Close
Menu

ਮੋਦੀ ਦੀ ਰੈਲੀ ਦੌਰਾਨ ਪੰਡਾਲ ਡਿੱਗਿਆ; 90 ਜ਼ਖ਼ਮੀ

-- 17 July,2018

ਮਿਦਨਾਪੁਰ, 17 ਜੁਲਾਈ

ਪੱਛਮੀ ਬੰਗਾਲ ਦੇ ਇਸ ਜ਼ਲ੍ਹਿ‌ੇ ਵਿੱਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਇਕ ਪੰਡਾਲ ਡਿੱਗ ਪੈਣ ਕਾਰਨ ਕਰੀਬ 90 ਜਣੇ ਜ਼ਖ਼ਮੀ ਹੋ ਗਏ। ਅਧਿਕਾਰੀਆਂ ਮੁਤਾਬਕ ਜ਼ਖ਼ਮੀਆਂ ਵਿੱਚ 66 ਮਰਦ ਤੇ 24 ਔਰਤਾਂ ਸ਼ਾਮਲ ਸਨ। ਇਹ ਘਟਨਾ ਉਦੋਂ ਵਾਪਰੀ ਜਦੋਂ ਸ੍ਰੀ ਮੋਦੀ ਦਾ ਭਾਸ਼ਣ ਚੱਲ ਰਿਹਾ ਸੀ। ਇਸ ਦੌਰਾਨ ਸ੍ਰੀ ਮੋਦੀ ਨੇ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਸਰਕਾਰ ਉਤੇ ਜ਼ੋਰਦਾਰ ਹੱਲੇ ਬੋਲਦਿਆਂ ਉਸ ’ਤੇ ਜਮਹੂਰੀਅਤ ਦਾ ‘ਗਲ ਘੁੱਟਣ’ ਦੇ ਦੋਸ਼ ਲਾਏ।
ਦੱਸਿਆ ਜਾਂਦਾ ਹੈ ਕਿ ਇਹ ਪੰਡਾਲ ਲੋਕਾਂ ਨੂੰ ਬਾਰਸ਼ ਤੋਂ ਬਚਾਉਣ ਲਈ ਰੈਲੀ ਦੇ ਦਾਖ਼ਲੇ ਵਾਲੇ ਸਥਾਨ ਨੇੜੇ ਬਣਾਇਆ ਗਿਆ ਸੀ। ਇਸ ਦੌਰਾਨ ਪਾਰਟੀ ਦੇ ਅਨੇਕਾਂ ਵਰਕਰ ਟੈਂਟ ਦੇ ਉੱਤੇ ਚੜ੍ਹ ਗਏ, ਜੋ ਸੰਭਵ ਤੌਰ ’ਤੇ ਇਸ ਦੇ ਡਿੱਗਣ ਦਾ ਕਾਰਨ ਬਣਿਆ। ਜ਼ਖ਼ਮੀਆਂ ਨੂੰ ਪ੍ਰਧਾਨ ਮੰਤਰੀ ਦੇ ਕਾਫ਼ਲੇ ਦੀਆਂ ਐਂਬੂਲੈਂਸਾਂ ਰਾਹੀਂ ਪੱਛਮੀ ਮਿਦਨਾਪੁਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।  ਹਸਪਤਾਲ ਦੇ ਪ੍ਰਿੰਸੀਪਲ ਡਾ. ਪੀ. ਕੁੰਡੂ ਨੇ ਦੱਸਿਆ ਕਿ ਸਾਰੇ ਜ਼ਖ਼ਮੀ ਖ਼ਤਰੇ ਤੋਂ ਬਾਹਰ ਹਨ ਤੇ 14 ਨੂੰ ਦੇਰ ਸ਼ਾਮ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਬਾਕੀ ਹਸਪਤਾਲ ਵਿੱਚ ਜ਼ੇਰੇ-ਇਲਾਜ ਸਨ।
ਸ੍ਰੀ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਵੀ ਕਈ ਵਾਰ ਲੋਕਾਂ ਨੂੰ ਟੈਂਟ ਦੇ ਉਪਰ ਚੜ੍ਹਨ ਤੋਂ ਰੋਕਿਆ ਪਰ ਉਹ ਨਾ ਰੁਕੇ। ਹਾਦਸੇ ਦੇ ਫ਼ੌਰੀ ਬਾਅਦ ਸ੍ਰੀ ਮੋਦੀ ਨੇ ਆਪਣੀ ਸੁਰੱਖਿਆ ਲਈ ਤਾਇਨਾਤ ਐਸਪੀਜੀ ਜਵਾਨਾਂ ਤੇ ਡਾਕਟਰਾਂ ਆਦਿ ਨੂੰ ਜ਼ਖ਼ਮੀਆਂ ਦੀ ਸੰਭਾਲ ਕਰਨ ਦਾ ਹੁਕਮ ਦਿੱਤਾ। ਉਨ੍ਹਾਂ ਇਸ ਮੌਕੇ ਥੋੜ੍ਹੀ ਦੇਰ ਆਪਣਾ ਭਾਸ਼ਣ ਰੋਕਿਆ ਤੇ ਫਿਰ ਆਪਣੀ ਗੱਲ ਆਖਣੀ ਸ਼ੁਰੂ ਕਰ ਦਿੱਤੀ। ਪ੍ਰਧਾਨ ਮੰਤਰੀ ਨੇ ਰੈਲੀ ਤੋਂ ਬਾਅਦ ਹਸਪਤਾਲ ਪੁੱਜ ਕੇ ਵੀ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ। ਮੁੱਖ ਮੰਤਰੀ ਬੀਬੀ ਬੈਨਰਜੀ ਨੇ ਵੀ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਜ਼ਖ਼ਮੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇ।
ਸ੍ਰੀ ਮੋਦੀ ਨੇ ਇਸ ‘ਕਿਸਾਨ ਰੈਲੀ’ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਟੀਐਮਸੀ ਸਰਕਾਰ ਵੱਲੋਂ ਸੂਬੇ ਵਿੱਚ ‘ਜਮਹੂਰੀਅਤ ਦਾ ਗਲਾ ਘੁੱਟਿਆ’ ਜਾ ਰਿਹਾ ਹੈ ਤੇ ਇਥੇ ‘ਸਿੰਡੀਕੇਟ ਰਾਜ’ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੰਗਾਲ ਵਾਸੀਆਂ ਨੂੰ ਕੁਝ ਮਹੀਨਿਆਂ ਤੱਕ ਤ੍ਰਿਣਮੂਲ ਸਰਕਾਰ ਦੀ ‘ਬਦਇੰਤਜ਼ਾਮੀ’ ਤੋਂ ਛੁਟਕਾਰਾ ਦਿਵਾ ਦਿੱਤਾ ਜਾਵੇਗਾ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਦੀ ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕੰਮ ਕਰ ਰਹੀ ਹੈ। ਇਸ ਦੌਰਾਨ ਸ੍ਰੀ ਮੋਦੀ ਨੇ ਰੈਲੀ ਵਾਲੀ ਥਾਂ ਨੇੜੇ ਲੱਗੇ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀਆਂ ਤਸਵੀਰਾਂ ਵਾਲੇ ਪੋਸਟਰਾਂ ਦਾ ਹਵਾਲਾ ਦਿੰਦਿਆਂ ਕਿਹਾ, ‘ਮੈਂ ਮਮਤਾ ਦੀਦੀ ਦਾ ਧੰਨਵਾਦ ਕਰਦਾ ਹਾਂ। ਟੀਐਮਸੀ ਵੀ ਸਾਡੀਆਂ ਪ੍ਰਾਪਤੀਆਂ ਨੂੰ ਦਰਕਿਨਾਰ ਨਹੀਂ ਕਰ ਸਕੀ। ਉਨ੍ਹਾਂ ਦੀਦੀ ਦੀਆਂ ਹੱਥ ਜੋੜ ਕੇ ਪ੍ਰਧਾਨ ਮੰਤਰੀ ਦਾ ਇਸਤਕਬਾਲ ਕਰਦਿਆਂ ਦੀਆ ਤਸਵੀਰਾਂ ਲਾਈਆਂ ਹਨ।’
ਨਵੀਂ ਦਿੱਲੀ: ਇਸੇ ਦੌਰਾਨ ਕੇਂਦਰ ਸਰਕਾਰ ਨੇ ਰੈਲੀ ਦਾ ਪੰਡਾਲ ਡਿੱਗਣ ਸਬੰਧੀ ਪੱਛਮੀ ਬੰਗਾਲ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ।  

