Close
Menu

‘ਸਭ ਤੋਂ ਖ਼ਤਰਨਾਕ’ ਤੋਂ ਡਰ ਗਈ ਭਾਜਪਾ

-- 25 July,2017

ਚੰਡੀਗੜ੍ਹ, 25 ਜੁਲਾਈ
19 ਵਰ੍ਹਿਆਂ ਦੀ ਉਮਰ ਵਿੱਚ ਜਦੋਂ ਪਾਸ਼ ਨੇ ਪੰਜਾਬੀ ਕਵਿਤਾ ਦੇ ਮੌਜੂਦਾ ਸੋਹਜਵਾਦੀ ਸਰੂਪ ਉਤੇ ਉਂਗਲ ਚੁੱਕੀ ਤਾਂ ਇਕ ਸਥਾਪਤ ਕਵੀ ਨੇ ਉਸ ਦੀ ਕਵਿਤਾ ਨੂੰ ‘‘ਸਿਰਫ਼ ਲਾਲ ਟਾਕੀ’’ ਆਖ ਕੇ ਰੱਦ ਕੀਤਾ ਪਰ ਇਸ ਨੌਜਵਾਨ ਕਵੀ ਦਾ ਹੁੰਗਾਰਾ ਕਾਵਿਕ ਸੀ: ‘‘ਮੈਥੋਂ ਇਹ ਆਸ ਨਾ ਰੱਖਿਓ ਕਿ ਮੈਂ ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ।’’ ਹੁਣ ਕਿਸੇ ਨੂੰ ਇਹ ਸਮਝ ਨਹੀਂ ਆ ਰਹੀ ਕਿ ਆਰਐਸਐਸ ਵਿਚਾਰਧਾਰਕ ਦੀਨਾਨਾਥ ਬੱਤਰਾ ਦੇ ਉਸ ਸੁਝਾਅ ਬਾਰੇ ਕੀ ਪ੍ਰਤੀਕਰਮ ਦੇਵੇ, ਜਿਸ ਵਿੱਚ ਐਨਸੀਈਆਰਟੀ ਦੀ ਪਾਠ ਪੁਸਤਕ ਵਿੱਚੋਂ ਪਾਸ਼ ਦੀ ਕਵਿਤਾ ਹਟਾਉਣ ਲਈ ਕਿਹਾ ਗਿਆ ਹੈ।
ਸਾਲ 2006 ਵਿੱਚ ਪਾਸ਼ ਦੀ ਮਸ਼ਹੂਰ ਕਵਿਤਾ ‘ਸਭ ਤੋਂ ਖ਼ਤਰਨਾਕ’ ਦੇ ਹਿੰਦੀ ਅਨੁਵਾਦ ਨੂੰ ਗਿਆਰਵੀਂ ਹਿੰਦੀ ਦੇ ਪਾਠਕ੍ਰਮ ਦਾ ਭਾਗ ਬਣਾਇਆ ਗਿਆ। ਉਹ ਇਕੋ ਇਕ ਪੰਜਾਬੀ ਕਵੀ ਹੈ, ਜਿਸ ਦੀ ਕਵਿਤਾ ਨੂੰ ਐਨਸੀਈਆਰਟੀ ਦੀ ਪਾਠ ਪੁਸਤਕ ਵਿੱਚ ਥਾਂ ਮਿਲੀ। ਬੱਤਰਾ ਨੇ ਪਾਸ਼ ਤੋਂ ਇਲਾਵਾ ਰਾਬਿੰਦਰਨਾਥ ਟੈਗੋਰ ਦੇ ਵਿਚਾਰਾਂ, ਮਿਰਜ਼ਾ ਗਾਲਿਬ ਦੀ ਇਕ ਕਵਿਤਾ ਅਤੇ ਐਮ.ਐਫ. ਹੁਸੈਨ ਦੀ ਸਵੈ ਜੀਵਨੀ ਦੀਆਂ ਟੂਕਾਂ ਨੂੰ ਹਟਾਉਣ ਲਈ ਐਨਸੀਈਆਰਟੀ ਨੂੰ ਆਖਿਆ ਹੈ। ਹਾਲਾਂਕਿ ਬੱਤਰਾ ਦੇ ਇਸ ਕਦਮ ਨੂੰ ਐਨਸੀਈਆਰ ਦੀਆਂ ਕਿਤਾਬਾਂ ਦੇ ਪ੍ਰਕਾਸ਼ਨ ਤੇ ਖੋਜ ਨਾਲ ਸਬੰਧਤ ਰਹੇ ਸਿੱਖਿਆ ਸ਼ਾਸਤਰੀਆਂ ਨੇ ਗ਼ੈਰ ਅਕਾਦਮਿਕ ਦੱਸਿਆ ਹੈ।
ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਹਿੰਦੀ ਸਾਹਿਤ ਦੇ ਸਾਬਕਾ ਪ੍ਰੋਫੈਸਰ ਅਤੇ ਐਨਸੀਈਆਰਟੀ ਦੀ ਹਿੰਦੀ ਪਾਠ ਪੁਸਤਕ ਕਮੇਟੀ ਦੇ ਕਨਵੀਨਰ ਰਹੇ ਪੁਰਸ਼ੋਤਮ ਅਗਰਵਾਲ ਦਾ ਮੰਨਣਾ ਹੈ ਕਿ ਬੱਤਰਾ ਦਾ ਵਿਚਾਰ ਘਟੀਆ ਹੈ ਅਤੇ ਇਸ ਦਾ ਅਕਾਦਮਿਸ਼ਨ ਨਾਲ ਕੋਈ ਸਬੰਧ ਨਹੀਂ ਹੈ। ਪਾਸ਼ ਦੀ ਕਵਿਤਾ ਨੂੰ ਹਿੰਦੀ ਪਾਠ ਪੁਸਤਕਾਂ ਵਿੱਚ ਸ਼ਾਮਲ ਕਰਨ ਦੇ ਵਿਚਾਰ ਬਾਰੇ ਉਨ੍ਹਾਂ ਕਿਹਾ ਕਿ ਇਸ ਦਾ ਕਾਰਨ ਵਿਦਿਆਰਥੀਆਂ ਨੂੰ ਹੋਰ ਭਾਰਤੀ ਭਾਸ਼ਾਵਾਂ ਦੇ ਸਾਹਿਤਕ ਰੁਝਾਨਾਂ ਤੋਂ ਜਾਣੂੰ ਕਰਵਾਉਣਾ ਸੀ। ਸਾਡਾ ਵਿਚਾਰ ਸੀ ਕਿ ਵਿਦਿਆਰਥੀਆਂ ਦਾ ਮਨ ਵੱਖ ਵੱਖ ਵਿਚਾਰਾਂ ਪ੍ਰਤੀ ਜਿਗਿਆਸੂ ਬਣੇ ਅਤੇ ਉਹ ਇਨ੍ਹਾਂ ਵਿਚਾਰਾਂ ਬਾਰੇ ਆਪਣਾ ਸਿੱਟਾ ਕੱਢ ਸਕਣ।
ਪ੍ਰੋ. ਅਗਰਵਾਲ ਨੇ ਕਿਹਾ ਕਿ ਸਾਡਾ ਮੰਤਵ ਜਮਹੂਰੀ ਤੇ ਸਮੁੱਚੇ ਭਾਰਤ ਦਾ ਸੰਕਲਪ ਵਿਦਿਆਰਥੀਆਂ ਸਾਹਮਣੇ ਪੇਸ਼ ਕਰਨਾ ਹੈ। ਸ਼ਾਇਦ ਇਸ ਦਾ ਮਨੋਰਥ ਉਦਾਰਵਾਦੀ ਸਿੱਖਿਆ ਹੈ। ਉਨ੍ਹਾਂ ਕਿਹਾ ਕਿ ‘‘ਜਿੱਥੋਂ ਤੱਕ ਬੱਤਰਾ ਦਾ ਸਵਾਲ ਹੈ, ਮੇਰੀ ਸਮਝ ਮੂਜਬ ਉਸ ਨੂੰ ਇਨ੍ਹਾਂ ਕਿਤਾਬਾਂ ਵਿਚਲੇ ਕੁਝ ਗੈਰ ਹਿੰਦੀ ਸ਼ਬਦਾਂ ਉਤੇ ਇਤਰਾਜ਼ ਹੈ। ਪਾਰਟੀ ਅੰਗਰੇਜ਼ੀ ਦਾ ਸ਼ਬਦ ਹੈ। ਮੈਨੂੰ ਹੈਰਾਨੀ ਹੈ ਕਿ ਉਸ ਨੇ ਭਾਜਪਾ ਨੂੰ ਸੁਝਾਅ ਦਿੱਤਾ ਹੈ ਕਿ     ਪਾਰਟੀ ਦੀ ਥਾਂ ਹਿੰਦੀ ਸ਼ਬਦ ਵਰਤਿਆ ਜਾਵੇ।’’
