Close
Menu

ਮੁੱਖ ਸਕੱਤਰ ਦੀ ਕੁੱਟਮਾਰ ਦੇ ਦੋਸ਼ ’ਚ ਘਿਰੀ ‘ਆਪ’ ਸਰਕਾਰ

-- 21 February,2018

ਨਵੀਂ ਦਿੱਲੀ, 21 ਫਰਵਰੀ
ਦਿੱਲੀ ’ਚ ‘ਆਪ’ ਦੀ ਸਰਕਾਰ ਅਤੇ ਮੁੱਖ ਸਕੱਤਰ ਅੰਸ਼ੂ ਪ੍ਰਕਾਸ਼ ਦਰਮਿਆਨ ਅੱਜ ਭਿਆਨਕ ਵਿਵਾਦ ਖੜ੍ਹਾ ਹੋ ਗਿਆ। ਸ੍ਰੀ ਪ੍ਰਕਾਸ਼ ਨੇ ਅੱਜ ਦੋਸ਼ ਲਾਇਆ ਕਿ ਸੋਮਵਾਰ ਦੇਰ ਰਾਤ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਉਤੇ ‘ਆਪ’ ਵਿਧਾਇਕਾਂ ਨੇ ਸ੍ਰੀ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਹਾਜ਼ਰੀ ਵਿੱਚ ਉਨ੍ਹਾਂ ਦੀ ਕੁੱਟਮਾਰ ਕੀਤੀ। ਸ੍ਰੀ ਪ੍ਰਕਾਸ਼ ਨੇ ਅੱਜ ਇਸ ਮਾਮਲੇ ’ਤੇ ਉਪ ਰਾਜਪਾਲ ਅਨਿਲ ਬੈਜਲ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ।
ਦਿੱਲੀ ਪੁਲੀਸ ਨੇ ਉਨ੍ਹਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ ਪਰ ਇਸ ਵਿੱਚ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ। ਗ੍ਰਹਿ ਮੰਤਰਾਲੇ ਨੇ ਇਸ ਸਬੰਧੀ ਰਾਜਪਾਲ ਤੋਂ ਰਿਪੋਰਟ ਮੰਗੀ ਹੈ। ਸ੍ਰੀ ਪ੍ਰਕਾਸ਼ ਨੇ ਸ਼ਿਕਾਇਤ ਵਿੱਚ ਕਿਹਾ ਕਿ ਉਨ੍ਹਾਂ ਨੂੰ ਰਾਤ 12 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਸੱਦ ਕੇ ਟੈਲੀਵਿਜ਼ਨ ਪ੍ਰਚਾਰ ’ਚ ਹੋ ਰਹੀ ਦੇਰੀ ਸਬੰਧੀ ਵਿਧਾਇਕਾਂ ਨੂੰ ਜਵਾਬ ਦੇਣ ਲਈ ਕਿਹਾ ਗਿਆ। ਜਦੋਂ ਉਨ੍ਹਾਂ ਇਸ਼ਤਿਹਾਰਬਾਜ਼ੀ ਸਬੰਧੀ ਸੁਪਰੀਮ ਕੋਰਟ ਦੀਆਂ ਸੇਧਾਂ ਦਾ ਜ਼ਿਕਰ ਕੀਤਾ ਤਾਂ ਵਿਧਾਇਕ ਉਨ੍ਹਾਂ ਦੇ ਗਲ਼ ਪੈ ਗਏ।
ਦੂਜੇ ਪਾਸੇ ਦਿੱਲੀ ਪ੍ਰਸ਼ਾਸਕੀ ਅਧੀਨ ਸੇਵਾਵਾਂ ਦੇ ਅਧਿਕਾਰੀਆਂ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਸਕੱਤਰੇਤ ਦੇ ਮੁਲਾਜ਼ਮਾਂ ਤੇ ਅਫ਼ਸਰਾਂ ਨੇ ਵਾਤਾਵਰਨ ਮੰਤਰੀ ਇਮਰਾਨ ਹੁਸੈਨ ਦਾ ਘਿਰਾਓ ਕੀਤਾ। ਸ੍ਰੀ ਹੁਸੈਨ ਨੇ ਆਪਣੇ ਉਤੇ ਹਮਲੇ ਦੇ ਦੋਸ਼ ਲਾਉਂਦਿਆਂ ਸ਼ਿਕਾਇਤ ਦਰਜ ਕਰਵਾਈ ਹੈ।

ਸਾਰੇ ਦੋਸ਼ ਹੈਰਾਨੀਜਨਕ ਤੇ ਬੇਬੁਨਿਆਦ: ਕੇਜਰੀਵਾਲ 
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੋਸ਼ਾਂ ਨੂੰ ‘ਹੈਰਾਨੀਜਨਕ ਤੇ ਬੇਬੁਨਿਆਦ’ ਕਰਾਰ ਦਿੱਤਾ ਹੈ। ‘ਆਪ’ ਨੇ ਕਿਹਾ ਕਿ ਮੁੱਖ ਸਕੱਤਰ ਵੱਲੋਂ ਉਪ ਰਾਜਪਾਲ ਤੇ ਭਾਜਪਾ ਦੀ ਸ਼ਹਿ ’ਤੇ ਦੋਸ਼ ਲਾਏ ਜਾ ਰਹੇ ਹਨ। ਪਾਰਟੀ ਨੇ ਸਫ਼ਾਈ ਦਿੱਤੀ ਕਿ ਰਾਜਧਾਨੀ ਵਿੱਚ ਢਾਈ ਲੱਖ ਪਰਿਵਾਰਾਂ ਦੇ ਰਾਸ਼ਨ ਕਾਰਡ ਆਧਾਰ ਨਾਲ ਨਾ ਜੁੜਨ ਕਾਰਨ ਉਨ੍ਹਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ। ਇਸ ਸਬੰਧੀ ਮੀਟਿੰਗ ਵਿੱਚ ਸ੍ਰੀ ਪ੍ਰਕਾਸ਼ ਨੂੰ ਸੱਦਿਆ ਗਿਆ ਸੀ। ਪਾਰਟੀ ਨੇ ਦੋਸ਼ ਲਾਇਆ ਕਿ ਮੁੱਖ ਸਕੱਤਰ ਨੇ ਵਿਧਾਇਕਾਂ ਨਾਲ ਬਦਸਲੂਕੀ ਕੀਤੀ ਤੇ ਬਿਨਾਂ ਜਵਾਬ ਦਿੱਤੇ ਚਲੇ ਗਏ।

Facebook Comment
Project by : XtremeStudioz