Close
Menu

ਸਾਡੀ ਸਰਕਾਰ ਨੇ ਲੋਕਾਂ ਦੀ ਜੂਨ ‘ਸੁਧਾਰੀ’: ਮੋਦੀ

-- 27 May,2017

ਨਵੀਂ ਦਿੱਲੀ/ਗੁਹਾਟੀ/ਸਾਦੀਆ, ਕੇਂਦਰ ਦੀ ਭਾਜਪਾ ਸਰਕਾਰ ਦੀ ਤੀਜੀ ਵਰ੍ਹੇਗੰਢ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬੀਤੇ ਤਿੰਨ ਸਾਲਾਂ ਵਿੱਚ ਕੇਂਦਰ ਸਰਕਾਰ ਵੱਲੋਂ ਚੁੱਕੇ ਗਏ ਮਜ਼ਬੂਤ ਕਦਮਾਂ ਸਦਕਾ ਲੋਕਾਂ ਦੀਆਂ ‘ਜ਼ਿੰਦਗੀਆਂ’ ਬਦਲ ਗਈਆਂ ਹਨ। ਉਨ੍ਹਾਂ ਨੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਅੰਕੜਿਆਂ ਦੇ ਆਧਾਰ ’ਤੇ 2014 ਅਤੇ ਅੱਜ ਦਾ ਮੁਲਾਂਕਣ ਵੀ ਕੀਤਾ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਸਰਵੇਖਣ ਵਿੱਚ ਉਨ੍ਹਾਂ ਦੀ ਨਰਿੰਦਰਮੋਦੀ ਐਪ ਜ਼ਰੀਏ ਹਿੱਸਾ ਲੈਣ। ਉੱਧਰ ਸਾਦੀਆ (ਅਸਾਮ) ਵਿੱਚ ਉਨ੍ਹਾਂ ਨੇ ਲੋਹਿਤ ਨਦੀ ’ਤੇ ਬਣੇ ਭਾਰਤ ਦੇ ਸਭ ਤੋਂ ਲੰਮੇ ਪੁਲ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਨੇ ਟਵਿਟਰ ’ਤੇ ਖੇਤੀਬਾੜੀ, ਮੋਬਾਈਲ ਬੈਂਕਿੰਗ, ਮੇਕ ਇਨ ਇੰਡੀਆ, ਸੂਰਜੀ ਊਰਜਾ ਆਦਿ ਸਬੰਧੀ ਅੰਕੜੇ ਵੀ ਸਾਂਝੇ ਕੀਤੇ।
ਉਧਰ ਗੁਹਾਟੀ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਆਖਿਆ ਕਿ ਨੋਟਬੰਦੀ ਇੱਕ ਮੁਸ਼ਕਲ ਫ਼ੈਸਲਾ ਸੀ ਪਰ ਲੋਕਾਂ ਨੇ ਉਨ੍ਹਾਂ ਦਾ ‘ਸਾਥ’ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਹਰ ਫ਼ੈਸਲੇ ਵਿੱਚ ਲੋਕਾਂ ਨੇ ਉਨ੍ਹਾਂ ਦਾ ‘ਸਾਥ’ ਦਿੱਤਾ, ਜਿਸ ਲਈ ਉਹ ਦੇਸ਼ ਦੇ ਸਵਾ ਅਰਬ ਲੋਕਾਂ ਦੇ ਧੰਨਵਾਦੀ ਹਨ। ਨੋਟਬੰਦੀ ’ਤੇ ਵਿਰੋਧੀ ਧਿਰ ਨੇ ਨਫ਼ਰਤ ਦੀ ਲਹਿਰ ਪੈਦਾ ਕਰਨ ਤੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਪਰ ਵਿਰੋਧੀ ਧਿਰ ਨੂੰ ਸਫ਼ਲਤਾ ਨਹੀਂ ਮਿਲੀ।
ਅੱਜ ਉਨ੍ਹਾਂ ਨੇ ਅਸਾਮ ਵਿੱਚ ਲੋਹਿਤ ਨਦੀ ’ਤੇ ਬਣੇ ਭਾਰਤ ਦੇ ਸਭ ਤੋਂ ਲੰਮੇ ਪੁਲ ਦਾ ਉਦਘਾਟਨ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਦੇਸ਼ ਦੇ ਉੱਤਰ-ਪੂਰਬੀ ਖਿੱਤੇ ਨੂੰ ਦੱਖਣ-ਪੂਰਬੀ ਏਸ਼ੀਆ ਲਈ ਵਪਾਰਕ ਧੁਰਾ ਬਣਾਉਣ ਲਈ ਕੰਮ ਕਰ ਰਹੀ ਹੈ। 9.15 ਕਿਲੋਮੀਟਰ ਲੰਮੇ ਇਸ ਪੁਲ ਦਾ ਨਾਂ ਦਾਦਾਸਾਹਿਬ ਫਾਲਕੇ ਐਵਾਰਡੀ ਅਤੇ ਮਹਾਨ ਗੀਤਕਾਰ ਤੇ ਗਾਇਕ ਭੂਪਿਨ ਹਜ਼ਾਰਿਕਾ ਦੇ ਨਾਮ ’ਤੇ ਰੱਖਿਆ ਗਿਆ ਹੈ। ਉਹ ਸਾਦੀਆ ਦੇ ਰਹਿਣ ਵਾਲੇ ਸਨ। ਇਸ ਪੁਲ ਦੇ ਨਿਰਮਾਣ ’ਤੇ 2,056 ਕਰੋੜ ਰੁਪਏ ਖਰਚੇ ਗਏ ਹਨ। ਇਸ ਦੇ ਇੱਕ ਪਾਸੇ ਧੌਲਾ ਤੇ ਦੂਜੇ ਪਾਸੇ ਸਾਦੀਆ ਹੈ।

Facebook Comment
Project by : XtremeStudioz