Close
Menu

ਹਿਮਾਚਲ ‘ਚ ਪੰਜਾਬੀ ਦੀ ਥਾਂ ਸੰਸਕ੍ਰਿਤ ਨੂੰ ਦੂਜੀ ਭਾਸ਼ਾ ਵਜੋਂ ਥੋਪਣ ਦਾ ‘ਆਪ’ ਵੱਲੋਂ ਵਿਰੋਧ

-- 16 February,2019

ਹਰਸਿਮਰਤ ਕੌਰ ਬਾਦਲ ‘ਤੇ ਵਰ੍ਹਦਿਆਂ ਚੀਮਾ ਨੇ ਕੈਪਟਨ ਦੀ ਦਖ਼ਲ-ਅੰਦਾਜ਼ੀ ਮੰਗੀ

ਕਿਹਾ, ਪੰਜਾਬ ਭਾਜਪਾ ਸਟੈਂਡ ਸਪਸ਼ਟ ਕਰੇ

ਚੰਡੀਗੜ੍ਹ,  16 ਫਰਵਰੀ 2019

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਹਿਮਾਚਲ ਪ੍ਰਦੇਸ਼ ਦੀ ਭਾਜਪਾ ਸਰਕਾਰ ਵੱਲੋਂ ਹਿਮਾਚਲ ਪ੍ਰਦੇਸ਼ ਅੰਦਰ ਪੰਜਾਬੀ ਭਾਸ਼ਾ ਦੀ ਥਾਂ ਸੰਸਕ੍ਰਿਤ ਨੂੰ ਦੂਜੀ ਭਾਸ਼ਾ ਬਣਾਉਣ ਦਾ ਸਖ਼ਤ ਵਿਰੋਧ ਕੀਤਾ ਹੈ।

‘ਆਪ’ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ ‘ਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਗੱਲ ਕਰ ਕੇ ਪੰਜਾਬੀ ਭਾਸ਼ਾ ਦਾ ਦੁਬਾਰਾ ਦੂਜੀ ਭਾਸ਼ਾ ਵਜੋਂ ਦਰਜਾ ਬਹਾਲ ਕਰਾਉਣਾ ਚਾਹੀਦਾ ਹੈ। ਚੀਮਾ ਨੇ ਦੱਸਿਆ ਕਿ ਉਹ ਇਸ ਮਸਲੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਿਛਲੇ ਹਫ਼ਤੇ ਪੱਤਰ ਵੀ ਲਿਖ ਚੁੱਕੇ ਹਨ ਪਰੰਤੂ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਪਹਿਲ ਕਦਮੀ ਸਾਹਮਣੇ ਨਹੀਂ ਆਈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਮੁੱਦਾ ਜਿੱਥੇ ਭਾਜਪਾ-ਆਰ.ਐਸ.ਐਸ. ਵੱਲੋਂ ਖੇਤਰੀ ਭਾਸ਼ਾਵਾਂ ਉੱਤੇ ਹਮਲੇ ਦਾ ਯਤਨ ਹੈ, ਉੱਥੇ ਹਿਮਾਚਲ ਪ੍ਰਦੇਸ ‘ਚ ਵੱਸਦੇ ਲੱਖਾਂ ਪੰਜਾਬੀਆਂ ਨੂੰ ਮਾਤ-ਭਾਸ਼ਾ ਦੇ ਸੰਵਿਧਾਨਿਕ ਅਤੇ ਕੁਦਰਤੀ ਹੱਕ ਤੋਂ ਵਾਂਝਾ ਕਰਨ ਦਾ ਮਸਲਾ ਵੀ ਹੈ, ਜਿਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ, ਕਿਉਂਕਿ ਹਿਮਾਚਲ ਪ੍ਰਦੇਸ਼ 1966 ਤੋਂ ਪਹਿਲਾਂ ਸਾਂਝੇ ਪੰਜਾਬ ਦਾ ਹੀ ਹਿੱਸਾ ਸੀ, ਜਿਸ ਦਾ ਊਨਾ, ਹਮੀਰਪੁਰ, ਬਿਲਾਸਪੁਰ, ਸੋਲਨ, ਸਿਰਮੌਰ, ਸ਼ਿਮਲਾ, ਕਾਂਗੜਾ, ਜ਼ਿਲਿਆਂ ‘ਚ ਪੰਜਾਬ ਦੀ ਵੱਡੀ ਗਿਣਤੀ ‘ਚ ਆਬਾਦੀ ਹੈ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ ‘ਚ ਦੂਸਰੀ ਭਾਸ਼ਾ ਵਜੋਂ ਥੋਪੀ ਗਈ ਸੰਸਕ੍ਰਿਤ ਭਾਸ਼ਾ ਨਾ ਮਾਤਰ ਬੋਲੀ ਜਾਂਦੀ ਹੈ।

