Close
Menu

ਰਾਹੁਲ ਦੀ ਭਵਿੱਖਬਾਣੀ: ਗੁਜਰਾਤ ’ਚ ਲੱਗੇਗੀ ‘ਜੁਮਲਿਆਂ ਦੀ ਝੜੀ’

-- 17 October,2017

ਨਵੀਂ ਦਿੱਲੀ, 17 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਆਪਣੇ ਗ੍ਰਹਿ ਰਾਜ ਦੀ ਫੇਰੀ ਤੋਂ ਪਹਿਲਾਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ‘ਮੌਸਮ ਰਿਪੋਰਟ’ ਵਿੱਚ ਕਿਹਾ ਕਿ ਗੁਜਰਾਤ ਵਿੱਚ ਭਾਸ਼ਣਾਂ ਦੀ ਝੜੀ ਲੱਗੇਗੀ। ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਸਿਰ ’ਤੇ ਹਨ ਅਤੇ ਪ੍ਰਧਾਨ ਮੰਤਰੀ ਵੱਲੋਂ ਇਸ ਫੇਰੀ ਦੌਰਾਨ ਚੋਣ ਗੱਫੇ ਦਿੱਤੇ ਜਾਣ ਦੇ ਕਿਆਸ ਲਾਏ ਜਾ ਰਹੇ ਹਨ।
ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਮੌਸਮ ਰਿਪੋਰਟ: ਚੋਣਾਂ ਤੋਂ ਪਹਿਲਾਂ ਗੁਜਰਾਤ ਵਿੱਚ ਅੱਜ ਜੁਮਲਿਆਂ ਦਾ ਮੀਂਹ ਵਰ੍ਹੇਗਾ।’ ਕਾਂਗਰਸੀ ਆਗੂ ਨੇ ਆਪਣੇ ਟਵੀਟ ਨਾਲ ਇਕ ਰਿਪੋਰਟ ਟੈਗ ਕੀਤੀ ਸੀ, ਜਿਸ ਦੀ ਸੁਰਖੀ ਸੀ ‘ਗੁਜਰਾਤ ਨੂੰ ਚੋਣ ਤਰੀਕ ਦੀ ਉਡੀਕ, ਸੂਬੇ ਨੂੰ 12500 ਕਰੋੜ ਦੇ ਪ੍ਰਾਜੈਕਟ ਮਿਲੇ’। ਕਾਂਗਰਸ ਨੇ ਦੋਸ਼ ਲਾਇਆ ਸੀ ਕਿ ਭਾਜਪਾ ਸਰਕਾਰ ਨੇ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਚੋਣਾਂ ਦਾ ਇਕੋ ਸਮੇਂ ਐਲਾਨ ਨਾ ਕਰਨ ਲਈ ਚੋਣ ਕਮਿਸ਼ਨ ’ਤੇ ‘ਦਬਾਅ’ ਪਾਇਆ ਹੈ ਕਿਉਂਕਿ ਜੇਕਰ ਚੋਣ ਕਮਿਸ਼ਨ ਵੱਲੋਂ ਹਿਮਾਚਲ ਦੇ ਨਾਲ ਹੀ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਜਾਂਦਾ ਤਾਂ ਤੁਰੰਤ ਚੋਣ ਜ਼ਾਬਤਾ ਲੱਗ ਜਾਣਾ ਸੀ। ਇਸ ਬਾਅਦ ਭਾਜਪਾ ਕੋਲ ਗੁਜਰਾਤ ਵਾਸੀਆਂ ਨੂੰ ਲੁਭਾਉਣ ਲਈ ਚੋਣ ਗੱਫੇ ਦੇਣ ਦਾ ਮੌਕਾ ਨਹੀਂ ਮਿਲਣਾ ਸੀ।
ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ 9 ਨਵੰਬਰ ਨੂੰ ਹੋਣੀਆਂ ਹਨ ਅਤੇ ਨਤੀਜਾ 18 ਦਸੰਬਰ ਨੂੰ ਐਲਾਨਿਆ ਜਾਵੇਗਾ। ਭਾਵੇਂ ਮੁੱਖ ਚੋਣ ਕਮਿਸ਼ਨਰ ਏ ਕੇ ਜੋਤੀ ਨੇ         ਕਿਹਾ ਸੀ ਕਿ ਗੁਜਰਾਤ ਵਿੱਚ        ਚੋਣਾਂ 18 ਦਸੰਬਰ ਤੋਂ ਪਹਿਲਾਂ ਹੋਣਗੀਆਂ ਪਰ ਅਜੇ ਤਕ ਗੁਜਰਾਤ ਅਸੈਂਬਲੀ ਚੋਣਾਂ ਦਾ ਐਲਾਨ ਨਹੀਂ ਕੀਤਾ ਗਿਆ।

Facebook Comment
Project by : XtremeStudioz