Close
Menu

5 ਸਾਲ ਬਾਅਦ ਕੋਈ ਤਿਕੋਣੀ ਸੀਰੀਜ਼ ਜਿੱਤਣ ਉਤਰੇਗਾ ਭਾਰਤ

-- 18 March,2018

ਕੋਲੰਬੋ— ਨੌਜਵਾਨ ਖਿਡਾਰੀਆਂ ਨਾਲ ਸਜੀ ਭਾਰਤੀ ਟੀਮ ਜਿੱਤ ਦੇ ਜਸ਼ਨ ‘ਚ ਬੌਖਲਾ ਚੁੱਕੀ ਬੰਗਲਾਦੇਸ਼ੀ ਟੀਮ ਵਿਰੁੱਧ ਐਤਵਾਰ ਨੂੰ ਜਦੋਂ ਤਿਕੋਣੀ ਟਵੰਟੀ-20 ਸੀਰੀਜ਼ ਨਿਦਹਾਸ ਟਰਾਫੀ ਦੇ ਫਾਈਨਲ ‘ਚ ਉਤਰੇਗੀ ਤਾਂ ਉਸ ਦਾ ਟੀਚਾ ਲੱਗਭਗ 5 ਸਾਲਾਂ ਬਾਅਦ ਸੀਮਤ ਓਵਰਾਂ ਦੇ ਫਾਰਮੈੱਟ ‘ਚ ਕੋਈ ਤਿਕੋਣੀ ਸੀਰੀਜ਼ ਜਿੱਤਣਾ ਹੋਵੇਗਾ। ਭਾਰਤੀ ਟੀਮ ਆਪਣੇ 4 ‘ਚੋਂ 3 ਮੈਚ ਜਿੱਤ ਕੇ ਫਾਈਨਲ ‘ਚ ਪਹੁੰਚੀ ਹੈ, ਜਦਕਿ ਬੰਗਲਾਦੇਸ਼ ਨੇ 4 ‘ਚੋਂ 2 ਮੈਚ ਜਿੱਤ ਕੇ ਭਾਰਤ ਨਾਲ ਭਿੜਨ ਦਾ ਅਧਿਕਾਰ ਹਾਸਲ ਕੀਤਾ ਹੈ। ਬੰਗਲਾਦੇਸ਼ ਨੇ ਕੱਲ ਆਖਰੀ ਲੀਗ ਮੈਚ ‘ਚ ਸ਼੍ਰੀਲੰਕਾ ਨੂੰ 2 ਵਿਕਟਾਂ ਨਾਲ ਹਰਾ ਕੇ ਫਾਈਨਲ ‘ਚ ਪ੍ਰਵੇਸ਼ ਕੀਤਾ ਸੀ।
ਬੰਗਲਾਦੇਸ਼ੀ ਖਿਡਾਰੀਆਂ ਨੇ ਜਿੱਤ ਦੇ ਜਸ਼ਨ ਵਿਚ ਕੁਝ ਹੰਗਾਮਾ ਵੀ ਕੀਤਾ। ਉਨ੍ਹਾਂ ਦੀ ਸ਼੍ਰੀਲੰਕਾਈ ਖਿਡਾਰੀਆਂ ਨਾਲ ਝੜਪ ਵੀ ਹੋਈ, ਜਿਸ ਨੇ ਉਨ੍ਹਾਂ ਦੀ ਜਿੱਤ ਦੀ ਖੁਸ਼ੀ ‘ਚ ਵਿਘਨ ਵੀ ਪਾਇਆ। ਭਾਰਤ ਨੇ ਲੀਗ ਪੜਾਅ ‘ਚ ਬੰਗਲਾਦੇਸ਼ ਨੂੰ ਦੋਵੇਂ ਵਾਰ ਆਸਾਨੀ ਨਾਲ ਹਰਾਇਆ ਪਰ ਉਸ ਨੂੰ ਬੰਗਲਾਦੇਸ਼ ਦੇ ਪਲਟਵਾਰ ਤੋਂ ਸਾਵਧਾਨ ਰਹਿਣਾ ਹੋਵੇਗਾ, ਜੋ ਕੱਲ ਜਿੱਤ ਤੋਂ ਬਾਅਦ ਅਚਾਨਕ ਹੀ ਖਤਰਨਾਕ ਨਜ਼ਰ ਆਉਣ ਲੱਗੀ ਹੈ। ਸੀਮਤ ਓਵਰਾਂ ਦੇ ਫਾਰਮੈੱਟ ‘ਚ ਪਿਛਲੇ ਕੁਝ ਸਾਲਾਂ ‘ਚ ਲਗਾਤਾਰ ਸਫਲ ਚੱਲ ਰਹੀ ਭਾਰਤੀ ਟੀਮ ਨੇ ਵਨ ਡੇ ਅਤੇ ਟਵੰਟੀ-20 ਦੋਵਾਂ ਫਾਰਮੈੱਟਸ ਨੂੰ ਮਿਲਾ ਕੇ ਆਖਰੀ ਵਾਰ ਕੋਈ ਤਿਕੋਣੀ ਸੀਰੀਜ਼ ਜੂਨ 2013 ਨੂੰ ਵੈਸਟਇੰਡੀਜ਼ ‘ਚ ਜਿੱਤੀ ਸੀ। ਉਦੋਂ ਉਸ ਨੇ ਸ਼੍ਰੀਲੰਕਾ ਨੂੰ ਨੇੜਲੇ ਮੁਕਾਬਲੇ ‘ਚ 1 ਗੇਂਦ ਬਾਕੀ ਰਹਿੰਦਿਆਂ 2 ਵਿਕਟਾਂ ਨਾਲ ਹਰਾਇਆ ਸੀ। ਭਾਰਤ ਟੀ-20 ਫਾਰਮੈੱਟ ‘ਚ ਆਖਰੀ ਸੀਰੀਜ਼ 2017 ਵਿਚ ਵੈਸਟਇੰਡੀਜ਼ ‘ਚ 0-1 ਨਾਲ ਹਾਰਿਆ ਸੀ। ਉਸ ਤੋਂ ਬਾਅਦ ਭਾਰਤ ਨੇ ਅਗਲੀਆਂ 5 ਸੀਰੀਜ਼ ‘ਚੋਂ 4 ਜਿੱਤੀਆਂ ਅਤੇ ਆਸਟ੍ਰੇਲੀਆ ਨਾਲ ਸੀਰੀਜ਼ 1-1 ਨਾਲ ਡਰਾਅ ਖੇਡੀ।
ਰੋਹਿਤ ਦਾ ਫਾਰਮ ‘ਚ ਪਰਤਣਾ ਚੰਗੀ ਖਬਰ
ਰੋਹਿਤ ਸ਼ਰਮਾ ਦਾ ਫਾਰਮ ‘ਚ ਪਰਤਣਾ ਭਾਰਤ ਲਈ ਚੰਗੀ ਖਬਰ ਹੈ ਕਿਉਂਕਿ ਉਹ ਇਸ ਤਰ੍ਹਾਂ ਦਾ ਖਤਰਨਾਕ ਬੱਲੇਬਾਜ਼ ਹੈ, ਜੋ ਆਪਣੇ ਪ੍ਰਦਰਸ਼ਨ ਨਾਲ ਕਿਸੇ ਵੀ ਟੀਮ ਨੂੰ ਢੇਰ ਕਰ ਸਕਦਾ ਹੈ। ਪਿਛਲੇ ਕਾਫੀ ਸਮੇਂ ਤੋਂ ਬੱਲੇ ਨਾਲ ਸੰਘਰਸ਼ ਕਰ ਰਹੇ ਰੋਹਿਤ ਨੇ ਤੂਫਾਨੀ ਅੰਦਾਜ਼ ‘ਚ ਖੇਡਦੇ ਹੋਏ ਸਿਰਫ 61 ਗੇਂਦਾਂ ‘ਤੇ 89 ਦੌੜਾਂ ਦੀ ਪਾਰੀ ‘ਚ 5 ਚੌਕੇ ਅਤੇ 5 ਛੱਕੇ ਲਾਏ ਸਨ। ਟਾਪ ਆਰਡਰ ‘ਚ ਸ਼ਿਖਰ ਅਤੇ ਰੋਹਿਤ ਤੋਂ ਬਾਅਦ ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਨਾ ਦੀ ਮੌਜੂਦਗੀ ਟੀਮ ਦੀ ਬੱਲੇਬਾਜ਼ੀ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਪਿਛਲੇ ਮੁਕਾਬਲੇ ‘ਚ ਰੈਨਾ ਨੇ ਵੀ ਤੇਜ਼-ਤਰਾਰ ਅੰਦਾਜ਼ ‘ਚ ਖੇਡਦੇ ਹੋਏ 30 ਗੇਂਦਾਂ ‘ਤੇ 5 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 47 ਦੌੜਾਂ ਬਣਾਈਆਂ ਸਨ। ਸ਼ਿਖਰ ਨੇ ਵੀ ਇਸ ਮੈਚ ‘ਚ 27 ਗੇਂਦਾਂ ‘ਤੇ 35 ਦੌੜਾਂ ‘ਚ 5 ਚੌਕੇ ਅਤੇ 1 ਛੱਕਾ ਲਾਇਆ ਸੀ।
