Close
Menu

ਹਿੰਸਾ ਦਾ ਤਾਂਡਵ ਸਹੇੜ ਕੇ ਹੁਣ ਭੱਜਣ ਲੱਗੀ ਭਾਜਪਾ: ਰਾਹੁਲ

-- 20 June,2018

ਨਵੀਂ ਦਿੱਲੀ, 20 ਜੂਨ
ਜੰਮੂ ਕਸ਼ਮੀਰ ਵਿੱਚ ਭਾਜਪਾ ਵੱਲੋਂ ਮਹਿਬੂਬਾ ਮੁਫ਼ਤੀ ਸਰਕਾਰ ਤੋਂ ਹਮਾਇਤ ਵਾਪਸ ਲੈਣ ਦੇ ਫ਼ੈਸਲੇ ’ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ-ਪੀਡੀਪੀ ਦੇ ਇਸ ਮੌਕਾਪ੍ਰਸਤ ਗੱਠਜੋੜ ਨੇ ਰਾਜ ਵਿੱਚ ਹਿੰਸਾ ਦੇ ਭਾਂਬੜ ਬਾਲ ਦਿੱਤੇ ਹਨ ਤੇ ਬਹੁਤ ਸਾਰੇ ਸਿਵਲੀਅਨਾਂ ਤੇ ਬਹਾਦਰ ਸੁਰੱਖਿਆ ਕਰਮੀ ਇਸ ਦੀ ਭੇਟ ਚੜ੍ਹ ਚੁੱਕੇ ਹਨ।
ਸ੍ਰੀ ਗਾਂਧੀ ਨੇ ਆਪਣੇ ਇਕ ਟਵੀਟ ਵਿੱਚ ਕਿਹਾ ‘‘ ਨਾਅਹਿਲੀਅਤ, ਹੰਕਾਰ ਤੇ ਨਫ਼ਰਤ ਹਮੇਸ਼ਾ ਨਾਕਾਮ ਹੁੰਦੀ ਹੈ। ਇਸ ਰਣਨੀਤਕ ਤੌਰ ’ਤੇ ਅਹਿਮ ਇਸ ਰਾਜ ਵਿੱਚ ਗੱਠਜੋੜ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਬਹੁਤ ਸਾਰੇ ਬੇਦੋਸ਼ੇ ਤੇ ਬਹਾਦਰ ਸਿਪਾਹੀ ਮਾਰੇ ਗਏ ਹਨ। ਇਹ ਸਰਕਾਰ ਰਣਨੀਤਕ ਤੌਰ ’ਤੇ ਭਾਰਤ ਨੂੰ ਬਹੁਤ ਮਹਿੰਗੀ ਪਈ ਤੇ ਯੂਪੀਏ ਵੱਲੋਂ ਸਾਲਾਂਬੱਧੀ ਕੀਤੀ ਸਖ਼ਤ ਮਿਹਨਤ ’ਤੇ ਪਾਣੀ ਫੇਰ ਦਿੱਤਾ ਗਿਆ। ਰਾਸ਼ਟਰਪਤੀ ਰਾਜ ਦੌਰਾਨ ਵੀ ਇਹ ਨੁਕਸਾਨ ਜਾਰੀ ਰਹੇਗਾ।’’
ਇਸ ਦੌਰਾਨ, ਸੀਨੀਅਰ ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਤਿੰਨ ਸਾਲਾਂ ਦੌਰਾਨ ਇਸ ਕੁਲੀਸ਼ਨ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਬਰਬਾਦ ਕਰ ਦਿੱਤਾ ਹੈ ਤੇ ਭਾਜਪਾ ਤੇ ਪੀਡੀਪੀ ਦੀ ਤੋੜ-ਵਿਛੋੜਾ ਰਾਜ ਦੇ ਲੋਕਾਂ ਲਈ ਸ਼ੁਭ ਸੰਕੇਤ ਹੈ। ਉਂਜ, ਉਨ੍ਹਾਂ ਪੀਡੀਪੀ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝ ਪਾਉਣ ਦੀ ਸੰਭਾਵਨਾ ਰੱਦ ਕਰ ਦਿੱਤੀ।
ਪਾਰਟੀ ਦੇ ਸੰਚਾਰ ਮਾਮਲਿਆਂ ਦੇ ਮੁਖੀ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਨੂੰ ਗਹਿਰੀ ਖਾਈ ਵਿੱਚ ਸੁੱਟ ਦਿੱਤਾ ਹੈ ਤੇ ਹੁਣ ਉਹ ਆਪ ਸਹੇੜੀ ਆਫ਼ਤ ਤੋਂ ਬਚ ਕੇ ਦੌੜਨ ਦੀ ਕੋਸ਼ਿਸ਼ ਕਰ ਰਹੇ ਹਨ।

Facebook Comment
Project by : XtremeStudioz