Close
Menu

ਸਾਊਦੀ ਅਰਬ ਨਾਲ ਸਬੰਧ ਵਿਗਾੜ ਕੇ ਅਰਥਚਾਰਾ ਤਬਾਹ ਨਹੀਂ ਕਰ ਸਕਦਾ: ਟਰੰਪ

-- 21 November,2018

ਵਾਸ਼ਿੰਗਟਨ/ਇਸਤੰਬੁਲ, 21 ਨਵੰਬਰ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੱਤਰਕਾਰ ਜਮਾਲ ਖ਼ਸ਼ੋਗੀ ਦੀ ਹੱਤਿਆ ਮਾਮਲੇ ’ਚ ਸਾਊਦੀ ਹਾਕਮਾਂ ਨੂੰ ਜਵਾਬਦੇਹ ਨਾ ਠਹਿਰਾਉਣ ਦੇ ਆਪਣੇ ਫ਼ੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਸਾਊਦੀ ਸਲਤਨਤ ਨਾਲ ਰਣਨੀਤਕ ਸਬੰਧਾਂ ਦੀ ਕਾਇਮੀ ਤੇ ਆਲਮੀ ਪੱਧਰ ’ਤੇ ਤੇਲ ਕੀਮਤਾਂ ਨੂੰ ਹੇਠਾ ਲਿਆਉਣਾ ਅਮਰੀਕਾ ਦੇ ਵੱਡੇ ਹਿੱਤਾਂ ਵਿੱਚ ਹੈ। ਉਧਰ ਤੁਰਕੀ ਨੇ ਦੋਸ਼ ਲਾਇਆ ਹੈ ਕਿ ਸਾਉੂਦੀ ਪੱਤਰਕਾਰ ਖ਼ਸ਼ੋਗੀ ਦੇ ਕਤਲ ਮਾਮਲੇ ਨੂੰ ਅਮਰੀਕਾ ਵੱਲੋਂ ਜਾਣਬੁੱਝ ਕੇ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਤੁਰਕੀ ਨੇ ਅਮਰੀਕੀ ਸਦਰ ਵੱਲੋਂ ਕੀਤੀ ਇਸ ਟਿੱਪਣੀ ਕਿ ਸਾਊਦੀ ਸ਼ਹਿਜ਼ਾਦੇ ਨੂੰ ਖ਼ਸ਼ੋਗੀ ਦੇ ਕਤਲ ਦੀ ਯੋਜਨਾ ਬਾਰੇ ਕੋਈ ਜਾਣਕਾਰੀ ਨਹੀਂ ਸੀ, ਨੂੰ ‘ਮਸ਼ਕਰੀ ਭਰੀਆਂ’ ਦਸਦਿਆਂ ਰੱਦ ਕਰ ਦਿੱਤਾ ਹੈ।
ਫਲੋਰੀਡਾ ਰਵਾਨਾ ਹੋਣ ਤੋਂ ਪਹਿਲਾਂ ਇਥੇ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, ‘ਮੇਰੇ ਲਈ ਅਮਰੀਕਾ ਪਹਿਲੀ ਤਰਜੀਹ ਹੈ। ਲਿਹਾਜ਼ਾ ਖ਼ਸ਼ੋਗੀ ਕਤਲ ਮਾਮਲੇ ਦੇ ਬਾਵਜੂਦ ਅਮਰੀਕਾ ਖਿੱਤੇ ਵਿੱਚ ਇਜ਼ਰਾਇਲ ਤੇ ਹੋਰਨਾਂ ਸਾਰੇ ਭਾਈਵਾਲਾਂ ਸਮੇਤ ਆਪਣੇ ਹਿਤਾਂ ਨੂੰ ਯਕੀਨੀ ਬਣਾਉਣ ਲਈ, ਸਾਊਦੀ ਅਰਬ ਦਾ ‘ਪੱਕਾ ਭਾਈਵਾਲ’ ਰਹੇਗਾ।’ ਅਮਰੀਕੀ ਸਦਰ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਕਿ ਸਾਊਦੀ ਸਲਤਨਤ ਦਾ ਬਚਾਅ ਮਨੁੱਖੀ ਹੱਕਾਂ ਨੂੰ ਦਾਅ ’ਤੇ ਰੱਖ ਕੇ ਕੀਤਾ ਗਿਆ ਹੈ। ਤੁਰਕੀ ਦੇ ਰਾਸ਼ਟਰਪਤੀ ਤਇਪ ਅਰਦੋਜਾਂ ਦੀ ਏਕੇ ਪਾਰਟੀ ਦੇ ਡਿਪਟੀ ਚੇਅਰਮੈਨ ਨੁਮਨ ਕੁਰਤੁਲਮਸ ਨੇ ਅਮਰੀਕੀ ਸਦਰ ਟਰੰਪ ਵੱਲੋੋਂ ਸਾਊਦੀ ਸ਼ਹਿਜ਼ਾਦੇ ਦੇ ਕੀਤੇ ਜਾ ਰਹੇ ਬਚਾਅ ਨੂੰ ਰੱਦ ਕਰਦਿਆਂ ਰਾਸ਼ਟਰਪਤੀ ਦੇ ਬਿਆਨ ਨੂੰ ‘ਮਸ਼ਕਰੀ’ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, ‘ਸੀਆਈਏ ਵਰਗੀ ਸੂਹੀਆ ਏਜੰਸੀ, ਜਿਸ ਨੂੰ ਸਾਊਦੀ ਕੌਂਸੁਲੇਟ ਦੇ ਬਗੀਚੇ ਵਿੱਚ ਘੁੰਮ ਰਹੀ ਬਿੱਲੀ ਦੀ ਜੱਤ ਦੇ ਰੰਗ ਬਾਰੇ ਪਤਾ ਹੁੰਦਾ ਹੈ, ਨੂੰ ਖ਼ਸ਼ੋਗੀ ਦੀ ਹੱਤਿਆ ਦੇ ਹੁਕਮ ਦੇਣ ਵਾਲਿਆਂ ਬਾਰੇ ਜਾਣਕਾਰੀ ਨਾ ਹੋਵੇ, ਇਹ ਮੁਮਕਿਨ ਨਹੀਂ।’

ਪੱਤਰਕਾਰਾਂ ਦੀ ਸਾਲਾਨਾ ਦਾਅਵਤ ’ਚ ਸ਼ਾਮਲ ਹੋ ਸਕਦੇ ਨੇ ਟਰੰਪ
ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ਼ਾਰਾ ਕੀਤਾ ਹੈ ਕਿ ਉਹ ਅਗਲੇ ਸਾਲ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨੂੰ ਦਿੱਤੀ ਜਾਣ ਵਾਲੀ ਰਾਤ ਦੀ ਸਾਲਾਨਾ ਦਾਅਵਤ ਵਿੱਚ ਸ਼ਾਮਲ ਹੋ ਸਕਦੇ ਹਨ। ਉਂਜ ਇਸ ਦਾਅਵਤ ਵਿੱਚ ਦਹਾਕਿਆਂ ਦੀ ਰਵਾਇਤ ਨੂੰ ਤੋੜਦਿਆਂ ਕਾਮੇਡੀਅਨਾਂ ਦੀ ਥਾਂ ਉੱਘੇ ਪੁਲਿਟਜ਼ਰ ਐਜਾਜ਼ ਜੇਤੂ ਲੇਖਕ ਨੂੰ ਸੱਦਿਆ ਜਾਵੇਗਾ।

Facebook Comment
Project by : XtremeStudioz