ਪਾਸ਼ ਦੀ ਕਵਿਤਾ ਦਾ ਅਨੁਵਾਦ ਕਰਨ ਵਾਲੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਭਾਰਤੀ ਭਾਸ਼ਾਵਾਂ ਬਾਰੇ ਕੇਂਦਰ ਦੇ ਸਾਬਕਾ ਪ੍ਰੋਫੈਸਰ ਚਮਨ ਲਾਲ ਨੇ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਸੱਜੇ ਪੱਖੀ ਤਾਕਤਾਂ ਨੇ ਪਾਸ਼ ਨੂੰ ਨਿਸ਼ਾਨਾ ਬਣਾਇਆ ਹੈ। ਇਕ ਸੱਜੇ ਪੱਖੀ ਵਿੰਗ ਨੇ ਉਸ ਦਾ ਕਤਲ ਕੀਤਾ ਅਤੇ ਦੂਜਾ ਸੱਜੇ ਪੱਖੀ ਵਿੰਗ ਉਸ ਦੇ ਕੰਮਾਂ ਨੂੰ ਮਿਟਾਉਣਾ ਚਾਹੁੰਦਾ ਹੈ ਕਿਉਂਕਿ ਉਸ ਦੀਆਂ ਖ਼ੂਬਸੂਰਤ ਕਵਿਤਾਵਾਂ ਮੂਲਵਾਦੀ ਤਾਕਤਾਂ ਦੇ ਸੂਤ ਨਹੀਂ ਬੈਠਦੀਆਂ ਪਰ ਉਨ੍ਹਾਂ ਨੂੰ ਇਹ ਗੱਲ ਨਹੀਂ ਪਤਾ ਕਿ ਪਾਸ਼ ਦੀਆਂ ਕਵਿਤਾਵਾਂ ਕਈ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਪਾਠਕ੍ਰਮ ਵਿੱਚ ਸ਼ਾਮਲ ਹਨ। ਇਹ ਯੂਪੀਐਸਸੀ ਦੇ ਪਾਠਕ੍ਰਮ ਦਾ ਵੀ ਹਿੱਸਾ ਹਨ।
ਪਾਸ਼ ਦੇ ਸਮਕਾਲੀ ਕਵੀ ਅਤੇ ਉਸ ਦੀਆਂ ਕਵਿਤਾਵਾਂ ਦਾ ਸੰਪਾਦਨ ਕਰ ਚੁੱਕੇ ਲੰਡਨ ਆਧਾਰਤ ਅਮਰਜੀਤ ਚੰਦਨ ਦਾ ਕਹਿਣਾ ਹੈ ਕਿ ‘‘ਤਰਕ ਦੇ ਆਧਾਰ ਉਤੇ ਪਾਸ਼ ਜ਼ਰੂਰ ਇਸ ਦਾ ਸਵਾਗਤ ਕਰਦਾ। ਇਹ ਇਤਿਹਾਸਕ ਵਿਅੰਗ ਹੀ ਹੈ ਕਿ ਜਿਨ੍ਹਾਂ ਤਾਕਤਾਂ ਵਿਰੁੱਧ ਪਾਸ਼ ਨੇ ਆਪਣੀ ਸਾਰੀ ਕਵਿਤਾ ਲਿਖੀ, ਉਹੀ ਉਸ ਦੇ ਕੰਮ ਨੂੰ ਪਾਠਕ੍ਰਮ ਦਾ ਹਿੱਸਾ ਬਣਾਉਣ।’’

Facebook Comment
Project by : XtremeStudioz