Close
Menu

ਭਾਰਤ ਨੇ ਦੱਖਣੀ ਅਫਰੀਕਾ ਨੂੰ 124 ਦੌੜਾਂ ਨਾਲ ਹਰਾਇਆ

-- 09 February,2018

ਕੇਪਟਾਊਨ, ਕਪਤਾਨ ਵਿਰਾਟ ਕੋਹਲੀ ਦੇ ਲੜੀ ਦੇ ਦੂਜੇ ਅਤੇ ਕਰੀਅਰ ਦੇ 34 ਵੇਂ ਸੈਂਕੜੇ ਤੋਂ ਬਾਅਦ ਯੁਜਵੇਂਦਰ ਚਹਿਲ ਅਤੇ ਕੁਲਦੀਪ ਯਾਦਵ ਦੀ ਫਿਰਕੀ ਦੇ ਕਮਾਲ ਨਾਲ ਭਾਰਤ ਨੇ ਅੱਜ ਇਥੇ ਦੱਖਣੀ ਅਫਰੀਕਾ ਨੂੰ ਤੀਜੇ ਇਕ ਰੋਜ਼ਾ ਕੌਮਾਂਤਰੀ ਕਿ੍ਕਟ ਮੈਚ ਵਿੱਚ 124 ਦੌੜਾਂ ਨਾਲ ਹਰਾ ਕੇ ਛੇ ਮੈਚਾਂ ਦੀ ਲੜੀ ਵਿੱਚ 3-0 ਦੀ ਲੀਡ ਲੈ ਲਈ ਹੈ।

ਕੋਹਲੀ ਨੇ 159 ਗੇਂਦਾਂ ਵਿੱਚ 12 ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ ਨਾਬਾਦ 160 ਦੌੜਾਂ ਦੀ ਪਾਰੀ ਖੇਡੀ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ 76 ਦੌੜਾਂ ਬਣਾਈਆਂ। ਕੋਹਲੀ ਨੇ ਦੂਜੀ ਵਿਕਟ ਲਈ ਧਵਨ ਨਾਲ 140 ਦੌੜਾਂ ਜਦੋਂ ਕਿ ਭੁਵਨੇਸ਼ਵਰ ਕੁਮਾਰ(ਨਾਬਾਦ16) ਨਾਲ ਸੱਤਵੇਂ ਵਿਕਟ ਲਈ 7.2 ਓਵਰਾਂ ਵਿੱਚ 67 ਦੌੜਾਂ ਦੀ ਭਾਈਵਾਨੀ ਕੀਤੀ। ਭਾਰਤ ਨੇ ਛੇ ਵਿਕਟਾਂ ਗੁਆ ਕੇ 303 ਦੌੜਾਂ ਦਾ ਵੱਡਾ ਸਕੋਰ ਖੜਾ ਕੀਤਾ।
ਦੱਖਣੀ ਅਫਰੀਕਾ ਦੀ ਟੀਮ ਇਸ ਦੇ ਜਵਾਬ ਵਿੱਚ 40 ਓਵਰਾਂ ਵਿੱਚ 179 ’ਤੇ ਢੇਰ ਹੋ ਗਈ। ਚਹਿਲ ਨੇ 46 ਦੌੜਾਂ ਦੇ ਕੇ ਚਾਰ, ਕੁਲਦੀਪ ਨੇ 23 ਦੌੜਾਂ ਦੇ ਕੇ ਚਾਰ ਅਤੇ ਜਸਪ੍ਰੀਤ ਬੁਮਰਾ ਨੇ 32 ਦੌੜਾਂ ਦੇ ਕੇ ਦੋ ਵਿਕਟਾਂ ਲਈ। ਮੇਜ਼ਬਾਨ ਟੀਮ ਵੱਲੋਂ ਜੇ ਪੀ ਡੁਮਿਨੀ ਹੀ ਟਿਕ ਕੇ ਖੇਡ ਸਕੇ। ਉਸ ਨੇ 51 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਖਿਲਾਫ਼ ਉਸ ਦੀ ਧਰਤੀ ’ਤੇ ਦੌੜਾਂ ਦੇ ਲਿਹਾਜ਼ ਨਾਲ ਇਹ ਭਾਰਤ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ 10 ਅਕਤੂਬਰ 2001 ਨੂੰ ਸੈਂਚੁਰੀਅਨ ਵਿੱਚ ਮੇਜ਼ਬਾਨ ਟੀਮ ਨੂੰ 41 ਦੌੜਾਂ ਨਾਲ ਹਰਾਇਆ ਸੀ। ਭਾਰਤ ਨੇ ਪਹਿਲੀ ਵਾਰ ਦੱਖਣੀ ਅਫਰੀਕਾ ਦੀ ਧਰਤੀ ’ਤੇ ਕਿਸੇ ਦੁਪਾਸੜ ਲੜੀ ਵਿੱਚ ਤਿੰਨ ਇਕ ਰੋਜ਼ਾ ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ ਅਤੇ ਟੀਮ ਇੰਡੀਆ ਕੋਲ ਪਹਿਲੀ ਵਾਰ ਇਕ ਰੋਜ਼ਾ ਲੜੀ ਜਿੱਤਣ ਦਾ ਮੌਕਾ ਵੀ ਹੈ।
ਮਿੱਥੇ ਟੀਚੇ ਦਾ ਪਿੱਛਾ ਕਰਨ ਉਤਰੇ ਦੱਖਣੀ ਅਫਰੀਕਾ ਦੀ ਸ਼ੁਰੂਆਤ ਖ਼ਰਾਬ ਰਹੀ। ਟੀਮ ਨੇ ਦੂਜੇ ਓਵਰ ਦੀ ਪਹਿਲੀ ਗੇਂਦ ’ਤੇ ਹਾਸ਼ਿਮ ਅਮਲਾ ਦੀ ਵਿਕਟ ਗੁਆਈ। ਕਪਤਾਨ ਏਡਨ ਮਾਰਕਰਮ ਨੇ 32 ਦੌੜਾਂ ਬਣਾਈਆਂ। ਜਦੋਂ ਕਿ ਡੇਵਿਡ ਮਿਲਰ ਨੇ 25, ਖਾਇਆ ਜ਼ੋਂਡੋ ਨੇ 17, ਕਿ੍ਸ ਮੌਰਿਸ ਨੇ 14, ਕਾਗਿਸੋ ਰਬਾਡਾ ਨੇ ਨਾਬਾਦ 12 ਦਾ ਯੋਗਦਾਨ ਦਿੱਤਾ। ਇਨ੍ਹਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਦੋਹਰੇ ਅੰਕੜੇ ਤਕ ਨਹੀਂ ਪੁੱਜ ਸਕਿਆ।

Facebook Comment
Project by : XtremeStudioz