ਭਾਜਪਾ ਕੱਟੜਪੰਥੀਆਂ ਦੀ ਸਿੰਡੀਕੇਟ: ਟੀਐਮਸੀ
ਕੋਲਕਾਤਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਮੋੜਵਾਂ ਵਾਰ ਕਰਦਿਆਂ ਤ੍ਰਿਣਮੂਲ ਕਾਂਗਰਸ ਨੇ ਦੋਸ਼ ਲਾਇਆ ਕਿ ਸ੍ਰੀ ਮੋਦੀ ਸੂਬਾ ਸਰਕਾਰ ਖ਼ਿਲਾਫ਼ ‘ਗ਼ਲਤ ਖ਼ਬਰਾਂ’ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਪਾਰਟੀ ਨੇ ਦੋਸ਼ ਲਾਇਆ ਕਿ ਉਲਟਾ ਭਾਜਪਾ ਵੱਲੋਂ ਅਜਿਹੀ ਸਿੰਡੀਕੇਟ ਚਲਾਈ ਜਾ ਰਹੀ ਹੈ ਜਿਹੜੀ ‘ਧਾਰਮਿਕ ਅਤਿਵਾਦ’ ਫੈਲਾਉਂਦੀ ਹੈ। ਸਕੱਤਰ ਜਨਰਲ ਪਾਰਥ ਚੈਟਰਜੀ ਤੇ ਰਾਜ ਸਭਾ ਵਿੱਚ ਆਗੂ ਡੈਰੇਕ ਓ’ਬਰਾਇਨ ਵੱਲੋਂ ਜਾਰੀ ਬਿਆਨ ਵਿਚ ਟੀਐਮਸੀ ਨੇ ਕਿਹਾ ਭਾਜਪਾ ਵੱਲੋਂ ‘ਕੁੱਟ-ਕੁੱਟ ਕੇ ਲੋਕਾਂ ਨੂੰ ਮਾਰਨ ਦੀ ਸਿੰਡੀਕੇਟ’ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਸਿੰਡੀਕੇਟ ਬਾਰੇ ਭਾਜਪਾ ਤੋਂ ਬਿਹਤਰ ਹੋਰ ਕੌਣ ਜਾਣਦਾ ਹੈ? ਤੁਹਾਡੀ ਪਾਰਟੀ ਅਜਿਹੀ ਸਿੰਡੀਕੇਟ ਹੈ ਜੋ ਧਾਰਮਿਕ ਦਹਿਸ਼ਤਗਰਦੀ ਫ਼ੈਲਾਉਂਦੀ ਹੈ।’’

Facebook Comment
Project by : XtremeStudioz