Close
Menu

ਸਿੰਜਾਈ ਤੇ ਡਰੇਨੇਜ ਬਾਰੇ ਕੌਮਾਂਤਰੀ ਕਮਿਸ਼ਨ ਦੇ ਮੁਖੀ ਦੀ ਪੰਜਾਬ ਦੇ ਜਲ ਸਰੋਤ ਮੰਤਰੀ ਨਾਲ ਮੀਟਿੰਗ

-- 12 December,2018

– ਧਰਤੀ ਹੇਠਲੇ ਪਾਣੀ ਦੇ ਪ੍ਰਬੰਧਨ ਅਤੇ ਸੰਭਾਲ ਬਾਰੇ ਵਿਚਾਰ-ਵਟਾਂਦਰਾ
– ਤੁਪਕਾ ਤੇ ਫੁਹਾਰਾ ਸਿੰਜਾਈ ਪ੍ਰਣਾਲੀ ਦੀਆਂ ਸੰਭਾਵਨਾਵਾਂ ਤਲਾਸ਼ਣ ਬਾਰੇ ਚਰਚਾ
ਚੰਡੀਗੜ•, 12 ਦਸੰਬਰ:
ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਠੱਲ• ਪਾਉਣ ਲਈ ਯਤਨਸ਼ੀਲ ਸੂਬੇ ਦੇ ਜਲ ਸਰੋਤ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਇਥੇ ਪੰਜਾਬ ਭਵਨ ਵਿੱਚ ਸਿੰਜਾਈ ਤੇ ਡਰੇਨੇਜ ਬਾਰੇ ਕੌਮਾਂਤਰੀ ਕਮਿਸ਼ਨ ਦੇ ਮੁਖੀ ਇੰਜਨੀਅਰ ਫੀਲਿਕਸ ਬ੍ਰਿਟਜ਼ ਰੀਏਂਡਰਜ਼ ਨਾਲ ਵਿਚਾਰ ਚਰਚਾ ਕੀਤੀ। ਸ੍ਰੀ ਸਰਕਾਰੀਆ ਨੇ ਫੀਲਿਕਸ ਨੂੰ ਜਲ ਪ੍ਰਬੰਧਨ ਤੇ ਸੰਭਾਲ ਬਾਰੇ ਆਧੁਨਿਕ ਤਕਨਾਲੋਜੀ ਪੰਜਾਬ ਨਾਲ ਸਾਂਝੀ ਕਰਨ ਲਈ ਕਿਹਾ।
ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਫਸਲੀ ਵਿਭਿੰਨਤਾ ‘ਤੇ ਜ਼ੋਰ ਦਿੰਦਿਆਂ ਸ੍ਰੀ ਸਰਕਾਰੀਆ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਕਣਕ-ਝੋਨੇ ਦੇ ਫ਼ਸਲੀ ਚੱਕਰ ਕਾਰਨ ਧਰਤੀ ਹੇਠੋਂ ਪਾਣੀ ਖਿੱਚਿਆ ਜਾ ਰਿਹਾ ਹੈ, ਜਿਸ ਕਾਰਨ ਪਾਣੀ ਦਾ ਸੰਕਟ ਗੰਭੀਰ ਹੋ ਗਿਆ ਹੈ। ਉਨ•ਾਂ ਦੱਸਿਆ ਕਿ ਸੂਬਾਈ ਸਰਕਾਰ ਵੱਲੋਂ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਬਾਹਰ ਨਿਕਲਣ ਅਤੇ ਫਸਲੀ ਵਿਭਿੰਨਤਾ ਅਪਣਾਉਣ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਸੂਬੇ ਦੇ ਸਿਰੜੀ ਤੇ ਮਿਹਨਤੀ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਸ੍ਰੀ ਸਰਕਾਰੀਆ ਨੇ ਕਿਹਾ ਕਿ ਕਿਸਾਨਾਂ ਦੇ ਸਿਰ-ਤੋੜ ਯਤਨਾਂ ਸਦਕਾ ਪੰਜਾਬ ਨੂੰ ਅੱਜ ਦੇਸ਼ ਦਾ ਅੰਨ ਭੰਡਾਰ ਕਿਹਾ ਜਾਂਦਾ ਹੈ ਪਰ ਦਿਨੋਂ ਦਿਨ ਘਟ ਰਹੀਆਂ ਜ਼ਮੀਨਾਂ ਅਤੇ ਮੌਜੂਦਾ ਖੇਤੀ ਸੰਕਟ ਕਾਰਨ ਕਿਸਾਨ ਨਿਰਾਸ਼ਾ ਵਿੱਚ ਹਨ। ਉਨ•ਾਂ ਕਿਹਾ ਕਿ ਪੰਜਾਬ ਅਤੇ ਆਉਣ ਵਾਲੀਆਂ ਪੀੜ•ੀਆਂ ਦੇ ਭਵਿੱਖ ਲਈ ਕਿਸਾਨਾਂ ਵੱਲੋਂ ਫਸਲੀ ਵਿਭਿੰਨਤਾ ਅਪਣਾਉਣਾ ਸਮੇਂ ਦੀ ਲੋੜ ਹੈ।
ਜਲ ਸਰੋਤ ਪ੍ਰਬੰਧਨ ਅਤੇ ਸਿੰਜਾਈ ਇੰਜਨੀਅਰਿੰਗ, ਖੋਜ ਤੇ ਸਿਖਲਾਈ ਵਿੱਚ ਵੱਡਾ ਤਜਰਬਾ ਰੱਖਦੇ ਇੰਜਨੀਅਰ ਫੀਲਿਕਸ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਸੰਭਾਲ ਲਈ ਫੁਹਾਰਾ ਤੇ ਤੁਪਕਾ ਸਿੰਜਾਈ ਪ੍ਰਣਾਲੀ ਅਪਣਾਉਣ ਦਾ ਸੁਝਾਅ ਦਿੱਤਾ। ਉਨ•ਾਂ ਨੇ ਪੰਜਾਬ ਨੂੰ ਜਲ ਸੰਭਾਲ ਤੇ ਪ੍ਰਬੰਧਨ ਵਿੱਚ ਹਰ ਤਰ•ਾਂ ਦੇ ਸੰਭਵ ਸਹਿਯੋਗ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਸਰਵਜੀਤ ਸਿੰਘ, ਚੀਫ ਇੰਜਨੀਅਰ ਨਹਿਰਾਂ ਜੇ.ਐਸ. ਮਾਨ, ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਸਕੱਤਰ ਤਰੁਣ ਅਗਰਵਾਲ ਅਤੇ ਏ.ਬੀ. ਪਾਂਡਿਆ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।

Facebook Comment
Project by : XtremeStudioz