Close
Menu

ਭਾਜਪਾ ਪਿੱਛੇ ਹਟੀ, ਮਹਿਬੂਬਾ ਸਰਕਾਰ ਡਿੱਗੀ

-- 20 June,2018

ਰਾਜਪਾਲ ਵੋਹਰਾ ਵੱਲੋਂ ਕੇਂਦਰੀ ਰਾਜ ਲਾਗੂ ਕਰਨ ਦੀ ਸਿਫਾਰਸ਼; 
ਸਰਕਾਰ ਵਿੱਚ ਰਹਿਣਾ ਹੋ ਗਿਆ ਸੀ ਅਸੰਭਵ: ਰਾਮ ਮਾਧਵ

ਨਵੀਂ ਦਿੱਲੀ/ਸ੍ਰੀਨਗਰ, 20 ਜੂਨ
ਜੰਮੂ ਕਸ਼ਮੀਰ ਵਿੱਚ ਭਾਜਪਾ ਵੱਲੋਂ ਹਮਾਇਤ ਵਾਪਸ ਲੈਣ ਤੋਂ ਬਾਅਦ ਤਿੰਨ ਸਾਲ ਪੁਰਾਣੀ ਪੀਡੀਪੀ-ਭਾਜਪਾ ਸਰਕਾਰ ਡਿੱਗ ਪਈ। ਰਾਤੀਂ ਸ੍ਰੀਨਗਰ ਵਿੱਚ ਰਾਜ ਭਵਨ ਦੇ ਬੁਲਾਰੇ ਨੇ ਦੱਸਿਆ ਕਿ ਰਾਜਪਾਲ ਐਨ ਐਨ ਵੋਹਰਾ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਜੋ ਇਸ ਵੇਲੇ ਵਿਦੇਸ਼ ਦੌਰੇ ’ਤੇ ਹਨ, ਨੂੰ ਰਿਪੋਰਟ ਭੇਜ ਕੇ ਰਾਜ ਵਿੱਚ ਕੇਂਦਰੀ ਰਾਜ ਲਾਗੂ ਕਰਨ ਦੀ ਸਿਫਾਰਸ਼ ਕੀਤੀ ਹੈ ਜਿਸ ਦੀ ਇਕ ਕਾਪੀ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਵੀ ਭੇਜੀ ਗਈ ਹੈ।
ਪਾਰਟੀ ਹਾਈ ਕਮਾਂਡ ਵੱਲੋਂ ਜੰਮੂ ਕਸ਼ਮੀਰ ਸਰਕਾਰ ਵਿੱਚ ਆਪਣੇ ਮੰਤਰੀਆਂ ਨੂੰ ਹੰਗਾਮੀ ਸਲਾਹ ਮਸ਼ਵਰੇ ਲਈ ਤਲਬ ਕਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਪਾਰਟੀ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਕਾਹਲੀ ਨਾਲ ਪ੍ਰੈਸ ਕਾਨਫਰੰਸ ਸੱਦ ਕੇ ਹਮਾਇਤ ਵਾਪਸ ਲੈਣ ਦਾ ਅਚਨਚੇਤ ਐਲਾਨ ਕਰ ਦਿੱਤਾ। ਕੁਝ ਘੰਟਿਆਂ ਬਾਅਦ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਰਾਜਪਾਲ ਐਨ ਐਨ ਵੋਹਰਾ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ। ਦਸੰਬਰ 2014 ਵਿੱਚ 87 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਨੇ 25 ਸੀਟਾਂ ਤੇ ਪੀਡੀਪੀ ਨੇ 28 ਸੀਟਾਂ ਜਿੱਤੀਆਂ ਸਨ। ਨੈਸ਼ਨਲ ਕਾਨਫਰੰਸ ਨੂੰ 15 ਤੇ ਕਾਂਗਰਸ ਨੂੰ 12 ਜਦਕਿ ਸੱਤ ਹੋਰਨਾਂ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਨੂੰ ਮਿਲੀਆਂ ਸਨ। ਸ੍ਰੀ ਮਾਧਵ ਨੇ ਕਿਹਾ ‘‘ ਰਾਜ ਵਿੱਚ ਗੱਠਜੋੜ ਸਰਕਾਰ ਵਿੱਚ ਭਾਜਪਾ ਦਾ ਬਣੇ ਰਹਿਣਾ ਨਾਮੁਮਕਿਨ ਹੋ ਗਿਆ ਹੈ।’’ ਉਨ੍ਹਾਂ ਕਿਹਾ ਕਿ ਹਮਾਇਤ ਵਾਪਸ ਲੈਣ ਦਾ ਫ਼ੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ। ਉਨ੍ਹਾਂ ਕਸ਼ਮੀਰ ਵਾਦੀ ਵਿੱਚ ਸੁਰੱਖਿਆ ਦੀ ਸਥਿਤੀ ਵਿੱਚ ਸੁਧਾਰ ਨਾ ਹੋ ਸਕਣ ਲਈ ਪੀਡੀਪੀ ਨੂੰ ਕਸੂਰਵਾਰ ਠਹਿਰਾਇਆ ਤੇ ਇਸ ਸਬੰਧ ਵਿੱਚ ਪਿਛਲੇ ਹਫ਼ਤੇ ਸੀਨੀਅਰ ਪੱਤਰਕਾਰ ਸ਼ੁਜਾਤ ਬੁਖਾਰੀ ਦੀ ਹੱਤਿਆ ਦਾ ਵੀ ਜ਼ਿਕਰ ਕੀਤਾ। ਨੈਸ਼ਨਲ ਕਾਨਫਰੰਸ ਦੇ ਨੇਤਾ ਤੇ ਸਾਬਕਾ ਮੁੱਖ ਮੰਤਰੀ ਉਮਰ ਫ਼ਾਰੂਕ ਨੇ ਕਿਹਾ ਕਿ ਉਨ੍ਹਾਂ ਦੀ ਖ਼ਾਹਸ਼ ਸੀ ਕਿ ਮਹਿਬੂਬਾ ਮੁਫ਼ਤੀ ਆਪ ਅਸਤੀਫ਼ਾ ਦਿੰਦੇ ਨਾ ਕਿ ਭਾਜਪਾ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿੱਚਦੀ। ਭਾਜਪਾ ਦੀ ਜੇ ਕੇ ਇਕਾਈ ਦੇ ਮੁੱਖ ਬੁਲਾਰੇ ਸੁਨੀਲ ਸੇਠੀ ਨੇ ਕਿਹਾ ਕਿ ਪੀਡੀਪੀ ਗੋਲੀਬੰਦੀ ਦੀ ਮਿਆਦ ਵਿੱਚ ਵਾਧਾ ਕਰਾਉਣਾ ਚਾਹੁੰਦੀ ਸੀ ਤੇ ਅਤਿਵਾਦੀਆਂ, ਪਾਕਿਸਤਾਨ ਤੇ ਵੱਖਵਾਦੀਆਂ ਪ੍ਰਤੀ ਨਰਮ ਰੁਖ਼ ਰੱਖਦੀ ਸੀ। ਹੁਣ ਅਤਿਵਾਦੀਆਂ ਖ਼ਿਲਾਫ਼ ਮੁਕੰਮਲ ਜੰਗ ਹੋਵੇਗੀ ਤੇ ਅਤਿਵਾਦੀਆਂ ਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਲੁਕਣ ਲਈ ਕੋਈ ਥਾਂ ਨਹੀਂ ਮਿਲੇਗੀ।ਿੲਸੇ ਦੌਰਾਨ ਸੀਪੀਆਈਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਇਸ ਤੋੜ-ਵਿਛੋੜੇ ’ਤੇ ਕਿਹਾ ‘‘ ਇਸ ਤਰ੍ਹਾਂ ਦਾ ਗੱਠਜੋੜ ਨਹੀਂ ਹੋਇਆ ਕਰਦਾ। ਦੋਵਾਂ ਪਾਰਟੀਆਂ ਵਿਚਕਾਰ ਕੋਈ ਸਾਂਝ ਨਹੀਂ। ਉਹ ਦੋਵੇਂ ਸੱਤਾ ਮਾਣਨ ਲਈ ਹੀ ਇਕੱਠੇ ਹੋਏੇ ਸਨ।’’  