਚ ਵਿਹਲੇ ਤਰਦਿਆਂ ਕਦੀ ਵੀ ਅਵੇਸਲੇ ਤੇ ਲਾਪਰਵਾਹ ਨਹੀਂ ਹੋਣਾ ਚਾਹੀਦਾ। ਯਾਦ ਰੱਖੋ, ਆਪਣੀ ਨਜ਼ਰ ਕਦੀ ਵੀ ਪੰਛੀਆਂ ਤੋਂ ਹਟਾਓ ਨਾ।”
ਬਾਬਾ ਦੱਸਦਾ, ‘‘ਪੰਛੀਆਂ ਵਿੱਚੋਂ ਸਭ ਤੋਂ ਖ਼ਤਰਨਾਕ ਬਗਲਾ ਹੈ। ਹੋਰ ਪੰਛੀ ਉੱਡਦੇ ਉੱਡਦੇ ਝਪਟਦੇ ਹਨ। ਉਨ੍ਹਾਂ ਨੂੰ ਝਪਟਦੇ ਦੇਖ ਕੇ ਅਸੀਂ ਝੱਟ ਡੂੰਘੇ ਪਾਣੀ ਵਿੱਚ ਜਾ ਸਕਦੇ ਹਾਂ। ਬਗਲਾ ਤਾਂ ਸਾਡੇ ਛੱਪੜ ਵਿੱਚ ਆ ਬੈਠਦਾ ਹੈ। ਜਿਉਂ ਹੀ ਕੋਈ ਡੱਡ-ਡੱਡੂ ਸਾਹ ਲੈਣ ਜਾਂ ਬਾਹਰਲਾ ਨਜ਼ਾਰਾ ਲੈਣ ਵਾਸਤੇ ਪਾਣੀ ਵਿੱਚੋਂ ਸਿਰ ਕੱਢਦਾ ਹੈ, ਉਹ ਝਪਟਾ ਮਾਰਦਾ ਹੈ। ਬਗਲਾ ਇਸ ਕਰਕੇ ਹੋਰ ਵੀ ਖ਼ਤਰਨਾਕ ਹੈ ਕਿ ਉਹ ਅੱਖਾਂ ਬੰਦ ਕਰਨ ਦਾ ਪਖੰਡ ਕਰਦਾ ਹੈ, ਪਰ ਉਹ ਅੱਖਾਂ ਥੋੜ੍ਹੀਆਂ ਜਿਹੀਆਂ ਖੁੱਲ੍ਹੀਆਂ ਰੱਖ ਕੇ ਸਭ ਕੁਝ ਦੇਖਦਾ ਰਹਿੰਦਾ ਹੈ। ਜਿਉਂ ਹੀ ਕੋਈ ਡੱਡ-ਡੱਡੂ ਉਹਨੂੰ ਸੁੱਤਾ ਸਮਝ ਕੇ ਅਵੇਸਲਾ ਹੁੰਦਾ ਹੈ, ਉਹ ੳੁਸ ਨੂੰ ਹਡ਼ੱਪ ਕਰ ਜਾਂਦਾ ਹੈ।”
ਅੰਤ ਵਿੱਚ ਬਾਬਾ ਡੱਡੂ ਇੱਕ ਸਿੱਖਿਆ ਜ਼ਰੂਰ ਦਿੰਦਾ। ਉਹ ਆਖਦਾ,‘‘ਮੇਰੇ ਬੱਚਿਓ, ਜੇ ਮੁਸੀਬਤ ਆ ਹੀ ਪਵੇ, ਘਬਰਾਉਣਾ ਨਹੀਂ ਚਾਹੀਦਾ। ਘਬਰਾਉਣਾ ਤਾਂ ਮੌਤ ਦੀ ਗੋਦੀ ਵਿੱਚ ਆਪੇ ਜਾ ਬੈਠਣ ਵਾਲੀ ਗੱਲ ਹੁੰਦੀ ਹੈ। ਅਜਿਹੇ ਵੇਲੇ ਹੋਸ਼ ਕਾਇਮ ਰੱਖਣੀ ਚਾਹੀਦੀ ਹੈ। ਜਿਹੜੇ ਮੌਕੇ ਅਨੁਸਾਰ ਅਕਲ ਤੋਂ ਕੰਮ ਲੈਂਦੇ ਹਨ, ਉਹੋ ਬਚਦੇ ਹਨ।” ਇਹ ਸਭ ਸਮਝਾ ਕੇ ਉਹ ਆਖਦਾ,‘‘ਜਾਓ ਮੇਰੇ ਬੱਚਿਓ, ਹੁਣ ਸੌਂ ਜਾਓ।” ਖੜ੍ਹੇ ਹੁੰਦੇ ਹੋਏ ਸਭ ਆਖਦੇ,‘‘ਠੀਕ ਹੈ, ਬਾਬਾ ਜੀ।”
ਇੱਕ ਦਿਨ ਬਹੁਤ ਹੀ ਬੁਰੀ ਗੱਲ ਹੋ ਗਈ। ਬਾਬੇ ਡੱਡੂ ਨੇ ਅਜੇ ਸਿਰ ਪਾਣੀ ਵਿੱਚੋਂ ਕੱਢਿਆ ਹੀ ਸੀ ਕਿ ਨੇੜੇ ਦੇ ਖੁੰਢ ਉੱਤੇ ਬੈਠੇ ਹੋਏ ਬਗਲੇ ਨੇ ਝਪੱਟਾ ਮਾਰ ਲਿਆ। ਬਾਬੇ ਦਾ ਸਿਰ ਬਗਲੇ ਦੇ ਮੂੰਹ ਵਿੱਚ ਚਲਿਆ ਗਿਆ। ਉਹਦੇ ਚਾਰ-ਚੁਫੇਰੇ ਹਨੇਰਾ ਹੀ ਹਨੇਰਾ ਹੋ ਗਿਆ। ਇੱਕ ਵਾਰ ਤਾਂ ਉਹ ਘਬਰਾ ਗਿਆ। ਇਸ ਜ਼ਾਲਮ ਦੇ ਮੂੰਹ ਵਿੱਚ ਪਹੁੰਚ ਕੇ ਹੁਣ ਮੈਂ ਬਚਣਾ ਕਿੱਥੋਂ ਹੈ! ਝੱਟ ਹੀ ਉਹਨੂੰ ਉਹ ਸਿੱਖਿਆ ਯਾਦ ਆਈ ਜੋ ਉਹ ਸਭ ਨੂੰ ਦਿਆ ਕਰਦਾ ਸੀ। ਉਹਨੇ ਸੋਚਿਆ, ਜੇ ਬਗਲਾ ਮੈਨੂੰ ਖਾ ਗਿਆ, ਇਹ ਮੇਰੀ ਮੌਤ ਹੀ ਨਹੀਂ ਹੋਵੇਗੀ, ਇਸ ਨਾਲ ਸਭ ਦੇ ਹੌਸਲੇ ਟੁੱਟ ਜਾਣਗੇ।
ਬਾਬਾ ਮੋਟਾ-ਨਰੋਆ ਸੀ। ਬਗਲਾ ਉਹਨੂੰ ਆਪਣੇ ਭੀੜੇ ਗਲ ਵਿੱਚੋਂ ਸੌਖਾ ਹੀ ਨਹੀਂ ਸੀ ਲੰਘਾ ਸਕਦਾ। ਉਹ ਉਹਨੂੰ ਹੌਲੀ ਹੌਲੀ ਅੰਦਰ ਕਰ ਰਿਹਾ ਸੀ। ਸਭ ਡੱਡਾਂ-ਡੱਡੂ ਚੀਕਾਂ ਮਾਰਨ ਲੱਗੇ,‘‘ਹਾਇ ਬਾਬਾ ਜੀ, ਹਾਇ ਬਾਬਾ ਜੀ!” ਮੂਰਖ ਡੱਡੂ ਚਾਂਭਲ ਕੇ ਬੋਲਿਆ,‘‘ਹੁਣ ਤਾਂ ਗਿਆ ਆਪਣਾ ਬਾਬਾ ਜੀ! ਆਪਾਂ ਨੂੰ ਬਚਣ ਦੇ ਗੁਰ ਦੱਸਦਾ ਹੁੰਦਾ ਸੀ, ਹੁਣ ਆਪ ਬਚ ਕੇ ਦਿਖਾਵੇ!” ਸਭ ਨੇ ਉਹਨੂੰ ਨਫ਼ਰਤ ਨਾਲ ਦੇਖਿਆ ਤੇ ਕਿਹਾ,‘‘ਬੰਦ ਕਰ ਇਹ ਬਕਵਾਸ।” ਏਨੇ ਨੂੰ ਸਭ ਨੇ ਅਲੋਕਾਰ ਗੱਲ ਦੇਖੀ। ਬਾਬੇ ਨੇ ਦੋਵਾਂ ਹੱਥਾਂ ਨਾਲ ਬਗਲੇ ਦੀ ਸੰਘੀ ਫੜ ਲਈ ਅਤੇ ਨਾਲ ਹੀ ਉਹ ਆਪਣਾ ਪੇਟ ਵੀ ਫੁਲਾਉਣ ਲਗਿਆ। ਹੁਣ ਬਗਲੇ ਦੀਆਂ ਅੱਖਾਂ ਅੱਗੇ ਘੋਰ ਹਨੇਰਾ ਹੋਣ ਲੱਗਿਆ। ਉਹਦਾ ਸਾਹ ਬੰਦ ਹੋ ਚੱਲਿਆ। ਉਹਦੀ ਚੁੰਝ ਪਾਟਣ ਵਾਲੀ ਹੋ ਗਈ। ਸਭ ਡੱਡਾਂ-ਡੱਡੂ ਤਾੜੀਆਂ ਮਾਰਨ ਲੱਗੇ,‘‘ਵਾਹ ਬਾਬਾ ਜੀ, ਵਾਹ ਬਾਬਾ ਜੀ!”
ਬਗਲੇ ਨੇ ਘਬਰਾ ਕੇ ਸਿਰ ਇੱਧਰ-ਉੱਧਰ ਛੰਡਿਆ। ਉਹਨੇ ਸਾਹ ਲੈਣ ਵਾਸਤੇ ਪੂਰਾ ਜ਼ੋਰ ਲਾ ਕੇ ਮੂੰਹ ਖੋਲ੍ਹਣਾ ਚਾਹਿਆ। ਜਿਉਂ ਹੀ ਚੁੰਝ ਢਿੱਲੀ ਹੋਈ, ਬਾਬੇ ਨੇ ਝੱਟ ਪਾਣੀ ਵਿੱਚ ਛਾਲ ਮਾਰ ਦਿੱਤੀ। ਉਹ ਖ਼ੁਸ਼ੀ ਖ਼ੁਸ਼ੀ ਆਪਣੇ ਪਰਿਵਾਰ ਵਿੱਚ ਜਾ ਮਿਲਿਆ। ਸਭ ਨੇ ਪਿਆਰ ਨਾਲ ਬਾਬੇ ਨੂੰ ਜੱਫੀਆਂ ਪਾ ਲਈਆਂ। ਉਹ ਖ਼ੁਸ਼ੀ ਦੇ ਹੰਝੂ ਵਹਾਉਣ ਲੱਗੇ। ਮੂਰਖ਼ ਡੱਡੂ ਸ਼ਰਮਿੰਦਾ ਹੋ ਕੇ ਇੱਕ ਖੁੰਢ ਦੇ ਹੇਠ ਜਾ ਲੁਕਿਆ। ਸਭ ਨੇ ਦੇਖਿਆ, ਬਗਲਾ ਬਾਬੇ ਤੋਂ ਜਾਨ ਬਚਾ ਕੇ ਉੱਚਾ ਹੀ ਉੱਚਾ ਉੱਡਦਾ ਗਿਆ। ਉਸ ਪਿੱਛੋਂ ਕਦੀ ਕਿਸੇ ਨੇ ਉਹਨੂੰ ਛੱਪੜ ਵਿੱਚ ਤਾਂ ਕੀ, ਨੇੜੇ-ਤੇੜੇ ਵੀ ਨਹੀਂ ਦੇਖਿਆ।
