Close
Menu

ਅਕਸਰ ਸੱਤਾਧਾਰੀ ਧਿਰ ਖ਼ਿਲਾਫ਼ ਭੁਗਤਦੇ ਨੇ ਪੰਜਾਬ ਦੇ ਵੋਟਰ

-- 04 April,2019

ਚੰਡੀਗੜ੍ਹ, ਪੰਜਾਬ ਦੇ ਵੋਟਰਾਂ ਨੇ ਸੰਸਦੀ ਚੋਣਾਂ ਦੌਰਾਨ ਅਕਸਰ ਸੂਬੇ ਵਿਚਲੀ ਹਾਕਮ ਧਿਰ ਨੂੰ ਸਿਆਸੀ ਝਟਕਾ ਹੀ ਦਿੱਤਾ ਹੈ। ਪੰਜਾਬੀਆਂ ਦਾ ਸੰਸਦੀ ਚੋਣਾਂ ਦੌਰਾਨ ਫ਼ਤਵਾ ਹਮੇਸ਼ਾ ਹੈਰਾਨ ਕਰਨ ਵਾਲਾ ਰਿਹਾ ਹੈ ਤੇ ਦੇਸ਼ ਦੇ ਹੋਰਨਾਂ ਸੂਬਿਆਂ ਦੇ ਨਤੀਜੇ ਦੇ ਉਲਟ ਵੀ ਰਿਹਾ ਹੈ। ਸਭ ਤੋਂ ਵੱਡੀ ਉਦਾਹਰਨ ਪੰਜ ਸਾਲ ਪਹਿਲਾਂ ਹੋਈਆਂ ਸੰਸਦੀ ਚੋਣਾਂ ਹਨ ਜਦੋਂ ‘ਆਪ’ ਨੂੰ ਸਮੁੱਚੇ ਦੇਸ਼ ਨੇ ਨਾਕਾਰ ਦਿੱਤਾ ਪਰ ਪੰਜਾਬ ’ਚੋਂ ਚਾਰ ਉਮੀਦਵਾਰ ਜਿੱਤ ਗਏ ਸਨ।
ਸੂਬੇ ਵਿੱਚ ਪਿਛਲੇ ਢਾਈ ਦਹਾਕਿਆਂ ਦੌਰਾਨ ਹੋਈਆਂ ਚੋਣਾਂ ਦਾ ਅਧਿਐਨ ਕਰਦਿਆਂ ਇਹ ਤੱਥ ਸਾਹਮਣੇ ਆਉਂਦੇ ਹਨ ਕਿ ਸਿਰਫ਼ 1998 ਦੀਆਂ ਸੰਸਦੀ ਚੋਣਾਂ ਦੌਰਾਨ ਉਸ ਸਮੇਂ ਦੀ ਹਾਕਮ ਧਿਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਪੱਖ ਵਿੱਚ ਬਹੁ ਗਿਣਤੀ ਸੀਟਾਂ ਆਈਆਂ ਸਨ। ਉਸ ਤੋਂ ਇੱਕ ਸਾਲ ਬਾਅਦ ਹੀ 1999 ਦੀਆਂ ਚੋਣਾਂ ਦੌਰਾਨ ਤਾਂ ਸੁਖਬੀਰ ਸਿੰਘ ਬਾਦਲ ਨੂੰ ਵੀ ਫ਼ਰੀਦਕੋਟ ਹਲਕੇ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਸੀ। ਰੌਚਕ ਤੱਥ ਇਹ ਹੈ ਕਿ ਇਸ ਵਾਰੀ ਸਥਿਤੀ ਵਿੱਚ ਕੁੱਝ ਅੰਤਰ ਦਿਖਾਈ ਦੇ ਰਿਹਾ ਹੈ। ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਜੇ ਸੂਬੇ ਦੇ ਲੋਕ ਖ਼ੁਸ਼ ਦਿਖਾਈ ਨਹੀਂ ਦੇ ਰਹੇ ਤਾਂ ਇੱਕ ਦਹਾਕਾ ਸੱਤਾ ਦਾ ਸੁੱਖ ਭੋਗਣ ਵਾਲੇ ਅਕਾਲੀਆਂ ਖ਼ਿਲਾਫ਼ ਵੀ ਲੋਕਾਂ ਦਾ ਰੋਹ ਹਾਲ ਦੀ ਘੜੀ ਠੰਢਾ ਹੋਇਆ ਦਿਖਾਈ ਨਹੀਂ ਦੇ ਰਿਹਾ। ਇਹੀ ਕਾਰਨ ਹੈ ਕਿ ਕਾਂਗਰਸ ਨੂੰ ਇਨ੍ਹਾਂ ਚੋਣਾਂ ਦੌਰਾਨ ਚੰਗੀ ਕਾਰਗੁਜ਼ਾਰੀ ਦੀ ਉਮੀਦ ਹੈ।
