Close
Menu

ਹੁਣ ਰੋਟੋਮੈਕ ਨੇ ਲਿਖੀ 800 ਕਰੋੜ ਰੁਪਏ ਦੇ ਘਪਲੇ ਦੀ ਇਬਾਰਤ

-- 19 February,2018

ਨਵੀਂ ਦਿੱਲੀ, 19 ਫਰਵਰੀ
ਹੀਰਾ ਕਾਰੋਬਾਰੀ ਨੀਰਵ ਮੋਦੀ ਵੱਲੋਂ ਪੀਐਨਬੀ ਦੇ ਹਜ਼ਾਰਾਂ ਕਰੋੜ ਰੁਪਏ ਡਕਾਰ ਕੇ ਵਿਦੇਸ਼ ਭੱਜਣ ਮਗਰੋਂ ਹੁਣ ਰੋਟੋਮੈਕ ਪੈੱਨ ਕੰਪਨੀ ਦਾ ਮਾਲਕ ਵਿਕਰਮ ਕੋਠਾਰੀ ਅਲਾਹਾਬਾਦ ਬੈਂਕ, ਬੈਂਕ ਆਫ਼ ਇੰਡੀਆ ਤੇ ਯੂਨੀਅਨ ਬੈਂਕ ਆਫ਼ ਇੰਡੀਆ ਸਮੇਤ ਹੋਰਨਾਂ ਸਰਕਾਰੀ ਬੈਂਕਾਂ ਨਾਲ 800 ਕਰੋੜ ਰੁਪਏ ਦੀ ਠੱਗੀ ਮਾਰ ਕੇ ਕਥਿਤ ਵਿਦੇਸ਼ ਨੱਠ ਗਿਆ ਹੈ। ਕਾਨਪੁਰ ਅਧਾਰਿਤ ਇਸ ਕੰਪਨੀ ਦੇ ਮਾਲਕ ਨੇ ਪੰਜ ਤੋਂ ਵੱਧ ਸਰਕਾਰੀ ਬੈਂਕਾਂ ਤੋਂ ਅੱਠ ਸੌ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ਾ ਲਿਆ ਸੀ।
ਸੂਤਰਾਂ ਮੁਤਾਬਕ ਅਲਾਹਾਬਾਦ ਬੈਂਕ, ਬੈਂਕ ਆਫ਼ ਇੰਡੀਆ, ਬੈਂਕ ਆਫ਼ ਬੜੌਦਾ, ਇੰਡੀਅਨ ਓਵਰਸੀਜ਼ ਬੈਂਕ ਤੇ ਯੂਨੀਅਨ ਬੈਂਕ ਆਫ਼ ਇੰਡੀਆ ਨੇ ਕਰਜ਼ਾ ਮਨਜ਼ੂਰ ਕਰਨ ਲਈ ਬਣਾਏ ਨੇਮਾਂ ਨਾਲ ਸਮਝੌਤਾ ਕੀਤਾ। ਕੋਠਾਰੀ ਨੇ ਮੁੰਬਈ ਅਧਾਰਿਤ ਯੂਨੀਅਨ ਬੈਂਕ ਆਫ਼ ਇੰਡੀਆ ਤੋਂ 485 ਕਰੋੜ ਅਤੇ ਕੋਲਕਾਤਾ ਅਧਾਰਿਤ ਅਲਾਹਾਬਾਦ ਬੈਂਕ ਤੋਂ 352 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਕਰਜ਼ਾ ਲੈਣ ਤੋਂ ਇਕ ਸਾਲ ਮਗਰੋਂ ਕੋਠਾਰੀ ਨੇ ਨਾ ਕਰਜ਼ਾ ਅਦਾ ਕੀਤਾ ਤੇ ਨਾ ਹੀ ਵਿਆਜ। ਬੈਂਕ ਆਫ਼ ਬੜੌਦਾ ਨੇ ਪਿਛਲੇ ਸਾਲ ਰੋਟੋਮੈਕ ਗਲੋਬਲ ਪ੍ਰਾਈਵੇਟ ਲਿਮਟਿਡ ਨੂੰ ‘ਡਿਫਾਲਟਰ’ ਐਲਾਨ ਦਿੱਤਾ ਸੀ। ਜਿਸ ਮਗਰੋਂ ਕੰਪਨੀ ਨੇ ‘ਡਿਫਾਲਟਰਾਂ’ ਦੀ ਸੂਚੀ ’ਚੋਂ ਆਪਣਾ ਨਾਂ ਕਢਾਉਣ ਲਈ ਅਲਾਹਾਬਾਦ ਹਾਈ ਕੋਰਟ ਕੋਲ ਪਹੁੰਚ ਕੀਤੀ। ਜਸਟਿਸ ਡੀ.