Close
Menu

ਰਾਮ ਨਾਥ ਕੋਵਿੰਦ ਬਣੇ ਮੁਲਕ ਦੇ 14ਵੇਂ ਰਾਸ਼ਟਰਪਤੀ

-- 21 July,2017

ਨਵੀਂ ਦਿੱਲੀ, ਵਕੀਲ ਤੋਂ ਸਿਆਸਤਦਾਨ ਬਣੇ ਭਾਜਪਾ ਆਗੂ ਰਾਮ ਨਾਥ ਕੋਵਿੰਦ ਅੱਜ ਦੇਸ਼ ਦੇ 14ਵੇਂ ਰਾਸ਼ਟਰਪਤੀ ਚੁਣੇ ਗਏ। ਹਾਕਮ ਐਨਡੀਏ ਦੇ ਉਮੀਦਵਾਰ ਸ੍ਰੀ ਕੋਵਿੰਦ (71) ਸਿੱਧੇ ਤੌਰ ’ਤੇ ਭਾਜਪਾ ਨਾਲ ਸਬੰਧਤ ਪਹਿਲੇ ਰਾਸ਼ਟਰਪਤੀ ਤੇ ਦੇਸ਼ ਦਾ ਪ੍ਰਥਮ ਨਾਗਰਿਕ ਬਣਨ ਵਾਲੇ ਦੂਜੇ ਦਲਿਤ ਆਗੂ ਹਨ। ਉਨ੍ਹਾਂ ਵਿਰੋਧੀ ਧਿਰ ਦੀ ਉਮੀਦਵਾਰ ਤੇ ਲੋਕ ਸਭਾ ਦੀ ਸਾਬਕਾ ਸਪੀਕਰ ਮੀਰਾ ਕੁਮਾਰ ਨੂੰ ਵੱਡੇ ਫ਼ਰਕ ਨਾਲ ਹਰਾਇਆ।
ਬਿਹਾਰ ਦੇ ਸਾਬਕਾ ਰਾਜਪਾਲ ਸ੍ਰੀ ਕੋਵਿੰਦ ਨੂੰ ਚੋਣ ਮੰਡਲ ਦੀਆਂ ਕੁੱਲ ਵੋਟਾਂ ’ਚੋਂ 65.65 ਫ਼ੀਸਦੀ ਹਾਸਲ ਹੋਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਚੋਣ ਮੰਡਲ ਦੀ ਮਿਲੀ ‘ਵਿਆਪਕ’ ਹਮਾਇਤ ਉਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ, ‘‘ਸ੍ਰੀ ਰਾਮ ਨਾਥ ਕੋਵਿੰਦ ਜੀ ਨੂੰ ਭਾਰਤ ਦਾ ਰਾਸ਼ਟਰਪਤੀ ਚੁਣੇ ਜਾਣ ’ਤੇ ਵਧਾਈ! ਫਲਦਾਈ ਤੇ ਪ੍ਰੇਰਣਾਦਾਈ ਕਾਰਜਕਾਲ ਲਈ ਸ਼ੁਭ ਕਾਮਨਾਵਾਂ।’’
ਰਿਟਰਨਿੰਗ ਅਫ਼ਸਰ ਅਨੂਪ ਮਿਸ਼ਰਾ ਨੇ ਨਤੀਜੇ ਦਾ ਐਲਾਨ ਕਰਦਿਆਂ ਕਿਹਾ ਕਿ ਸ੍ਰੀ ਕੋਵਿੰਦ ਨੂੰ ਕੁੱਲ ਮਿਲਾ ਕੇ 2930 ਕਾਨੂੰਨਸਾਜ਼ਾਂ (ਸੰਸਦ ਮੈਂਬਰਾਂ ਤੇ ਵਿਧਾਇਕਾਂ) ਨੇ ਵੋਟਾਂ ਪਾਈਆਂ ਜਿਨ੍ਹਾਂ ਦੀ ਕੀਮਤ 702044 ਬਣਦੀ ਹੈ। ਬੀਬੀ ਕੁਮਾਰ ਨੂੰ 367314 ਕੀਮਤ ਵਾਲੀਆਂ 1844 ਵੋਟਾਂ ਮਿਲੀਆਂ। ਉਂਜ ਸ੍ਰੀ ਕੋਵਿੰਦ ਦੀ ਜਿੱਤ ਦਾ ਫ਼ਰਕ ਭਾਜਪਾ ਦੇ ਦਾਅਵਿਆਂ ਤੱਕ ਨਹੀਂ ਪੁੱਜ ਸਕਿਆ, ਜਿਸ ਨੇ ਸ੍ਰੀ ਕੋਵਿੰਦ ਨੂੰ 70 ਫ਼ੀਸਦੀ ਵੋਟਾਂ ਪੈਣ ਦੀ ਪੇਸ਼ੀਨਗੋਈ ਕੀਤੀ ਸੀ।
