Close
Menu

ਲੱਕ ’ਚ ਖਿਚਾਅ ਕਾਰਨ ਪੰਡਿਆ ਆਸਟਰੇਲੀਆ ਖ਼ਿਲਾਫ਼ ਲੜੀ ਤੋਂ ਬਾਹਰ

-- 22 February,2019

ਨਵੀਂ ਦਿੱਲੀ, 22 ਫਰਵਰੀ
ਭਾਰਤੀ ਆਲਰਾਊਂਡਰ ਹਾਰਦਿਕ ਪੰਡਿਆ ਲੱਕ ਵਿੱਚ ਖਿੱਚ ਕਾਰਨ ਆਸਟਰੇਲੀਆ ਖ਼ਿਲਾਫ਼ ਆਗਾਮੀ ਟੀ-20 ਅਤੇ ਇਕ ਰੋਜ਼ਾ ਕੌਮਾਂਤਰੀ ਲੜੀ ਤੋਂ ਬਾਹਰ ਹੋ ਗਿਆ ਹੈ ਅਤੇ ਉਸ ਦੀ ਜਗ੍ਹਾ 50 ਓਵਰਾਂ ਦੇ ਰੂਪ ਦੀ ਟੀਮ ’ਚ ਰਵਿੰਦਰ ਜਡੇਜਾ ਨੂੰ ਸ਼ਾਮਲ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਇਕ ਟੀਵੀ ਸ਼ੋਅ ’ਤੇ ਮਹਿਲਾਵਾਂ ਪ੍ਰਤੀ ਇਤਰਾਜ਼ਯੋਗ ਟਿੱਪਣੀ ਕਰਨ ’ਤੇ ਪੰਡਿਆ ’ਤੇ ਅਸਥਾਈ ਮੁਅੱਵਲੀ ਲਾਈ ਸੀ। ਉਸ ਨੇ ਹਾਲਾਂਕਿ ਬਾਅਦ ’ਚ ਨਿਊਜ਼ੀਲੈਂਡ ’ਚ ਸੀਮਿਤ ਓਵਰਾਂ ਦੀ ਲੜੀ ’ਚ ਹਿੱਸਾ ਲਿਆ ਸੀ। ਇਸੇ ਸ਼ੋਅ ’ਚ ਹਿੱਸਾ ਲੈਣ ਵਾਲੇ ਬੱਲੇਬਾਜ਼ ਲੋਕੇਸ਼ ਰਾਹੁਲ ’ਤੇ ਲੱਗੀ ਅੰਤ੍ਰਿਮ ਮੁਅੱਤਲੀ ਵੀ ਹਟਾ ਦਿੱਤੀ ਗਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਬਿਆਨ ’ਚ ਕਿਹਾ ਕਿ ਬੋਰਡ ਦੀ ਮੈਡੀਕਲ ਟੀਮ ਨੇ ਇਸ ਆਲਰਾਊਂਡਰ ਨੂੰ ਆਰਾਮ ਦੇਣ ਦਾ ਫ਼ੈਸਲਾ ਲਿਆ ਹੈ ਅਤੇ ਉਹ ਬੰਗਲੌਰ ’ਚ ਕੌਮੀ ਕ੍ਰਿਕਟ ਅਕੈਡਮੀ ’ਚ ਲੱਕ ਦੀ ਪ੍ਰੇਸ਼ਾਨੀ ਦਾ ਇਲਾਜ ਕਰਾਏਗਾ। ਬੋਰਡ ਨੇ ਕਿਹਾ ਕਿ ਟੀ-20 ਕੌਮਾਂਤਰੀ ਟੀਮ ’ਚ ਹੁਣ 14 ਮੈਂਬਰ ਹਨ। ਰਵਿੰਦਰ ਜਡੇਜਾ ਪੰਜ ਇਕ ਰੋਜ਼ਾ ਮੈਚਾਂ ’ਚ ਹਾਰਦਿਕ ਪੰਡਿਆ ਦੀ ਜਗ੍ਹਾ ਲਏਗਾ। ਪੰਡਿਆ ਤੇ ਰਾਹੁਲ ਨੂੰ ਆਪਣੇ ਵਿਵਾਦਤ ਬਿਆਨਾਂ ਲਈ ਹੁਣ ਵੀ ਜਾਂਚ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੰਡਿਆ ਦੀ ਗੈਰ ਮੌਜੂਦਗੀ ’ਚ ਜਡੇਜਾ ਨੂੰ ਮਈ-ਜੁਲਾਈ ’ਚ ਬਰਤਾਨੀਆ ’ਚ ਹੋਣ ਵਾਲੇ ਵਿਸ਼ਵ ਕੱਪ ਦੀ ਟੀਮ ’ਚ ਜਗ੍ਹਾ ਬਣਾਉਣ ਦੀ ਦਾਅਵੇਦਾਰੀ ਪੇਸ਼ ਕਰਨ ਦਾ ਇਕ ਹੋਰ ਮੌਕਾ ਮਿਲੇਗਾ। ਭਾਰਤ ਦੋ ਟੀ-20 ਅਤੇ ਪੰਜ ਇਕ ਰੋਜ਼ਾ ਮੈਚਾਂ ਦੀ ਲੜੀ ਲਈ ਆਸਟਰੇਲੀਆ ਦੀ ਮੇਜ਼ਬਾਨੀ ਕਰੇਗਾ। ਪਹਿਲਾ ਟੀ-20 ਐਤਵਾਰ ਨੂੰ ਵਿਸ਼ਾਖਾਪਟਨਮ ’ਚ ਖੇਡਿਆ ਜਾਵੇਗਾ ਜਦੋਂਕਿ ਦੂਜਾ ਟੀ20 ਬੰਗਲੌਰ ’ਚ 27 ਫਰਵਰੀ ਨੂੰ ਹੋਵੇਗਾ। ਪੰਜ ਇਕ ਰੋਜ਼ਾ ਮੈਚ ਹੈਦਰਾਬਾਦ (2 ਮਾਰਚ), ਨਾਗਪੁਰ (5 ਮਾਰਚ), ਰਾਂਚੀ (8 ਮਾਰਚ), ਮੁਹਾਲੀ (10 ਮਾਰਚ) ਅਤੇ ਨਵੀਂ ਦਿੱਲੀ (13 ਮਾਰਚ) ’ਚ ਖੇਡੇ ਜਾਣਗੇ। 

Facebook Comment
Project by : XtremeStudioz