ਚੀਮਾ ਨੇ ਅਕਾਲੀ ਦਲ ਬਾਦਲ ‘ਤੇ ਵਰ੍ਹਦਿਆਂ ਕਿਹਾ ਕਿ ਭਾਜਪਾ ਦੇ ਭਾਈਵਾਲ ਵਜੋਂ ਅੱਜ ਵੀ ਕੇਂਦਰ ਸਰਕਾਰ ‘ਚ ਵਜ਼ੀਰੀ ਭੋਗ ਰਹੇ ਅਕਾਲੀ ਦੀ ਇਸ ਮੁੱਦੇ ‘ਤੇ ਚੁੱਪੀ ਅਫ਼ਸੋਸ ਜਨਕ ਹੈ। ਚੀਮਾ ਮੁਤਾਬਿਕ ਜੇਕਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਹਿਮਾਚਲ ਪ੍ਰਦੇਸ਼ ਦੇ ਪੰਜਾਬੀਆਂ ਨਾਲ ਹੋਏ ਇਸ ਧੱਕੇ ਦਾ ਥੋੜ੍ਹਾ ਬਹੁਤਾ ਵੀ ਦਰਦ ਹੁੰਦਾ ਤਾਂ ਹੁਣ ਤੱਕ ਇਹ ਮਾਮਲਾ ਪ੍ਰਧਾਨ ਮੰਤਰੀ ਅਤੇ ਮਨੁੱਖੀ ਸਰੋਤ ਮੰਤਰਾਲੇ ਤੱਕ ਉਠਾ ਕੇ ਪੰਜਾਬੀ ਭਾਸ਼ਾ ਦਾ ਦੂਸਰੀ ਭਾਸ਼ਾ ਵਜੋਂ ਰੁਤਬਾ ਬਹਾਲ ਕਰਵਾ ਦਿੱਤਾ ਗਿਆ, ਕਿਉਂਕਿ ਪੰਜਾਬ ਕਲਚਰ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਵੱਲੋਂ ਇਸ ਮਸਲੇ ‘ਤੇ ਨਾ ਕੇਵਲ ਵੱਖ-ਵੱਖ ਸਿਆਸੀ ਦਲਾਂ ਦੇ ਆਗੂਆਂ ਸਗੋਂ ਕੇਂਦਰੀ ਘੱਟ ਗਿਣਤੀ ਮੰਤਰਾਲੇ ਸਮੇਤ ਘੱਟ ਗਿਣਤੀ ਕਮਿਸ਼ਨਾਂ ਕੋਲ ਵੀ ਪਹੁੰਚ ਕੀਤੀ ਜਾ ਚੁੱਕੀ ਹੈ ਅਤੇ ਦੱਸਿਆ ਜਾ ਚੁੱਕਾ ਹੈ ਕਿ 10 ਸਾਲ ਪਹਿਲਾਂ ਹਿਮਾਚਲ ਪ੍ਰਦੇਸ ‘ਚ ਪੰਜਾਬੀ ਨੂੰ ਦੂਸਰੀ ਭਾਸ਼ਾ ਵਜੋਂ ਮਿਲਿਆ ਰੁਤਬਾ ਖੋਹ ਕੇ ਉੱਥੇ ਵੱਸਦੇ ਲੱਖਾਂ ਪੰਜਾਬੀਆਂ ‘ਤੇ ਸੰਸਕ੍ਰਿਤ ਥੋਪ ਦਿੱਤੀ ਗਈ ਹੈ। ਚੀਮਾ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਅਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਸਮੇਤ ਸਮੁੱਚੀ ਭਾਜਪਾ ਲੀਡਰਸ਼ਿਪ ਇਸ ਮੁੱਦਾ ‘ਤੇ ਆਪਣਾ ਸਟੈਂਡ ਸਪੱਸ਼ਟ ਕਰੇ ਕਿ ਉਹ ਹਿਮਾਚਲ ਪ੍ਰਦੇਸ਼ ਵਿਚ ਵਸਦੇ ਲੱਖਾਂ ਪੰਜਾਬੀਆਂ ਦੇ ਨਾਲ ਹੈ ਜਾਂ ਨਹੀਂ।

ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਹ ਮਸਲਾ ਵਿਧਾਨ ਸਭਾ ‘ਚ ਉਠਾਏਗੀ।

Facebook Comment
Project by : XtremeStudioz