ਇਸ ਦੌਰਾਨ ਖੱਬੀਆਂ ਪਾਰਟੀਆਂ ਨੇ ਕਿਹਾ ਕਿ ਜੰਮੂ ਕਸ਼ਮੀਰ ਦੀ ਸਿਆਸੀ ਤੇ ਸੁਰੱਖਿਆ ਦੇ ਹਾਲਾਤ ਨਿਘਰਦੇ ਜਾ ਰਹੇ ਹਨ ਤੇ ਕੇਂਦਰ ਨੂੰ ਤਾਜ਼ਾ ਸਥਿਤੀ ਬਾਰੇ ਆਪਣਾ ਅਨੁਮਾਨ ਸਾਰੀਆਂ ਸਿਆਸੀ ਪਾਰਟੀਆਂ ਨਾਲ ਸਾਂਝਾ ਕਰਨ ਦੀ ਲੋੜ ਹੈ। ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜੀ ਏ ਮੀਰ ਨੇ ਕਿਹਾ ਕਿ ਪੀਡੀਪੀ-ਭਾਜਪਾ ਦਾ ਨਾਪਾਕ ਗੱਠਜੋੜ ਟੁੱਟਣਾ ਹੀ ਸੀ। ਉਨ੍ਹਾਂ ਨੇ ਆਪੋ ਆਪਣੇ ਹਮਾਇਤੀਆਂ ਨੂੰ ਧੋਖਾ ਦੇ ਕੇ ਸੱਤਾ ਖਾਤਰ ਹੱਥ ਮਿਲਾਏ ਸਨ।
ਤਾਕਤ ਦੇ ਮੁਜ਼ਾਹਰੇ ਦੀ ਪਹੁੰਚ ਕੰਮ ਨਹੀਂ ਆਉਣੀ: ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਪ੍ਰਧਾਨ ਤੇ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਤਾਕਤ ਦੇ ਦਿਖਾਵੇ ਭਰੀ ਫ਼ੌਜੀ ਪਹੁੰਚ ਜੰਮੂ ਕਸ਼ਮੀਰ ਵਿੱਚ ਕੰਮ ਨਹੀਂ ਕਰੇਗੀ ਸਗੋਂ ਸੁਲ੍ਹਾ-ਸਫ਼ਾਈ ਦਾ ਰਾਹ ਹੀ ਸੁਖਾਵੇਂ ਹਾਲਾਤ ਲਿਆ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਜੰਮੂ ਕਸ਼ਮੀਰ ਨੂੰ ਦੁਸ਼ਮਣ ਖਿੱਤੇ ਦੀ ਨਜ਼ਰ ਤੋਂ ਦੇਖਦੇ ਹਨ। ਧਾਰਾ 370 ਤਹਿਤ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਹਾਸਲ ਹੈ ਤੇ ਅਸੀਂ ਸੰਵਿਧਾਨ ਦੀ ਧਾਰਾ 370 ਤੇ 35-ਏ ਉੱਤੇ ਪੂਰਾ ਪਹਿਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪੱਥਰਬਾਜ਼ਾਂ ਖ਼ਿਲਾਫ਼ 11000 ਕੇਸ ਵਾਪਸ ਕਰਾਉਣ ਵਿੱਚ ਕਾਮਯਾਬ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਨਹੀਂ ਕਰਨਗੇ।

Facebook Comment
Project by : XtremeStudioz