Close
Menu

ਬੀ.ਸੀ. ਦੀ ਨਵੀਂ ਐਨ.ਡੀ.ਪੀ. ਸਰਕਾਰ ਅੱਜ ਚੁੱਕੇਗੀ ਸੰਹੁ

-- 19 July,2017

ਵਿਕਟੋਰੀਆ— ਬ੍ਰਿਟਿਸ਼ ਕੋਲੰਬੀਆ ‘ਚ ਐਨ.ਡੀ.ਪੀ. 16 ਸਾਲਾਂ ‘ਚ ਪਹਿਲੀ ਵਾਰੀ ਸੱਤਾ ਦਾ ਸੁੱਖ ਮਾਨਣ ਜਾ ਰਹੀ ਹੈ। ਅੱਜ ਦੁਪਹਿਰੇ ਵਿਕਟੋਰੀਆ ‘ਚ ਬੀ.ਸੀ. ਦੀ ਨਵੀਂ ਸਰਕਾਰ ਦਾ ਸੰਹੁ ਚੁੱਕ ਸਮਾਗਮ ਹੋਵੇਗਾ। ਨਵੀਂ ਸਰਕਾਰ ਦੇ ਸੰਹੁ ਚੁੱਕਦੇ ਸਾਰ ਉਸਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਬੀ. ਸੀ. ਦੇ ਜੰਗਲਾਂ ‘ਚ ਲੱਗੀ ਹੋਈ ਅੱਗ ਤੇ ਉਸ ਕਾਰਨ ਪੈਦਾ ਹੋਏ ਹਾਲਾਤ ਹੋਣਗੇ। ਬੀ. ਸੀ. ਦੇ ਜੰਗਲਾਂ ‘ਚ ਫੈਲੀ ਭਿਆਨਕ ਅੱਗ ਨਾਲ ਹੁਣ ਤਕ ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਹਨ। ਨਵੀਂ ਸਰਕਾਰ ਲਈ ਇਹ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਕਿ ਜਿਨ੍ਹਾਂ ਖੇਤਰਾਂ ‘ਚ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਉਨ੍ਹਾਂ ਖੇਤਰਾਂ ‘ਚੋਂ ਬੇਘਰ ਹੋਏ ਲੋਕਾਂ ਨੂੰ ਮੁੜ ਕਿਵੇਂ ਵਸਾਇਆ ਜਾਵੇ। ਲੋਕ ਵੀ ਨਵੀਂ ਸਰਕਾਰ ਤੋਂ ਕਈ ਤਰ੍ਹਾਂ ਦੀਆਂ ਉਮੀਦਾਂ ਲਗਾਈ ਬੈਠੇ ਹਨ। ਇਸ ਲਈ ਨਵੀਂ ਸਰਕਾਰ ਨੂੰ ਆਉਂਦੀਆਂ ਹੀ ਸਮਝਦਾਰੀ ਨਾਲ ਕਦਮ ਪੁੱਟਣੇ ਪੈਣਗੇ ਤਾਂ ਜੋ ਲੋਕਾਂ ‘ਚ ਉਸਦਾ ਵਿਸ਼ਵਾਸ ਕਾਇਮ ਰਹਿ ਸਕੇ। 
ਜ਼ਿਕਰਯੋਗ ਹੈ ਕਿ ਮਈ ‘ਚ ਹੋਈਆਂ ਚੋਣਾਂ ‘ਚ ਵਿਧਾਨ ਸਭਾ ਦੀਆਂ 87 ਸੀਟਾਂ ‘ਚੋਂ ਐਨ.ਡੀ.ਪੀ. ਨੇ 41 ਸੀਟਾਂ ਉੱਤੇ ਜਿੱਤ ਦਰਜ ਕੀਤੀ ਸੀ। ਜੋ ਕਿ ਸੱਤਾਧਾਰੀ ਲਿਬਰਲ ਪਾਰਟੀ ਨਾਲੋਂ ਸਿਰਫ ਦੋ ਘੱਟ ਸੀ ਪਰ ਐਨ.ਡੀ.ਪੀ. ਆਗੂ ਜੌਹਨ ਹੌਰਗਨ ਬੀ.ਸੀ. ਦੀ ਗ੍ਰੀਨ ਪਾਰਟੀ, ਜਿਸ ਨੇ ਤਿੰਨ ਸੀਟਾਂ ਜਿੱਤੀਆਂ ਸਨ, ਨਾਲ ਹੱਥ ਮਿਲਾਉਣ ‘ਚ ਕਾਮਯਾਬ ਰਹੇ। ਐਨ.ਡੀ.ਪੀ. ਅਤੇ ਗ੍ਰੀਨ ਪਾਰਟੀ ਦੇ ਹੱਥ ਮਿਲਾਉਣ ਨਾਲ ਨਵੀਂ ਘੱਟ ਗਿਣਤੀ ਸਰਕਾਰ ਹੋਂਦ ‘ਚ ਆਉਣ ਦਾ ਰਾਹ ਪੱਧਰਾ ਹੋ ਗਿਆ।
ਐਨ.ਡੀ.ਪੀ. ਦੇ ਐੱਮ.ਐੱਲ.ਏ. ਕੈਰੋਲ ਜੇਮਜ਼ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਸਾਰਿਆਂ ਨਾਲ ਰਲ ਮਿਲ ਕੇ ਕੰਮ ਕਰਨਾ ਚਾਹੁੰਦੀ ਹੈ ਅਤੇ ਲਿਬਰਲ ਪਾਰਟੀ ਦੇ ਸਿਆਸਤਦਾਨਾਂ ਨੂੰ ਵੀ ਜੰਗਲ ਦੀ ਅੱਗ ਸਬੰਧੀ ਹਾਲਾਤ ਤੋਂ ਜਾਣੂ ਕਰਵਾਇਆ ਜਾਂਦਾ ਰਹੇਗਾ। ਅਹੁਦਾ ਛੱਡ ਰਹੇ ਲਿਬਰਲ ਪਾਰਟੀ ਦੇ ਮੰਤਰੀ ਟੌਡ ਸਟੋਨ ਦਾ ਕਹਿਣਾ ਹੈ ਕਿ ਜਦੋਂ ਸੰਕਟ ਦੀ ਘੜੀ ਆਉਂਦੀ ਹੈ ਤਾਂ ਸਿਆਸਤ ਲਈ ਕੋਈ ਥਾਂ ਨਹੀਂ ਬਚਦਾ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਲਿਬਰਲ ਭਾਈਵਾਲ ਅੱਗ ਉੱਤੇ ਕਾਬੂ ਪਾਉਣ ਲਈ ਜੋ ਬਣ ਸਕੇਗਾ ਉਹ ਕਰਨਗੇ।

Facebook Comment
Project by : XtremeStudioz