Close
Menu

ਮਨਪਸੰਦ ਤੋਹਫ਼ਾ

-- 28 November,2016

ਬਾਲ ਕਹਾਣੀ

ਅੱਜ ਸਹਿਜ ਦਾ ਜਨਮ ਦਿਨ ਸੀ। ਜਨਮ ਦਿਨ ਮਨਾਉਣ ਲਈ ਪਰਸੋਂ ਤੋਂ ਹੀ ਤਿਆਰੀਆਂ ਹੋ ਰਹੀਆਂ ਸਨ। ਅੱਜ ਕੁਰਸੀਆਂ ਸਜੀਆਂ ਪਈਆਂ ਸਨ। ਕੇਕ ਕੱਟਣ ਲਈ ਇੱਕ ਵੱਡੇ ਮੇਜ਼ ਨੂੰ ਸਜਾਇਆ ਗਿਆ ਸੀ। ਵੱਡੇ ਕੇਕ, ਬੰਦ ਡੱਬੇ ਵਾਲੇ ਕਈ ਤਰ੍ਹਾਂ ਦੇ ਮਹਿੰਗੇ ਜੂਸ, ਠੰਢੇ, ਕਾਜੂ ਕਟਲੀ ਬਰਫ਼ੀ, ਸਮੋਸੇ, ਗਰਮ ਪਕੌੜੇ। ਸਭ ਕੁਝ ਦਾ ਆਰਡਰ ਦਿੱਤਾ ਜਾ ਚੁੱਕਾ ਸੀ। ਵੱਡੇ ਵੱਡੇ ਗ਼ੁਬਾਰਿਆਂ ਦੇ ਕਈ ਪੈਕਟ ਲਿਆਂਦੇ ਗਏ। ‘ਗਿਆਰਾਂ’ ਨੰਬਰ ਵਾਲੀ ਇੱਕ ਖ਼ੂਬਸੂਰਤ ਮੋਮਬੱਤੀ। ਇਹ ਸਾਮਾਨ ਜਨਮ ਦਿਨ ਤੋਂ ਕੁਝ ਸਮਾਂ ਪਹਿਲਾਂ ਹੀ ਡਰਾਈਵਰ ਨੇ ਲੈ ਕੇ ਆਉਣਾ ਸੀ। ਦੋ ਵੱਡੀਆਂ ਗੱਡੀਆਂ ਜੋ ਸਨ। ਮੰਮੀ ਦੀ ਅਲੱਗ। ਪਾਪਾ ਦੀ ਅਲੱਗ।
ਘਰ ਵਿੱਚ ਮੰਮੀ ਪਾਪਾ ਦੇ ਚਿਹਰੇ ’ਤੇ ਰੌਣਕ ਨਜ਼ਰ ਆ ਰਹੀ ਸੀ। ਖ਼ੁਸ਼ ਤਾਂ ਸਹਿਜ ਵੀ ਸੀ, ਪਰ ਓਨਾ ਨਹੀਂ ਜਿੰਨਾ ਉਸ ਨੂੰ ਹੋਣਾ ਚਾਹੀਦਾ ਸੀ। ਉਸ ਦੇ ਦਿਲ ਵਿੱਚ ਕੀ ਸੀ? ਇਹ ਗੱਲ ਉਹ ਕਿਸੇ ਨਾਲ ਸਾਂਝੀ ਨਹੀਂ ਸੀ ਕਰ ਰਿਹਾ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸ ਦੀਆਂ ਨਜ਼ਰਾਂ ਕਿਸੇ ਨੂੰ ਉਡੀਕ ਰਹੀਆਂ ਹੋਣ।
ਅੱਜ ਸਕੂਲੋਂ ਛੁੱਟੀ ਵੀ ਸੀ। ਦੁਪਹਿਰ ਢਲਦਿਆਂ ਹੀ ਘਰ ਵਿੱਚ ਕੰਮ ਕਾਜ ਨੇ ਰਫ਼ਤਾਰ ਫੜਨੀ ਸ਼ੁਰੂ ਕਰ ਦਿੱਤੀ। ਮੰਮੀ ਕਿਸੇ ਸਕੇ ਸਬੰਧੀ ਨਾਲ ਫੋਨ ’ਤੇ ਗੱਲ ਕਰਕੇ ਹਟਦੇ, ਪਾਪਾ ਦਾ ਫੋਨ ਆ ਜਾਂਦਾ ਜਾਂ ਖ਼ੁਦ ਕਿਸੇ ਨਾਲ ਗੱਲ ਕਰਨ ਲੱਗਦੇ। ਘਰ ਵਿੱਚ ਸਕੇ ਸਬੰਧੀ ਅਤੇ ਸਹਿਜ ਦੇ ਦੋਸਤ ਮਹਿੰਗੇ ਤੋਹਫ਼ੇ ਲੈ ਕੇ ਆਉਣ ਲੱਗ ਪਏ ਸਨ। ਪਰ ਸਹਿਜ ਨੂੰ ਜਿਸ ਦਾ ਖ਼ਾਸ ਇੰਤਜ਼ਾਰ ਸੀ, ਉਹ ਤਾਂ ਘਰ ਵਿੱਚ ਅਜੇ ਤਕ ਆਇਆ ਹੀ ਨਹੀਂ ਸੀ।
ਸਹਿਜ ਉਦੋਂ ਪੰਜ ਕੁ ਸਾਲਾਂ ਦਾ ਸੀ ਜਦੋਂ ਉਸ ਦੇ ਦਾਦੀ ਜੀ ਦਾ ਦੇਹਾਂਤ ਹੋ ਗਿਆ ਸੀ। ਦਾਦਾ ਜੀ ਨੂੰ ਟੀਬੀ ਦੀ ਸ਼ਿਕਾਇਤ ਸੀ। ਉਹ ਖੰਘਣ ਲੱਗਦੇ ਤਾਂ ਛੇਤੀ ਕੀਤਿਆਂ ਤਾਬ ਨਾ ਆਉਂਦੇ। ਸਾਹ ਕਈ ਵਾਰੀ ਤੇਜ਼ ਤੇਜ਼ ਚੱਲਣ ਲੱਗਦਾ। ਉਹ ਕਦੇ ਪਾਣੀ ਮੰਗਣ ਲੱਗਦੇ, ਕਦੇ ਦਵਾਈ। ਕਦੇ ਚਾਹ ਮੰਗਦੇ ਤਾਂ ਮੰਮੀ ਖਿੱਝ ਜਾਂਦੇ।
ਕਈ ਵਾਰੀ ਸਹਿਜ ਸੁਣਦਾ। ਮੰਮੀ ਗੁੱਸੇ ਵਿੱਚ ਬੋਲ ਰਹੇ ਹੁੰਦੇ, ‘‘ਕਦੇ ਆਰਾਮ ਵੀ ਕਰ ਲੈਣ ਦਿਆ ਕਰੋ। ਸਾਰਾ ਦਿਨ ਕਦੇ ਕੁਝ ਕਦੇ ਕੁਝ…।” ਪਾਪਾ, ਮੰਮੀ ਦੀ ਅਜਿਹੀ ਗੱਲ ਵਿੱਚ ਦਖ਼ਲ ਨਾ ਦਿੰਦੇ ਜਾਂ ਟਲ ਜਾਂਦੇ।
ਰਾਤ ਵੇਲੇ ਸਹਿਜ ਆਪਣੇ ਦਾਦਾ ਜੀ ਕੋਲ ਕਹਾਣੀ ਸੁਣਨ ਲਈ ਉਨ੍ਹਾਂ ਦੇ ਕਮਰੇ ਵਿੱਚ ਚਲਾ ਜਾਂਦਾ ਤਾਂ ਮੰਮੀ ਦੀ ਤਿੱਖੀ ਆਵਾਜ਼ ਉਸ ਦੇ ਕੰਨਾਂ ਨਾਲ ਟਕਰਾਉਂਦੀ, ‘‘ਚਲੋ ਹੋਮ ਵਰਕ ਕਰੋ। ਚਲੋ ਖਾਣਾ ਖਾਓ। ਚਲੋ ਦੁੱਧ ਪੀਓ…। ਚਲੋ…। ਚਲੋ…।” ਦਾਦਾ ਜੀ ਵੱਲੋਂ ਸੁਣਾਈ ਜਾਣ ਵਾਲੀ ਕਹਾਣੀ ਅੱਧ ਵਿਚਕਾਰ ਹੀ ਰਹਿ ਜਾਂਦੀ। ਸਹਿਜ ਨੂੰ ਮੰਮੀ ਦੇ ਗੁੱਸੇ ਬਾਰੇ ਭਲੀਭਾਂਤ ਪਤਾ ਸੀ। ਸੋਚਦਾ ‘‘ਦਿਉ ਨੇ ਪਰੀ ਨੂੰ ਗੁਫ਼ਾ ਵਿੱਚ ਕਿਵੇਂ ਬੰਦ ਕੀਤਾ? ਕੀ ਪਰੀ ਉਸ ਦੀ ਪਕੜ ਵਿੱਚੋਂ ਆਜ਼ਾਦ ਹੋ ਸਕੀ? ਕੀ…?”
ਸਹਿਜ ਨੂੰ ਕਈ ਵਾਰੀ ਮੰਮੀ ’ਤੇ ਗੁੱਸਾ ਆਉਣ ਲੱਗਦਾ, ਪਰ ਉਹ ਭਰਿਆ ਪੀਤਾ ਦਾਦਾ ਜੀ ਕੋਲੋਂ ਉੱਠ ਕੇ ਸੌਣ ਵਾਲੇ ਕਮਰੇ ਵਿੱਚ ਆ ਜਾਂਦਾ।
ਦਾਦਾ ਜੀ ਘਰ ਵਿੱਚ ਘੁਟਣ ਮਹਿਸੂਸ ਕਰਨ ਲੱਗ ਪਏ ਸਨ। ਉਹ ਦੋ ਦੋ ਦਿਨ ਉਹੀ ਕੱਪੜੇ ਪਾਈ ਰੱਖਦੇ। ਇੱਕ ਦਿਨ ਜਦੋਂ ਮੰਮੀ ਕਿੱਟੀ ਪਾਰਟੀ ਵਿੱਚ ਜਾਣ ਤੋਂ ਲੇਟ ਹੋ ਗਏ ਤਾਂ ਦਾਦਾ ਜੀ ਨੇ ਚਾਹ ਕਾਹਦੀ ਮੰਗੀ, ਮੰਮੀ ਦਾ ਪਾਰਾ ਸੱਤਵੇਂ ਆਸਮਾਨ ’ਤੇ ਜਾ ਪੁੱਜਾ। ਉਸ ਦਿਨ ਦਾਦਾ ਜੀ ਨਾਲ ਜੋ ਹੋਈ, ਉਹੀ ਜਾਣਦੇ ਸਨ।
ਇੱਕ ਦਿਨ ਦਾਦਾ ਜੀ ਮੰਮੀ ਪਾਪਾ ਨਾਲ ਕੋਈ ਗੱਲ ਕਰ ਰਹੇ ਸਨ। ਇੰਨੇ ਨੂੰ ਸਹਿਜ ਬਾਹਰੋਂ ਖੇਡ ਕੇ ਆਇਆ। ਉਹ ਦਾਦਾ ਜੀ ਕੋਲ ਆਇਆ ਜਿੱਥੇ ਮੰਮੀ ਪਾਪਾ ਉਨ੍ਹਾਂ ਨਾਲ ਗੱਲ ਕਰ ਰਹੇ ਸਨ। ਦਾਦਾ ਜੀ ਨੇ ਸਹਿਜ ਵੱਲ ਵੇਖਿਆ। ਉਨ੍ਹਾਂ ਦੇ ਚਿਹਰੇ ’ਤੇ ਅਜਿਹੀ ਉਦਾਸੀ ਸਹਿਜ ਨੇ ਪਹਿਲੀ ਵਾਰੀ ਤੱਕੀ ਸੀ। ਮੰਮੀ ਨੇ ਸਹਿਜ ਨੂੰ ਆਪਣੇ ਕਮਰੇ ਵਿੱਚ ਜਾਣ ਲਈ ਕਹਿ ਦਿੱਤਾ।
ਅਗਲੇ ਦਿਨ ਪਤਾ ਲੱਗਾ ਕਿ ਦਾਦਾ ਜੀ ਕਿਧਰੇ ਚਲੇ ਗਏ ਸਨ।
‘‘ਮੰਮੀ, ਦਾਦੂ ਕਿੱਧਰ ਚਲੇ ਗਏ? ਆਪਣੇ ਕਮਰੇ ਵਿੱਚ ਤਾਂ ਨਹੀਂ ਹਨ?” ਸਹਿਜ ਨੇ ਮੰਮੀ ਨੂੰ ਪੁੱਛਿਆ।
‘‘ਬੇਟਾ, ਉਹ ਆਪਣੇ ਨਵੇਂ ਘਰ ਚਲੇ ਗਏ ਹਨ।” ਮੰਮੀ ਨੇ ਕਿਹਾ।
‘‘ਨਵੇਂ ਘਰ? ਕਿਹੜੇ ਨਵੇਂ ਘਰ? ਕੀ ਉਨ੍ਹਾਂ ਨੇ ਆਪਣਾ ਕੋਈ ਹੋਰ ਘਰ ਬਣਾ ਲਿਆ ਹੈ?” ਸਹਿਜ ਨੇ ਪੁੱਛਿਆ।
