Close
Menu

ਸਿੱਧੂ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ: ਕੇਜਰੀਵਾਲ

-- 20 February,2019

ਅੰਮ੍ਰਿਤਸਰ, 20 ਫਰਵਰੀ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਖਿਆ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੁਲਵਾਮਾ ਹਮਲੇ ਦੇ ਮਾਮਲੇ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਆਪਣੀ ਦੋਸਤੀ ਨੂੰ ਉਪਰ ਰੱਖਿਆ, ਜਦੋਂਕਿ ਦੇਸ਼ ਪ੍ਰੇਮ ਭੁੱਲ ਗਏ ਹਨ, ਜੋ ਠੀਕ ਨਹੀਂ ਹੈ। ਉਹ ਅੱਜ ਇੱਥੇ ‘ਆਪ’ ਵਿਧਾਇਕਾ ਬਲਜਿੰਦਰ ਕੌਰ ਅਤੇ ਸੁਖਰਾਜ ਸਿੰਘ ਬੱਲ ਦੇ ਵਿਆਹ ਦੀ ਪਾਰਟੀ ਵਿਚ ਸ਼ਾਮਲ ਹੋਣ ਪੁੱਜੇ ਸਨ।
ਇੱਥੇ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਮੀਡੀਆ ਨਾਲ ਗੱਲਬਾਤ ਦੌਰਾਨ ਅਰਵਿੰਦ ਕੇਜਰੀਵਾਲ ਅਤੇ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਆੜੇ ਹੱਥੀਂ ਲਿਆ ਹੈ। ਸ੍ਰੀ ਕੇਜਰੀਵਾਲ ਨੇ ਆਖਿਆ ਕਿ ਨਵਜੋਤ ਸਿੱਧੂ ਵੱਲੋਂ ਦਿੱਤੇ ਬਿਆਨ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਆਖਿਆ ਕਿ ਇਹ ਬਿਆਨ ਅਜਿਹੇ ਸਮੇਂ ਦਿੱਤਾ ਗਿਆ, ਜਦੋਂ ਸਮੁੱਚਾ ਦੇਸ਼ ਪਾਕਿਸਤਾਨ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਦੋਸਤੀ ਹੈ ਤੇ ਉਨ੍ਹਾਂ ਆਪਣੀ ਦੋਸਤੀ ਉਪਰ ਰੱਖੀ ਤੇ ਦੇਸ਼ ਨੂੰ ਭੁੱਲ ਗਏ ਹਨ। ਇਸ ਦੌਰਾਨ ਭਗਵੰਤ ਮਾਨ ਨੇ ਆਖਿਆ ਕਿ ਸ੍ਰੀ ਸਿੱਧੂ ਦੇ ਇਸ ਬਿਆਨ ਨਾਲ ਦੇਸ਼ ਵਾਸੀ ਖ਼ਫ਼ਾ ਹਨ। ਉਨ੍ਹਾਂ ਆਖਿਆ ਕਿ ਜਦੋਂ ਸ੍ਰੀ ਸਿੱਧੂ ਕੋਈ ਚੰਗਾ ਕੰਮ ਕਰਦੇ ਹਨ, ਉਨ੍ਹਾਂ ਦੀ ਸ਼ਲਾਘਾ ਵੀ ਕੀਤੀ ਜਾਂਦੀ ਹੈ। ਉਨ੍ਹਾਂ ਕਰਤਾਰਪੁਰ ਲਾਂਘੇ ਦੇ ਮਾਮਲੇ ’ਚ ਸ੍ਰੀ ਸਿੱਧੂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਕੱਲ੍ਹ ਵਿਧਾਨ ਸਭਾ ਵਿਚ ਨਵਜੋਤ ਸਿੰਘ ਸਿੱਧੂ ਅਤੇ ਬਿਕਰਮਜੀਤ ਸਿੰਘ ਮਜੀਠੀਆ ਵਿਚਾਲੇ ਹੋਏ ਤਕਰਾਰ ਬਾਰੇ ਉਨ੍ਹਾਂ ਆਖਿਆ ਕਿ ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਅਤੇ ਅਕਾਲੀ ਆਪਸ ਵਿਚ ਮਿਲੇ ਹੋਏ ਹਨ। ਮੁੱਖ ਮੰਤਰੀ ਨੇ ਅਕਾਲੀਆਂ ਨੂੰ ਰੌਲਾ ਪਾਉਣ ਦਾ ਖੁੱਲ੍ਹਾ ਮੌਕਾ ਦਿੱਤਾ ਤੇ ਉਹ ਖ਼ੁਦ ਚੁੱਪ ਕਰ ਕੇ ਬੈਠੇ ਹੋਏ ਸਨ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਦਾਲ ਵਿਚ ਕੁਝ ਕਾਲਾ ਹੈ ਜਾਂ ਸਾਰੀ ਦਾਲ ਹੀ ਕਾਲੀ ਹੈ। ਪੁਲੀਸ ਅਧਿਕਾਰੀ ਪਰਮਰਾਜ ਉਮਰਾਨੰਗਲ ਦੀ ਗ੍ਰਿਫ਼ਤਾਰੀ ਸਬੰਧੀ ਉਨ੍ਹਾਂ ਆਖਿਆ ਕਿ ਇਸ ਤੋਂ ਬਾਅਦ ਸਾਬਕਾ ਡੀਜੀਪੀ ਤੇ ਬਾਦਲਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਪੰਜਾਬ ਸਰਕਾਰ ਵੱਲੋਂ ਪੇਸ਼ ਬਜਟ ਨੂੰ ਉਨ੍ਹਾਂ ਨਵੀਂ ਬੋਤਲ ਵਿਚ ਪੁਰਾਣੀ ਸ਼ਰਾਬ ਦੱਸਿਆ।
ਇਸ ਮਗਰੋਂ ਸ੍ਰੀ ਕੇਜਰੀਵਾਲ ਤੇ ਹੋਰ ਆਗੂ ਇੱਥੇ ਵੱਲਾ ਰੋਡ ’ਤੇ ਮੈਰਿਜ ਪੈਲੇਸ ਵਿਚ ਪੁੱਜੇ, ਜਿੱਥੇ ਉਨ੍ਹਾਂ ‘ਆਪ’ ਵਿਧਾਇਕਾ ਬਲਜਿੰਦਰ ਕੌਰ ਤੇ ਸੁਖਰਾਜ ਸਿੰਘ ਬੱਲ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ। ‘ਆਪ’ ਵਿਧਾਇਕਾ ਦੇ ਵਿਆਹ ਦੀ ਪਾਰਟੀ ਵਿਚ ‘ਆਪ’ ਦੇ ਵੱਖ ਵੱਖ ਆਗੂਆਂ ਤੋਂ ਇਲਾਵਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਹੋਰ ਅਕਾਲੀ ਆਗੂਆਂ ਸਮੇਤ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਨੀਲ ਜਾਖੜ, ਵਿਧਾਇਕ ਸੁਨੀਲ ਦੱਤੀ ਤੇ ਹੋਰ ਸ਼ਾਮਲ ਹੋਏ।

Facebook Comment
Project by : XtremeStudioz