ਪੰਜਾਬ ਵਿੱਚ ਅਤਿਵਾਦ ਦੇ ਕਾਲੇ ਦੌਰ ਦੌਰਾਨ ਗਵਰਨਰੀ ਰਾਜ ਤੋਂ ਬਾਅਦ 1992 ਦੀਆਂ ਵਿਧਾਨ ਸਭਾ ਤੇ ਸੰਸਦੀ ਚੋਣਾਂ ਤਾਂ ਭਾਵੇਂ ਬਹੁਤ ਘੱਟ ਵੋਟ ਫ਼ੀਸਦੀ ਨਾਲ ਕਾਂਗਰਸ ਨੇ ਜਿੱਤ ਹਾਸਲ ਕੀਤੀ ਸੀ ਪਰ ਕਾਂਗਰਸ ਦੇ ਹੀ ਇਸੇ ਸਾਸ਼ਨ ਦੌਰਾਨ ਜਦੋਂ 1996 ਵਿੱਚ ਸੰਸਦੀ ਚੋਣਾਂ ਦਾ ਇਮਤਿਹਾਨ ਹੋਇਆ ਤਾਂ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਸੀ ਮਿਲੀ। ਉਸ ਤੋਂ ਬਾਅਦ 1997 ਵਿੱਚ ਪੰਜਾਬ ਅੰਦਰ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣੀ। ਸਰਕਾਰ ਬਣਨ ਤੋਂ ਇੱਕ ਸਾਲ ਬਾਅਦ ਹੀ 1998 ’ਚ ਹੋਈਆਂ ਸੰਸਦੀ ਚੋਣਾਂ ਦੌਰਾਨ ਤਾਂ ਗੱਠਜੋੜ ਦੀ ਕਾਰਗੁਜ਼ਾਰੀ ਠੀਕ ਰਹੀ ਪਰ ਜਿਵੇਂ ਹੀ 1999 ਦੀਆਂ ਚੋਣਾਂ ਦਾ ਇਮਤਿਹਾਨ ਸਿਰ ’ਤੇ ਆਇਆ ਤਾਂ ਅਕਾਲੀਆਂ ਦੇ ਪੱਲੇ ਦੋ ਸੀਟਾਂ ਪਈਆਂ ਤੇ ਭਾਜਪਾ ਨੇ ਸਿਰਫ਼ ਇੱਕ ਸੀਟ ਹੀ ਜਿੱਤੀ ਸੀ। ਬਾਦਲ ਪਰਿਵਾਰ ਨੇ ਫ਼ਰੀਦਕੋਟ ਦੀ ਸੀਟ ਵੱਕਾਰ ਦਾ ਸਵਾਲ ਬਣਾ ਕੇ ਲੜੀ ਸੀ ਤੇ ਸੂਬੇ ਵਿੱਚ ਸਰਕਾਰ ਹੋਣ ਦੇ ਬਾਵਜੂਦ ਜਿੱਤ ਨਹੀਂ ਸਨ ਸਕੇ। ਸਾਲ 2002 ਵਿੱਚ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਬਣੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਵੀ ਸਵਾ ਦੋ ਸਾਲਾਂ ਤੋਂ ਬਾਅਦ 2004 ਦੀਆਂ ਸੰਸਦੀ ਚੋਣਾਂ ਆ ਗਈਆਂ। ਇਨ੍ਹਾਂ ਚੋਣਾਂ ਦੌਰਾਨ ਕਾਂਗਰਸ ਸਿਰਫ਼ ਜਲੰਧਰ ਤੇ ਪਟਿਆਲਾ ਦੀਆਂ ਦੋ ਸੀਟਾਂ ਹੀ ਜਿੱਤ ਸਕੀ ਸੀ। ਦੂਜੇ ਪਾਸੇ, ਅਕਾਲੀ-ਭਾਜਪਾ ਗੱਠਜੋੜ ਨੇ 11 ਸੀਟਾਂ ਜਿੱਤੀਆਂ ਸਨ। ਪੰਜਾਬ ਵਿੱਚ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ ਤਬਦੀਲੀ ਆਈ ਤੇ ਅਕਾਲੀ-ਭਾਜਪਾ ਸਰਕਾਰ ਹੋਂਦ ਵਿੱਚ ਆ ਗਈ। ਗੱਠਜੋੜ ਸਰਕਾਰ ਦੇ ਇਸ ਸਾਸ਼ਨ ਦੌਰਾਨ ਜਦੋਂ 2009 ਦੀਆਂ ਸੰਸਦੀ ਚੋਣਾਂ ਆਈਆਂ ਤਾਂ ਕਾਂਗਰਸ ਨੇ ਵੀ 6 ਸੀਟਾਂ ਜਿੱਤ ਲਈਆਂ ਸਨ। ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਹੀ ਸਥਾਪਤ ਧਿਰਾਂ ਕਾਂਗਰਸ ਤੇ ਅਕਾਲੀ ਦਲ ਲਈ ਸਭ ਤੋਂ ਚੁਣੌਤੀ ਪੂਰਨ 2014 ਦੀਆਂ ਸੰਸਦੀ ਚੋਣਾਂ ਰਹੀਆਂ।

Facebook Comment
Project by : XtremeStudioz