‘‘ਨਹੀਂ ਬੇਟਾ, ਸ਼ਹਿਰ ਤੋਂ ਬਾਹਰ ਸਟੇਡੀਅਮ ਕੋਲ ਓਲਡ ਏਜ ਹੋਮ ਬਣਿਆ ਹੋਇਆ ਹੈ ਨਾ? ਉੱਥੇ ਚਲੇ ਗਏ ਹਨ ਜਿੱਥੇ ਉਨ੍ਹਾਂ ਦੇ ਬਹੁਤ ਸਾਰੇ ਫਰੈਂਡਜ਼ ਰਹਿੰਦੇ ਹਨ।”
‘‘ਮੰਮੀ? ਪਰ…।” ਸਹਿਜ ਦੀ ਗੱਲ ਅਧੂਰੀ ਹੀ ਸੀ ਕਿ ਮੰਮੀ ਬੋਲੇ, ‘‘ਚਲੋ ਬ੍ਰੇਕਫਾਸਟ ਕਰੋ। ਸਕੂਲ ਲਈ ਤਿਆਰ ਹੋਵੋ।”
ਮਨ ਵਿੱਚ ਅਨੇਕਾਂ ਸੁਆਲ ਲਈਂ ਸਹਿਜ ਤਿਆਰ ਹੋ ਗਿਆ। ਡਰਾਈਵਰ ਉਸ ਨੂੰ ਕਾਰ ਵਿੱਚ ਛੱਡ ਆਇਆ।
ਹੁਣ ਜਦੋਂ ਘਰ ਵਿੱਚ ਸਹਿਜ ਦਾ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਦੀ ਗੱਲ ਚੱਲ ਰਹੀ ਸੀ ਤਾਂ ਸਹਿਜ ਦੀ ਉਦਾਸੀ ਅੰਦਰੋ ਅੰਦਰੀ ਵਧਦੀ ਜਾ ਰਹੀ ਸੀ। ਸ਼ਾਮ ਨੂੰ ਸਾਰੇ ਉਸ ਦਾ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਉਹ ਅਚਾਨਕ ਘਰੋਂ ਗਾਇਬ ਹੋ ਗਿਆ।
ਗਲੀ ਵਿੱਚ ਖੜ੍ਹੀ ਕਾਰ ਵੀ ਨਹੀਂ ਸੀ। ਰੌਲਾ ਪੈ ਗਿਆ। ‘ਸਹਿਜ ਕਿੱਧਰ ਗਿਆ?’
ਅਸਲ ਵਿੱਚ ਡਰਾਈਵਰ ਨੇ ਕੋਠੀ ਦੇ ਬਾਹਰ ਇੱਕ ਲੁਕਵੀਂ ਥਾਂ ’ਤੇ ਸਹਿਜ ਨੂੰ ਰੋਂਦਾ ਵੇਖ ਲਿਆ ਸੀ। ਉਹ ਸਾਰੀ ਗੱਲ ਸਮਝ ਗਿਆ ਸੀ। ਉਸ ਨੂੰ ਘਰ ਦੀ ਸਾਰੀ ਸਥਿਤੀ ਦਾ ਪਤਾ ਸੀ। ਉਸ ਨੇ ਸਹਿਜ ਨੂੰ ਕਾਰ ਵਿੱਚ ਬਿਠਾਇਆ ਤੇ ਸਿੱਧਾ ਬਿਰਧ ਆਸ਼ਰਮ ਲੈ ਗਿਆ। ਸਹਿਜ ਆਸ਼ਰਮ ਅੰਦਰ ਗਿਆ। ਇੱਕ ਥਾਂ ’ਤੇ ਵੇਖਿਆ ਕਿ ਇੱਕ ਮੇਜ਼ ’ਤੇ ਕਈ ਬਜ਼ੁਰਗ ਆਦਮੀ ਅਤੇ ਔਰਤਾਂ ਕੇਕ ਕੱਟ ਰਹੇ ਸਨ। ਅਸਲ ਵਿੱਚ ਇਹ ਕੇਕ ਦਾਦਾ ਜੀ ਨੇ ਹੀ ਮੰਗਵਾਇਆ ਸੀ। ਉਨ੍ਹਾਂ ਦੇ ਪੋਤਰੇ ਸਹਿਜ ਦਾ ਜਨਮ ਦਿਨ ਜੋ ਸੀ।
