Close
Menu

ਸੰਸਦ ਮੈਂਬਰ ਬਿੱਟੂ ਖ਼ਿਲਾਫ਼ ਕੈਨੇਡਾ ਵਿੱਚ ਸਾਜ਼ਿਸ਼ਾਂ

-- 18 July,2018

ਲੁਧਿਆਣਾ, 18 ਜੁਲਾਈ,ਖ਼ਾਲਿਸਤਾਨ ਅਤੇ ਰਾਇਸ਼ੁਮਾਰੀ 2020 ਖ਼ਿਲਾਫ਼ ਬਿਆਨ ਦੇਣ ਵਾਲੇ ਲੁਧਿਆਣਾ ਹਲਕੇ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਕੈਨੇਡਾ ਵਿੱਚ ਬੈਠੇ ਅਤਿਵਾਦੀ ਗਰੋਹ ਸੁਪਾਰੀ ਦੇਣ ਦੀ ਯੋਜਨਾ ਬਣਾ ਰਹੇ ਹਨ। ਇਸ ਸਬੰਧੀ ਇੱਕ ਫੋਨ ਕਾਲ ਪਿਛਲੇ ਦਿਨੀਂ ਖੁਫ਼ੀਆ ਏਜੰਸੀ ਨੇ ਟਰੇਸ ਕੀਤੀ ਹੈ। ਇਸ ਤੋਂ ਬਾਅਦ ਲੋਕ ਸਭਾ ਮੈਂਬਰ ਬਿੱਟੂ ਦੀ ਸੁਰੱਖਿਆ ਛੱਤਰੀ ਵਿੱਚ ਵਾਧਾ ਕੀਤਾ ਗਿਆ ਹੈ। ਇਸ ਬਾਰੇ ਜਦੋਂ ਅੱਜ ਸ੍ਰੀ ਬਿੱਟੂ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕੈਨੇਡਾ ਤੇ ਇੰਗਲੈਡ ਤੋਂ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਆਉਂਦੀਆਂ ਹਨ ਪਰ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਇਸੇ ਦੌਰਾਨ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਲਈ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਣ ਲਈ ਜਾ ਰਹੇ ਅਕਾਲੀ ਆਗੂਆਂ ਨੂੰ ਸ੍ਰੀ ਬਿੱਟੂ ਨੇ ਅਤਿਵਾਦੀਆਂ ਦਾ ਸਾਥ ਦੇਣ ਵਾਲੀ ਪਾਰਟੀ ਦੇ ਆਗੂ ਕਰਾਰ ਦਿੱਤਾ ਹੈ।
ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਖਾਲਿਸਤਾਨ ਤੇ ਰਾਇਸ਼ੁਮਾਰੀ-2020 ’ਤੇ ਬਿਆਨ ਦੇਣ ਤੋਂ ਬਾਅਦ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਮਾਰਨ ਦੀ ਇੱਕ ਵੀਡੀਓ ਇੰਗਲੈਂਡ ਤੋਂ ਜਾਰੀ ਹੋਈ ਸੀ। ਸੂਤਰਾਂ ਮੁਤਾਬਕ ਇਸ ਵੀਡੀਓ ਤੋਂ ਬਾਅਦ ਖੁਫ਼ੀਆ ਏਜੰਸੀ ਨੇ ਇੱਕ ਕਾਲ ਟਰੇਸ ਕੀਤੀ, ਜੋ ਕਿ ਕੈਨੇਡਾ ਤੋਂ ਸੀ। ਇਸ ਕਾਲ ਵਿੱਚ ਕੈਨੇਡਾ ਵਿੱਚ ਬੈਠਾ ਵਿਅਕਤੀ ਸੂਬੇ ਦੇ ਕਿਸੇ ਵਿਅਕਤੀ ਨੂੰ ਫੋਨ ਕਰਕੇ ਲੋਕ ਸਭਾ ਮੈਂਬਰ ਬਿੱਟੂ ਅਤੇ ਸ਼ਿਵ ਸੈਨਾ ਦੇ ਦੋ ਆਗੂਆਂ ਦੀ ਸੁਪਾਰੀ ਦੇ ਕੇ ਉਨ੍ਹਾਂ ਦਾ ਕਤਲ ਕਰਵਾਉਣ ਦੀ ਗੱਲ ਕਰਦਾ ਹੈ। ਇਸ ਜਾਣਕਾਰੀ ਤੋਂ ਬਾਅਦ ਖੁਫ਼ੀਆ ਏਜੰਸੀ ਨੇ ਲੋਕ ਸਭਾ ਮੈਂਬਰ ਬਿੱਟੂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਹੈ ਅਤੇ ਉਨ੍ਹਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।
ਉਧਰ, ਇਨ੍ਹਾਂ ਧਮਕੀਆਂ ਦੇ ਬਾਵਜੂਦ ਅੱਜ ਸਰਕਟ ਹਾਊਸ ਪੁੱਜੇ ਲੋਕ ਸਭਾ ਮੈਂਬਰ ਬਿੱਟੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਆਪਣਾ ਸਟੈਂਡ ਸਪੱਸ਼ਟ ਕਰੇ ਕਿ ਉਹ ਅਤਿਵਾਦੀਆਂ ਨਾਲ ਖੜ੍ਹੇ ਹਨ ਜਾਂ ਫਿਰ ਦੇਸ਼ ਲਈ ਆਪਣੀ ਜਾਨ ਦੇਣ ਵਾਲੇ ਸ਼ਹੀਦਾਂ ਨਾਲ। ਉਨ੍ਹਾਂ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਸਮੇਤ ਇੱਕ ਵਫ਼ਦ ਰਾਜੋਆਣਾ ਦੇ ਮਾਮਲੇ ਵਿੱਚ ਗ੍ਰਹਿ ਮੰਤਰੀ ਨੂੰ ਮਿਲਣਗੇ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਬਲਵੰਤ ਸਿੰਘ ਰਾਜੋਆਣਾ ਕਹਿੰਦਾ ਹੈ ਕਿ ਉਸਨੂੰ ਤਿਰੰਗੇ ਤੇ ਦੇਸ਼ ਦੇ ਕਾਨੂੰਨ ’ਤੇ ਭਰੋਸਾ ਨਹੀਂ ਹੈ ਤੇ ਉਹ ਇਸ ਦੇਸ਼ ਦੇ ਕਾਨੂੰਨ ਨੂੰ ਮੰਨਦਾ ਨਹੀਂ ਅਤੇ ਦੂਜੇ ਪਾਸੇ ਅਕਾਲੀ ਆਗੂ ਉਸਦੀ ਪੈਰਵੀ ਕਰਨ ਲਈ ਗ੍ਰਹਿ ਮੰਤਰੀ ਨੂੰ ਮਿਲਦੇ ਹਨ। ਲੋਕ ਸਭਾ ਮੈਂਬਰ ਬਿੱਟੂ ਨੇ ਕਿਹਾ ਕਿ ਜੇਕਰ ਰਾਜੋਆਣਾ ਇੱਕ ਵਾਰ ਜਨਤਾ ਸਾਹਮਣੇ ਇਹ ਗੱਲ ਮੰਨੇ ਕਿ ਉਸਨੂੰ ਭਾਰਤ ਦੇ ਕਾਨੂੰਨ ’ਤੇ ਭਰੋਸਾ ਹੈ ਅਤੇ ਉਹ ਦੇਸ਼ ਦੇ ਕਾਨੂੰਨ ਤੇ ਤਿਰੰਗੇ ਦਾ ਸਨਮਾਨ ਕਰਦਾ ਹੈ ਤਾਂ ਉਹ ਖ਼ੁਦ ਅਕਾਲੀ ਦਲ ਦੇ ਨਾਲ ਜਾ ਕੇ ਰਾਸ਼ਟਰਪਤੀ ਕੋਲ ਉਸਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਵਾਉਣ ਲਈ ਅਪੀਲ ਕਰਨਗੇ।

Facebook Comment
Project by : XtremeStudioz