Close
Menu

ਸਰਦ ਰੁੱਤ ਇਜਲਾਸ: ਪਹਿਲੇ ਦਿਨ ਵਿਛੜੀਆਂ ਹਸਤੀਆਂ ਨੂੰ ਸ਼ਰਧਾਂਜਲੀਆਂ

-- 12 December,2018

ਨਵੀਂ ਦਿੱਲੀ। 12 ਦਸੰਬਰ
ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ, ਲੋਕ ਸਭਾ ਦੇ ਸਾਬਕਾ ਸਪੀਕਰ ਸੋਮਨਾਥ ਚੈਟਰਜੀ ਅਤੇ ਕਈ ਹੋਰ ਵਿਛੜੀਆਂ ਹਸਤੀਆਂ ਨੂੰ ਸ਼ਰਧਾਂਜਲੀਆਂ ਦੇਣ ਮਗਰੋਂ ਦੋਵੇਂ ਸਦਨਾਂ ਨੂੰ ਦਿਨ ਭਰ ਲਈ ਉਠਾ ਦਿੱਤਾ ਗਿਆ। ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਸ੍ਰੀ ਵਾਜਪਾਈ, ਚੈਟਰਜੀ, ਕੇਂਦਰੀ ਮੰਤਰੀ ਅਨੰਤ ਕੁਮਾਰ ਅਤੇ ਤਿੰਨ ਮੌਜੂਦਾ ਮੈਂਬਰਾਂ ਦੇ ਚਲਾਣੇ ’ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਰਾਜ ਸਭਾ ਦੇ ਸਭਾਪਤੀ ਐਮ ਵੈਂਕਈਆ ਨਾਇਡੂ ਨੇ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ, ਲੋਕ ਸਭਾ ਦੇ ਸਾਬਕਾ ਸਪੀਕਰ ਅਤੇ ਕਈ ਹੋਰ ਵਿਛੜੇ ਮੈਂਬਰਾਂ ਦੇ ਯੋਗਦਾਨ ਨੂੰ ਯਾਦ ਕੀਤਾ। ਸ੍ਰੀ ਨਾਇਡੂ ਜਦੋਂ ਸ੍ਰੀ ਅਨੰਤ ਕੁਮਾਰ ਨੂੰ ਸ਼ਰਧਾਂਜਲੀ ਦੇ ਰਹੇ ਸਨ ਤਾਂ ਉਹ ਭਾਵੁਕ ਹੋ ਗਏ। ਇਸੇ ਤਰ੍ਹਾਂ ਲੋਕ ਸਭਾ ’ਚ ਜਦੋਂ ਸਪੀਕਰ ਵੱਲੋਂ ਸ੍ਰੀ ਵਾਜਪਾਈ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਸੀ ਤਾਂ ਉਨ੍ਹਾਂ ਦਾ ਗਲਾ ਭਰ ਆਇਆ। ਉਨ੍ਹਾਂ ਕਿਹਾ ਕਿ ਸ੍ਰੀ ਵਾਜਪਾਈ ਅਜਿਹੇ ਆਗੂ ਸਨ ਜਿਨ੍ਹਾਂ ਦਾ ਸਤਿਕਾਰ ਵਿਰੋਧੀ ਧਿਰਾਂ ਵੀ ਕਰਦੀਆਂ ਸਨ।
ਜਦੋਂ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰਧੀ ਧਿਰ ਦੇ ਬੈਂਚਾਂ ਵੱਲ ਗਏ ਅਤੇ ਉਹ ਕਾਂਗਰਸ ਆਗੂ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵਗੌੜਾ, ਸਮਾਜਵਾਦੀ ਪਾਰਟੀ ਦੇ ਮੁਲਾਇਮ ਸਿੰਘ ਯਾਦਵ ਅਤੇ ਹੋਰਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ।
ਰਾਜ ਸਭਾ ’ਚ ਸਾਬਕਾ ਮੈਂਬਰਾਂ ਕੁਲਦੀਪ ਨਈਅਰ, ਦਰਸ਼ਨ ਸਿੰਘ ਯਾਦਵ, ਮਾਲਤੀ ਸ਼ਰਮਾ, ਐਨ ਡੀ ਤਿਵਾੜੀ, ਪ੍ਰਕਾਸ਼ ਮਾਲਵੀਆ ਅਤੇ ਹੋਰਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ।

Facebook Comment
Project by : XtremeStudioz