ਚੌਕਸ ਰਹਿਣ ਦੀ ਜ਼ਰੂਰਤ
ਭਾਰਤ ਨੂੰ ਬੰਗਲਾਦੇਸ਼ ਤੋਂ ਪਿਛਲੇ ਦੋਵੇਂ ਮੁਕਾਬਲੇ ਜਿੱਤ ਲੈਣ ਦੇ ਬਾਵਜੂਦ ਚੌਕਸ ਰਹਿਣ ਦੀ ਜ਼ਰੂਰਤ ਹੈ। ਚੋਟੀ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਦੀ ਵਾਪਸੀ ਨਾਲ ਉਸ ਦਾ ਹੌਸਲਾ ਬੁਲੰਦ ਹੋ ਗਿਆ ਹੈ। ਸ਼ਾਕਿਬ ਫਿੱਟ ਨਾ ਹੋਣ ਕਾਰਨ ਪਹਿਲੇ 3 ਮੈਚ ਨਹੀਂ ਖੇਡ ਸਕਿਆ ਸੀ। ਉਸ ਨੇ ਸ਼੍ਰੀਲੰਕਾ ਖਿਲਾਫ ਪਿਛਲੇ ਮੈਚ ‘ਚ ਵਾਪਸੀ ਕੀਤੀ। ਸ਼ਾਕਿਬ ਇਸ ਤਰ੍ਹਾਂ ਦਾ ਖਿਡਾਰੀ ਹੈ, ਜੋ ਇਕੱਲਾ ਹੀ ਆਪਣੇ ਦਮ ‘ਤੇ ਮੈਚ ਦਾ ਪਾਸਾ ਪਰਤਣ ਦਾ ਮਾਦਾ ਰੱਖਦਾ ਹੈ।
ਭਾਰਤ
ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਸੁਰੇਸ਼ ਰੈਨਾ, ਦਿਨੇਸ਼ ਕਾਰਤਿਕ, ਮਨੀਸ਼ ਪਾਂਡੇ, ਜੈਦੇਵ ਉਨਾਦਕਤ, ਯੁਜਵੇਂਦਰ ਚਹਿਲ, ਵਿਜੇ ਸ਼ੰਕਰ, ਸ਼ਾਰਦੁਲ ਠਾਕੁਰ, ਰਿਸ਼ਭ ਪੰਤ, ਵਾਸ਼ਿੰਗਟਨ ਸੁੰਦਰ, ਲੋਕੇਸ਼ ਰਾਹੁਲ, ਅਕਸ਼ਰ ਪਟੇਲ, ਦੀਪਕ ਹੁੱਡਾ ਅਤੇ ਮੁਹੰਮਦ ਸਿਰਾਜ ‘ਚੋਂ।
ਬੰਗਲਾਦੇਸ਼
ਸ਼ਾਕਿਬ ਅਲ ਹਸਨ (ਕਪਤਾਨ), ਮੁਸ਼ਫਿਕੁਰ ਰਹੀਮ, ਤਮੀਮ ਇਕਬਾਲ, ਮਹਿਮੂਦੁੱਲ੍ਹਾ, ਰੁਬੇਲ ਹੁਸੈਨ, ਸ਼ੱਬੀਰ ਰਹਿਮਾਨ, ਸੌਮਿਆ ਸਰਕਾਰ, ਨਜ਼ਮੁਲ ਇਸਲਾਮ, ਲਿਟਨ ਦਾਸ, ਤਸਕੀਨ ਅਹਿਮਦ, ਮੁਸਤਾਫਿਜ਼ੁਰ ਰਹਿਮਾਨ, ਮਹਿੰਦੀ ਹਸਨ, ਇਮੁਏਲ ਕੋਏਸ, ਅਰੀਫੁਲ ਹੱਕ, ਨੁਰੂਲ ਹਸਨ, ਅਬੂ ਹੈਦਰ ਰੋਨੀ ਅਤੇ ਅਬੂ ਜਾਏਦ ‘ਚੋਂ।

Facebook Comment
Project by : XtremeStudioz