ਆਪਣੀ ਜਿੱਤ ਦੇ ਐਲਾਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਕੋਵਿੰਦ ਨੇ ਕਿਹਾ, ‘‘ਮੈਂ ਕਦੇ ਰਾਸ਼ਟਰਪਤੀ ਬਣਨ ਬਾਰੇ ਨਹੀਂ ਸੋਚਿਆ ਸੀ। ਮੇਰੀ ਜਿੱਤ ਉਨ੍ਹਾਂ ਲੋਕਾਂ ਲਈ ਸੁਨੇਹਾ ਹੈ ਜੋ ਆਪਣੇ ਫ਼ਰਜ਼ ਦਿਆਨਤਦਾਰੀ ਨਾਲ ਨਿਭਾਉਂਦੇ ਹਨ। ਰਾਸ਼ਟਰਪਤੀ ਵਜੋਂ ਮੇਰੀ ਚੋਣ ਭਾਰਤੀ ਲੋਕਤੰਤਰ ਦੀ ਮਹਾਨਤਾ ਦਾ ਸਬੂਤ ਹੈ।’’ ਉਨ੍ਹਾਂ ਕਿਹਾ, ‘‘ਮੈਂ ਭਾਵੁਕ ਮਹਿਸੂਸ ਕਰ ਰਿਹਾ ਹਾਂ।’’
ਰਾਸ਼ਟਰਪਤੀ ਬਣਨ ਵਾਲੇ ਸ੍ਰੀ ਕੋਵਿੰਦ ਪਹਿਲੇ ਭਾਜਪਾ ਮੈਂਬਰ ਹਨ। ਉਹ ਅਹੁਦੇ ਦੀ ਪੰਜ ਸਾਲਾ ਮਿਆਦ ਲਈ 25 ਜੁਲਾਈ ਨੂੰ ਸਹੁੰ ਚੁੱਕਣਗੇ। ਰਾਸ਼ਟਰਪਤੀ ਭਵਨ ਵਿੱਚ ਪੁੱਜਣ ਵਾਲੇ ਉਹ ਦੂਜੇ ਦਲਿਤ ਆਗੂ ਹਨ। ਸ੍ਰੀ ਕੇ.ਆਰ. ਨਰਾਇਣਨ ਪਹਿਲੇ ਦਲਿਤ ਰਾਸ਼ਟਰਪਤੀ ਸਨ।
ਚੋਣ ਦਾ ਐਲਾਨ ਹੁੰਦਿਆਂ ਹੀ ਸ੍ਰੀ ਕੋਵਿੰਦ ਦੇ ਜੱਦੀ ਪਿੰਡ ਕਲਿਆਣਪੁਰ, ਜ਼ਿਲ੍ਹਾ ਕਾਨਪੁਰ ਦੇਹਾਤ, ਯੂਪੀ ਵਿੱਚ ਮੇਲੇ ਵਰਗਾ ਮਾਹੌਲ ਬਣ ਗਿਆ ਦੇ ਲੋਕ ਆਤਿਸ਼ਬਾਜ਼ੀ ਚਲਾਉਂਦੇ ਹੋਏ ਖ਼ੁਸ਼ੀ ਵਿੱਚ ਝੂਮਣ ਲੱਗ ਪਏ। ਸ੍ਰੀ ਕੋਵਿੰਦ ਦੀ ਜਿੱਤ ਵਿੱਚ ਉਨ੍ਹਾਂ ਦੇ ਜੱਦੀ ਸੂਬੇ ਯੂਪੀ ਦੀਆਂ ਹਾਲੀਆ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਮਿਲੀ ਵੱਡੀ ਜਿੱਤ ਦਾ ਵੀ ਅਹਿਮ ਹਿੱਸਾ ਹੈ। ਉਂਜ ਯੂਪੀ ਦੀ ਜਿੱਤ ਤੇ ਬਾਵਜੂਦ ਭਾਜਪਾ ਦੀ ਅਗਵਾਈ ਵਾਲੇ ਹਾਕਮ ਐਨਡੀਏ ਦੀਆਂ ਵੋਟਾਂ ਬਹੁਮਤ ਤੋਂ ਘਟ ਰਹੀਆਂ ਸਨ। ਇਸ ਕਾਰਨ ਜਿੱਤ ਲਈ ਉਨ੍ਹਾਂ ਨੂੰ ਗ਼ੈਰ ਐਨਡੀਏ ਪਾਰਟੀਆਂ ਜਿਵੇਂ ਤਿਲੰਗਾਨਾ ਦੀ ਟੀਆਰਐਸ, ਤਾਮਿਲ ਨਾਡੂ ਦੀ ਅੰਨਾਡੀਐਮਕੇ ਦੇ ਧੜਿਆਂ ਤੇ ਡੀਐਮਕੇ, ਬਿਹਾਰ ਦੇ ਜਨਤਾ ਦਲ (ਯੂ) ਤੇ ਉੜੀਸਾ ਦੇ ਬੀਜੂ ਜਨਤਾ ਦਲ ਦਾ ਸਹਾਰਾ ਲੈਣਾ ਪਿਆ।
ਉਂਜ ਭਾਜਪਾ ਨੇ ਇਕ ਦਲਿਤ ਨੂੰ ਉਮੀਦਵਾਰ ਬਣਾ ਕੇ ਬੜੀ ਸਿਰੇ ਦੀ ਚਾਲ ਚੱਲੀ ਸੀ। ਇਸ ਨਾਲ ਪਾਰਟੀ ਨੇ ਨਾ ਸਿਰਫ਼ ਦਲਿਤ ਤੇ ਪਛੜੇ ਵਰਗਾਂ ਵਿੱਚ ਆਪਣੀ ਪਹੁੰਚ ਵਧਾਉਣ ਦੀ ਕੋਸ਼ਿਸ਼ ਕੀਤੀ ਹੈ, ਸਗੋਂ ਵੱਖ-ਵੱਖ ਪਾਰਟੀਆਂ ਲਈ ਵੀ ਵਿਰੋਧ ਵਿੱਚ ਖੜ੍ਹਾ ਹੋਣਾ ਮੁਸ਼ਕਲ ਬਣਾ ਦਿੱਤਾ। ਇਸੇ ਕਾਰਨ ਵਿਰੋਧੀ ਧਿਰ ਨੂੰ ਵੀ ਬੀਬੀ ਕੁਮਾਰ ਦੇ ਰੂਪ ਵਿੱਚ ਇਕ ਦਲਿਤ ਨੂੰ ਉਮੀਦਵਾਰ ਬਣਾਉਣਾ ਪਿਆ। ਬੀਬੀ ਕੁਮਾਰ ਨੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਸੰਵਿਧਾਨ ਦੀ ਪਾਲਣਾ ਦੀ ਜ਼ਿੰਮੇਵਾਰੀ ਹੁਣ ਉਨ੍ਹਾਂ ਦੇ ਸਿਰ ਹੈ। ਸ੍ਰੀ ਮੋਦੀ ਨੇ ਵੀ ਵਧੀਆ ਚੋਣ ਮੁਹਿੰਮ ਲਈ ਬੀਬੀ ਕੁਮਾਰ ਨੂੰ ਮੁਬਾਰਕਬਾਦ ਦਿੱਤੀ। ਸ੍ਰੀ ਕੋਵਿੰਦ ਨੂੰ ਵਧਾਈ ਦੇਣ ਵਾਲਿਆਂ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਤੇ ਵੱਖ-ਵੱਖ ਮੁੱਖ ਮੰਤਰੀ ਤੇ ਹੋਰ ਆਗੂ ਸ਼ਾਮਲ ਹਨ। ਬੀਬੀ ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਸ਼ੁਭ ਇੱਛਾਵਾਂ ਦਿੰਦਿਆਂ ਕਿਹਾ ਕਿ ਰਾਸ਼ਟਰਪਤੀ ਨੇ ਸੰਵਿਧਾਨ ਅਤੇ ਜਮਹੂਰੀ ਰੀਤਾਂ ਦੇ ਰਾਖੇ ਵਜੋਂ ਅਹਿਮ ਜ਼ਿੰਮੇਵਰੀ ਨਿਭਾਉਣੀ ਹੁੰਦੀ ਹੈ।    

Facebook Comment
Project by : XtremeStudioz