ਸ਼ਾਮ ਨੂੰ ਸਾਰੇ ਡੱਡਾਂ-ਡੱਡੂ ਬਾਤ ਸੁਣਨ ਵਾਸਤੇ ਬਾਬੇ ਕੋਲ ਇਕੱਠੇ ਹੋ ਗਏ। ਉਹ ਬੋਲੇ,‘‘ਬਾਬਾ ਜੀ, ਅੱਜ ਹੋਰ ਕੋਈ ਬਾਤ ਨਹੀਂ, ਇਹੋ ਘਟਨਾ ਖੋਲ੍ਹ ਕੇ ਸੁਣਾਓ।” ਬਾਬਾ ਪੂਰਾ ਹਾਲ ਸੁਣਾ ਕੇ ਬੋਲਿਆ‘,‘ਬੱਚਿਓ, ਕੋਈ ਵੀ ਮੁਸੀਬਤ ਆਵੇ।” ਸਭ ਉਹਦੀ ਗੱਲ ਕੱਟ ਕੇ ਬੋਲੇ,‘‘ਘਬਰਾਉਣ ਦੀ ਥਾਂ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ!” ਬਾਬੇ ਦਾ ਹਾਸਾ ਨਿਕਲ ਗਿਆ। ਬਾਕੀ ਸਭ ਵੀ ਉਹਦੇ ਨਾਲ ਹੀ ਹੱਸ ਪਏ। ਏਨੇ ਨੂੰ ਸਭ ਕੀ ਦੇਖਦੇ ਹਨ, ਸਭ ਦੇ ਪਿੱਛੇ ਬੈਠਾ ਮੂਰਖ ਡੱਡੂ ਬਾਬੇ ਦੇ ਪੈਰਾਂ ਉੱਤੇ ਆ ਡਿੱਗਿਆ। ਉਹ ਰੋ ਰੋ ਕੇ ਆਖ ਰਿਹਾ ਸੀ,‘‘ਮੈਨੂੰ ਮੂਰਖ ਨੂੰ ਮਾਫ਼ ਕਰ ਦਿਓ ਬਾਬਾ ਜੀ। ਮੈਨੂੰ ਏਨੀ ਅਕਲ ਨਹੀਂ ਸੀ ਕਿ ਵੱਡਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਉਨ੍ਹਾਂ ਦੀਆਂ ਗੱਲਾਂ ਧਿਆਨ ਨਾਲ ਸੁਣਨੀਆਂ ਚਾਹੀਦੀਆਂ ਹਨ।”
ਸਾਰੇ ਸੌਣ ਲਈ ਜਾਣ ਵਾਸਤੇ ਖੜ੍ਹੇ ਹੁੰਦੇ ਹੱਸੇ, ‘‘ਚੱਲ ਤੈਨੂੰ ਹੁਣ ਵੀ ਅਕਲ ਆ ਗਈ, ਇਹੋ ਬਹੁਤ ਹੈ!” ਬਾਬਾ ਵੀ ਮੁਸਕਰਾਇਆ,‘‘ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ!

Facebook Comment
Project by : XtremeStudioz