ਬੀ ਭੌਸਲੇ ਤੇ ਜਸਟਿਸ ਯਸ਼ਵੰਤ ਵਰਮਾ ਦੀ ਸ਼ਮੂਲੀਅਤ ਵਾਲੇ ਡਿਵੀਜ਼ਨ ਬੈਂਚ ਨੇ ਉਦੋਂ ਆਪਣੇ ਫ਼ੈਸਲੇ ’ਚ ਕਿਹਾ ਸੀ ਕਿ ਬੈਂਕ ਆਫ਼ ਬੜੌਦਾ ਵੱਲੋਂ ਕੰਪਨੀ ਨੂੰ ‘ਡਿਫਾਲਟਰ’ ਐਲਾਨੇ ਜਾਣਾ ਬਿਲਕੁਲ ਗ਼ਲਤ ਸੀ ਕਿਉਂਕਿ ਕੰਪਨੀ ਨੇ ਡਿਫਾਲਟਰ ਐਲਾਨੇ ਜਾਣ ਦੀ ਤਰੀਕ ਤੋਂ ਬੈਂਕ ਨੂੰ ਤਿੰਨ ਸੌ ਕਰੋੜ ਤੋਂ ਵੱਧ ਦੇ ਅਸਾਸੇ ਦੇਣ ਦੀ ਪੇਸ਼ਕਸ਼ ਕੀਤੀ ਸੀ। ਮਗਰੋਂ ਇਕ ਅਧਿਕਾਰਤ ਕਮੇਟੀ ਨੇ ਭਾਰਤੀ ਰਿਜ਼ਰਵ ਬੈਂਕ ਦੇ ਮਾਪਦੰਡਾਂ ਮੁਤਾਬਕ 27 ਫਰਵਰੀ 2017 ਨੂੰ ਪਾਸ ਕੀਤੇ  ਆਪਣੇ ਹੁਕਮਾਂ ’ਚ ਰੋਟੋਮੈਕ ਨੂੰ ‘ਡਿਫਾਲਟਰ’ ਐਲਾਨ ਦਿੱਤਾ ਸੀ। ਕਾਬਿਲੇਗੌਰ ਹੈ ਕਿ ਰੋਟੋਮੈਕ ਵੱਲੋਂ ਅੱਠ ਸੌ ਕਰੋੜ ਦੀ ਠੱਗੀ ਮਾਰਨ ਦਾ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਅਜੇ ਕੁਝ ਦਿਨ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਨੇ ਆਪਣੀ ਮੁੰਬਈ ਸ਼ਾਖਾ ਵਿੱਚ ਹੀਰਾ ਕਾਰੋਬਾਰੀ ਨੀਰਵ ਮੋਦੀ ਤੇ ਹੋਰਨਾਂ ਵੱਲੋਂ ਲੈਟਰ ਆਫ਼ ਅੰਡਰਟੇਕਿੰਗਜ਼ ਜ਼ਰੀਏ 1.77 ਅਰਬ ਅਮਰੀਕੀ ਡਾਲਰ (ਲਗਪਗ 11,400 ਕਰੋੜ ਰੁਪਏ) ਦੀ ਧੋਖਾਧੜੀ ਕੀਤੇ ਜਾਣ ਦਾ ਕੇਸ ਦਰਜ ਕਰਾਇਆ ਹੈ। ਈਡੀ ਤੇ ਸੀਬੀਆਈ ਨੇ ਇਸ ਮਾਮਲੇ ’ਚ ਹੁਣ ਤਕ ਵੱਖ ਵੱਖ ਥਾਈਂ ਛਾਪੇ ਮਾਰ ਕੇ ਕਰੋੜਾਂ ਰੁਪਏ ਦੇ ਹੀਰੇ ਜਵਾਹਰਾਤਾਂ ਤੇ ਗਹਿਣਿਆਂ ਸਮੇਤ ਹੋਰ ਜਾਇਦਾਦਾਂ ਜ਼ਬਤ ਕੀਤੀਆਂ ਹਨ।

Facebook Comment
Project by : XtremeStudioz