Close
Menu

ਮੌਨਸੂਨ ਸੈਸ਼ਨ: ਸਰਕਾਰ ਵੱਲੋਂ ਵਿਰੋਧੀਆਂ ਤੱਕ ਪਹੁੰਚ

-- 17 July,2018

ਨਵੀਂ ਦਿੱਲੀ, 17 ਜੁਲਾਈ
18 ਜੁਲਾਈ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਦੋਵੇਂ ਸਦਨਾਂ ਦੇ ਮੌਨਸੂਨ ਸੈਸ਼ਨ ਨੂੰ ਨਿਰਵਿਘਨ ਚਲਾਉਣ ਲਈ ਕੇਂਦਰ ਸਰਕਾਰ ਨੇ ਵਿਰੋਧੀ ਦਲਾਂ ਤਕ ਪਹੁੰਚ ਕੀਤੀ ਹੈ। ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਵਿਜੈ ਗੋਇਲ ਅੱਜ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਮਿਲੇ ਜਿਨ੍ਹਾਂ ਵਿੱਚ ਸਮਾਜਵਾਦੀ ਪਾਰਟੀ ਦੇ ਆਗੂ ਰਾਮ ਗੋਪਾਲ ਯਾਦਵ, ਬਸਪਾ ਆਗੂ ਸਤੀਸ਼ ਚੰਦਰ ਮਿਸ਼ਰਾ, ਸ਼ਿਵ ਸੈਨਾ ਦੇ ਸੰਜੈ ਰਾਊਤ ਅਤੇ ਸੀਪੀਆਈ ਦੇ ਆਗੂ ਡੀ ਰਾਜਾ ਸ਼ਾਮਲ ਹਨ। ਸੂਤਰਾਂ ਅਨੁਸਾਰ ਕੇਂਦਰੀ ਮੰਤਰੀ ਨੇ ਇਸ ਤੋਂ ਇਲਾਵਾ ਟੀਆਰਐਸ, ਬੀਜੇਡੀ ਸਮੇਤ ਹੋਰਨਾਂ ਪਾਰਟੀਆਂ ਦੇ ਆਗੂਆਂ ਨਾਲ ਵੀ ਗੱਲਬਾਤ ਕੀਤੀ। ਵਿਰੋਧੀ ਦਲਾਂ ਨਾਲ ਗੱਲਬਾਤ ਦੌਰਾਨ ਸੰਸਦ ਦੀ ਕਾਰਵਾਈ ਨਿਰਵਿਘਨ ਤੌਰ ’ਤੇ ਚਲਾਉਣ ’ਤੇ ਜ਼ੋਰ ਦਿੱਤਾ। ਇਸ ਸਬੰਧੀ ਸਰਕਾਰ ਨੇ ਭਲਕੇ ਸਾਰੀਆਂ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ਸੱਦੀ ਹੈ। ਸੰਸਦ ਦਾ ਮੌਨਸੂਨ ਸੈਸ਼ਨ 18 ਜੁਲਾਈ ਤੋਂ 10 ਅਗਸਤ ਤੱਕ ਚੱਲੇਗਾ। ਔਰਤਾਂ ਦੇ ਰਾਖਵਾਂਕਰਨ ਦੇ ਬਿੱਲ ਸਬੰਧੀ ਭਾਜਪਾ ਦਾ ਕਹਿਣਾ ਹੈ ਕਿ ਕਾਂਗਰਸ ਇਸ ਬਿੱਲ ਸਬੰਧੀ ਦੋਗਲੀ ਨੀਤੀ ’ਤੇ ਚੱਲ ਰਹੀ ਹੈ ਜਦੋਂ ਕਿ ਇਸ ਬਿੱਲ ਦਾ ਵਿਰੋਧ ਕਾਂਗਰਸ ਦੀਆਂ ਹੀ ਭਾਈਵਾਲ ਪਾਰਟੀਆਂ ਲਾਲੂ ਪ੍ਰਸਾਦ ਯਾਦਵ ਦੀ ਆਰਜੇਡੀ ਅਤੇ ਮੁਲਾਇਮ ਸਿੰਘ ਯਾਦਵ ਦੀ ਸਮਾਜਵਾਦੀ ਪਾਰਟੀ ਕਰਦੀਆਂ ਰਹੀਆਂ ਹਨ।

ਮਹਿਲਾ ਰਾਖਵਾਂਕਰਨ ਬਿੱਲ ਸਬੰਧੀ ਰਾਹੁਲ ਗਾਂਧੀ ਨੇ ਮੋਦੀ ਨੂੰ ਲਿਖੀ ਚਿੱਠੀ
ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੌਨਸੂਨ ਸੈਸ਼ਨ ਵਿੱਚ ਔਰਤਾਂ ਦੇ ਰਾਖਵਾਂਕਰਨ ਬਾਰੇ ਬਿੱਲ ਨੂੰ ਪਾਸ ਕਰਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ 2014 ਦੇ ਆਪਣੇ ਮੈਨੀਫੈਸਟੋ ਵਿੱਚ ਇਸ ਸਬੰਧੀ ਕੀਤਾ ਵਾਅਦਾ ਵੀ ਚੇਤੇ ਕਰਾਇਆ। ਕਾਂਗਰਸੀ ਆਗੂ ਨੇ ਕਿਹਾ ਕਿ ਇਹ ਬਿੱਲ ਰਾਜ ਸਭਾ ਵਿੱਚ 2010 ਨੂੰ ਪਾਸ ਹੋ ਗਿਆ ਸੀ ਜਦੋਂ ਕਿ ਲੋਕ ਸਭਾ ਵਿੱਚ ਅੱਠ ਸਾਲ ਤੋਂ ਪਿਆ ਹੈ। ਉਨ੍ਹਾਂ ਕਿਹਾ ਕਿ ਸੰਸਦ ਦੇ ਇਸ ਸੈਸ਼ਨ ਵਿੱਚ ਜੇ ਇਹ ਬਿੱਲ ਪਾਸ ਨਹੀਂ ਹੁੰਦਾ ਤਾਂ ਇਹ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਸ ਹੋਣਾ ਮੁਸ਼ਕਲ ਹੋ ਜਾਵੇਗਾ।

Facebook Comment
Project by : XtremeStudioz