Close
Menu

ਸਾਊਦੀ ਅਰਬ ਖਸ਼ੋਗੀ ਗੁੰਮਸ਼ੁਦਗੀ ਮਾਮਲੇ ਦੀ ਜਾਂਚ ਲਈ ਸਹਿਮਤ: ਅਮਰੀਕਾ

-- 17 October,2018

ਰਿਆਧ, 17 ਅਕਤੂਬਰ
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਅੱਜ ਸਾਊਦੀ ਅਰਬ ਦੇ ਸੁਲਤਾਨ ਸਲਮਾਨ ਨਾਲ ਗੱਲਬਾਤ ਕੀਤੀ ਤੇ ਖਾੜ੍ਹੀ ਮੁਲਕ ਕੋਲੋਂ ਸਾਊਦੀ ਮੂਲ ਦੇ ਅਮਰੀਕੀ ਪੱਤਰਕਾਰ ਜਮਾਲ ਖਸ਼ੋਗੀ ਦੀ ਗੁੰਮਸ਼ੁਦਗੀ ਸਬੰਧੀ ਕੁਝ ਸਵਾਲਾਂ ਦੇ ਜਵਾਬ ਮੰਗੇ। ਅਮਰੀਕਾ ਨੇ ਦਾਅਵਾ ਕੀਤਾ ਕਿ ਸਾਊਦੀ ਅਰਬ ਨੇ ਇਸ ਪੂਰੇ ਮਾਮਲੇ ਦੀ ‘ਬਾਰੀਕੀ’ ਨਾਲ ਜਾਂਚ ਕਰਾਉਣ ਦੀ ਸਹਿਮਤੀ ਦਿੱਤੀ ਹੈ। ਅਮਰੀਕਾ ਤੇ ਸਾਊਦੀ ਅਰਬ ਦਰਮਿਆਨ ਇਹ ਗੱਲਬਾਤ ਅਜਿਹੇ ਸਮੇਂ ਹੋਈ ਹੈ ਜਦੋਂ ਅਮਰੀਕੀ ਮੀਡੀਆ ’ਚ ਅਜਿਹੀਆਂ ਰਿਪੋਰਟਾਂ ਹਨ ਕਿ ਸਾਊਦੀ ਸਲਤਨਤ ਇਹ ਗੱਲ ਮੰਨਣ ’ਤੇ ਵਿਚਾਰ ਕਰ ਰਹੀ ਹੈ ਕਿ ਖਸ਼ੋਗੀ ਸਖ਼ਤੀ ਨਾਲ ਕੀਤੀ ਪੁੱਛਗਿੱਛ ਦੌਰਾਨ ਦਮ ਤੋੜ ਗਿਆ। ਇਸ ਦੌਰਾਨ ਯੂਐਨ ਦੇ ਮਨੁੱਖੀ ਹੱਕਾਂ ਬਾਰੇ ਮੁਖੀ ਨੇ ਇਸਤੰਬੁਲ ਸਥਿਤ ਸਾਊਦੀ ਕੌਂਸੁਲੇਟ ਦੇ ਅਧਿਕਾਰੀਆਂ ਨੂੰ ਵੀਏਨਾ ਕਨਵੈਨਸ਼ਨ ਤਹਿਤ ਮਿਲੀ ‘ਛੋਟ’ ਫੌਰੀ ਵਾਪਸ ਲੈਣ ਦੀ ਵਕਾਲਤ ਕੀਤੀ ਹੈ।
‘ਵਾਸ਼ਿੰਗਟਨ ਪੋਸਟ’ ਲਈ ਕੰਮ ਕਰਦਾ ਖਸ਼ੋਗੀ ਨਿਕਾਹ ਸਬੰਧੀ ਦਸਤਾਵੇਜ਼ ਪੂਰੇ ਕਰਨ ਲਈ 2 ਅਕਤੂਬਰ ਨੂੰ ਇਸਤੰਬੁਲ ਸਥਿਤ ਸਾਊਦੀ ਸਫ਼ਾਰਤਖਾਨੇ ਵਿੱਚ ਗਿਆ ਸੀ, ਜਿਸ ਮਗਰੋਂ ਉਹ ਵਿਵਾਦਿਤ ਹਾਲਾਤ ਵਿੱਚ ਗਾਇਬ ਹੋ ਗਿਆ। ਅਮਰੀਕੀ ਸਦਰ ਡੋਨਲਡ ਟਰੰਪ ਨੇ ਖਸ਼ੋਗੀ ਦੀ ਗੁੰਮਸ਼ੁਦਗੀ ਲਈ ‘ਗੁੰਡਾ ਅਨਸਰਾਂ’ ਨੂੰ ਜ਼ਿੰਮੇਵਾਰ ਦੱਸਿਆ ਸੀ। ਅਮਰੀਕੀ ਵਿਦੇਸ਼ ਮੰਤਰੀ ਨੇ ਟਰੰਪ ਦੇ ਕਹਿਣ ’ਤੇ ਹੀ ਅੱਜ ਰਿਆਧ ਵਿੱਚ ਸਾਊਦੀ ਵਿਦੇਸ਼ ਮੰਤਰੀ ਆਦਿਲ ਅਲ ਜੁਬੇਰ ਸਮੇਤ ਹੋਰਨਾਂ ਆਗੂਆਂ ਨਾਲ ਮੁਲਾਕਾਤ ਕੀਤੀ। ਇਸ ਵਿਚਾਰ ਚਰਚਾ ਮਗਰੋਂ ਪੌਂਪੀਓ ਨੇ ਸਾਊਦੀ ਬਾਦਸ਼ਾਹ ਦੇ ਤਾਕਤਵਾਰ ਸ਼ਹਿਜ਼ਾਦੇ ਅਤੇ ਤਾਜ ਦੇ ਵਾਰਿਸ ਮੁਹੰਮਦ ਬਿਨ ਸਲਮਾਨ ਨਾਲ ਰਾਤਰੀ ਭੋਜ ਵੀ ਕੀਤਾ।
ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਮਨੁੱਖੀ ਹੱਕਾਂ ਬਾਰੇ ਮੁਖੀ ਮਿਸ਼ੇਲ ਬੈਚਲੇਟ ਨੇ ਇਕ ਬਿਆਨ ’ਚ ਕਿਹਾ ਕਿ ਖਾਸ਼ੋਗੀ ਦੀ ਗੁੰਮਸ਼ੁਦਗੀ ਨਾਲ ਜੁੜੇ ਹਾਲਾਤ ਦੀ ਸੰਜੀਦਗੀ ਨੂੰ ਵੇਖਦਿਆਂ ਇਸਤੰਬੁਲ ਸਥਿਤ ਸਾਊਦੀ ਸਫ਼ਾਰਤਖ਼ਾਨੇ ਵਿਚਲੇ ਅਧਿਕਾਰੀਆਂ ਨੂੰ ਵੀਏਨਾ ਕਨਵੈਨਸ਼ਨ ਤਹਿਤ ਮਿਲੀ ਸੁਰੱਖਿਆ(ਛੋਟਾਂ) ਫੌਰੀ ਵਾਪਸ ਲੈ ਲਈ ਜਾਣੀ ਚਾਹੀਦੀ ਹੈ। ਰਿਆਧ ਨੇ ਬੀਤੇ ਦਿਨ ਤੁਰਕੀ ਜਾਂਚਕਾਰਾਂ ਨੂੰ ਕੌਂਸੁਲੇਟ ਦੀ ਤਲਾਸ਼ੀ ਲੈਣ ਤੋਂ ਡੱਕ ਦਿੱਤਾ। ਪਰ ਜਾਂਚਕਾਰਾਂ ਨੇ ਮਗਰੋਂ ਮੰਗਲਵਾਰ ਸਵੇਰੇ ਲਗਪਗ ਅੱਠ ਘੱਟੇ ਤਕ ਚੱਲੀ ਤਲਾਸ਼ੀ ਮੁਹਿੰਮ ਦੌਰਾਨ ਕੌਂਸੁਲੇਟ ਦੇ ਬਗੀਚੇ ਦੀ ਮਿੱਟੀ ਸਮੇਤ ਹੋਰ ਕਈ ਨਮੂਨੇ ਇਕੱਤਰ ਕੀਤੇ। ਇਕ ਸਫ਼ਾਰਤੀ ਸੂਤਰ ਨੇ ਕਿਹਾ ਕਿ ਇਸਤੰਬੁਲ ਪੁਲੀਸ ਵੱਲੋਂ ਹੁਣ ਕੌਂਸੁਲੇਟ ਨੇੜਲੀਆਂ ਰਿਹਾਇਸ਼ਾਂ ਦੀ ਵੀ ਤਲਾਸ਼ੀ ਲਈ ਜਾਵੇਗੀ।

Facebook Comment
Project by : XtremeStudioz