ਸਹਿਜ ਨੇ ਜਾਂਦਿਆਂ ਸਾਰ ਝੱਟ ਦਾਦਾ ਜੀ ਨੂੰ ਗਲਵੱਕੜੀ ਪਾ ਲਈ। ਦਾਦਾ ਜੀ ਸਮੇਤ ਕਈ ਹੋਰਨਾਂ ਦੀਆਂ ਅੱਖਾਂ ਛਲਕ ਪਈਆਂ। ਉਸੇ ਸਮੇਂ ਸਹਿਜ ਦੇ ਪਾਪਾ ਦੇ ਮੋਬਾਈਲ ਦੀ ਘੰਟੀ ਵੱਜੀ। ਡਰਾਈਵਰ ਮੁਆਫ਼ੀ ਮੰਗਦਾ ਹੋਇਆ ਕਹਿ ਰਿਹਾ ਸੀ, ‘‘ਸਰ, ਤੁਸੀਂ ਭਾਵੇਂ ਮੈਨੂੰ ਗੁੱਸੇ ਹੋ ਲੈਣਾ, ਪਰ ਮੈਂ ਸਹਿਜ ਨੂੰ ਰੋਂਦਾ ਨਹੀਂ ਵੇਖ ਸਕਿਆ। ਉਹ ਵਾਰ ਵਾਰ ਦਾਦਾ ਜੀ ਦਾਦਾ ਜੀ ਕਹਿ ਰਿਹਾ ਸੀ। ਮੈਂ ਉਸ ਦੇ ਕਹਿਣ ’ਤੇ ਹੀ ਉਸ ਨੂੰ ਬਿਰਧ ਆਸ਼ਰਮ ਲੈ ਆਇਆ ਹਾਂ।”
ਸਹਿਜ ਦੇ ਮੰਮੀ ਪਾਪਾ ਦੂਜੀ ਗੱਡੀ ਵਿੱਚ ਉੱਥੇ ਪਹੁੰਚ ਗਏ। ਉਨ੍ਹਾਂ ਨੇ ਵੇਖਿਆ ਕਿ ਉਹ ਦਾਦਾ ਜੀ ਦੇ ਨਾਲ ਵਾਲੀ ਕੁਰਸੀ ’ਤੇ ਬੈਠਾ ਕੇਕ ਖਾ ਰਿਹਾ ਸੀ। ਮੰਮੀ ਪਾਪਾ ਬਿਰਧ ਆਸ਼ਰਮ ਦੇ ਸਾਰੇ ਬਜ਼ੁਰਗਾਂ ਕੋਲੋਂ ਬੇਹੱਦ ਸ਼ਰਮਿੰਦਾ ਹੋ ਰਹੇ ਸਨ। ਉਹ ਦਾਦਾ ਜੀ ਕੋਲੋਂ ਮੁਆਫ਼ੀ ਮੰਗਦੇ ਹੋਏ ਉਨ੍ਹਾਂ ਨੂੰ ਫਿਰ ਕੋਠੀ ਵਿੱਚ ਲੈ ਆਏ। ਸਾਰੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸਨ। ਜਦੋਂ ਉਹ ਕਾਰ ਵਿੱਚੋਂ ਉਤਰੇ ਤਾਂ ਦਾਦਾ ਜੀ ਨਾਲ ਸਨ। ਸਾਰਿਆਂ ਦੇ ਚਿਹਰਿਆਂ ’ਤੇ ਦੁੱਗਣੀ ਰੌਣਕ ਆ ਗਈ।
ਕੇਕ ਕੱਟਿਆ ਗਿਆ ਤਾਂ ਸਾਰੇ ‘ਸਹਿਜ ਜਨਮ ਦਿਨ ਮੁਬਾਰਕ’ ਕਹਿੰਦੇ ਹੋਏ ਤਾੜੀਆਂ ਪਾਉਣ ਲੱਗੇ। ਅਨੇਕ ਮਹਿੰਗੇ ਤੋਹਫ਼ਿਆਂ ਦਾ ਢੇਰ ਲੱਗਾ ਹੋਇਆ ਸੀ, ਪਰ ਸਹਿਜ ਜਿਹੜਾ ‘ਮਨਪਸੰਦ ਤੋਹਫ਼ਾ’ ਲੈ ਕੇ ਆਇਆ ਸੀ, ਉਸ ਦੀ ਖ਼ੁਸ਼ੀ ਉਸ ਕੋਲੋਂ ਬਿਆਨੀ ਨਹੀਂ ਸੀ ਜਾ ਰਹੀ।

Facebook Comment
Project by : XtremeStudioz