Close
Menu

ਅਕਾਲੀਅਾਂ ਨੂੰ ਘੇਰਦੀ ਖ਼ੁਦ ਘਿਰੀ ਕਾਂਗਰਸ

-- 25 September,2015

ਚੰਡੀਗੜ੍ਹ, 25 ਸਤੰਬਰ: ਕਾਂਗਰਸ ਨੇ ਇਕ ਦਿਨ ਪਹਿਲਾਂ ਅਕਾਲੀ ਭਾਜਪਾ ਸਰਕਾਰ ਵਿਰੁਧ ਜਿਹੜਾ ਮਾਹੌਲ ਪੰਜਾਬ ਵਿਧਾਨ ਸਭਾ ਵਿੱਚ ਸਿਰਜਿਆ ਸੀ, ਉਸ ਨੂੰ ਆਪ ਹੀ ਪੁੱਠਾ ਗੇੜਾ ਦੇਕੇ ਹਾਕਮ ਧਿਰ ਨੂੰ ਮੌਕਾ ਦੇ ਦਿੱਤਾ। ਭਾਵੇਂ ਕਾਂਗਰਸ ਦੇ ਸੀਨੀਅਰ ਵਿਧਾਇਕ ਅਸ਼ਵਨੀ ਸੇਖੜੀ ਨੇ ਪਾਰਟੀ ਦੇ ਦੋ ਵਿਧਾਇਕਾਂ ਵੱਲੋਂ ਉਨ੍ਹਾਂ ਨਾਲ ਕੀਤੇ ਮਾੜੇ ਵਿਹਾਰ ਬਦਲੇ ਮੁਆਫੀ ਮੰਗਣ ਤੋਂ ਬਾਅਦ ਮਾਮਲੇ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ ਨਾਲ ਹੀ ਉਨ੍ਹਾਂ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਅੱਜ ਵਿਧਾਨ ਸਭਾ ਵਿੱਚ ਇਹ ਮਾਮਲਾ ਉਠਾਇਆ।
ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਸਾਬਕਾ ਮੰਤਰੀ ਲਾਲ ਸਿੰਘ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਦੇ ਦਖਲ ਨਾਲ ਮਾਮਲਾ ਹੱਲ ਹੋ ਗਿਆ ਹੈ। ਦੋਵਾਂ ਵਿਧਾਇਕਾਂ ਸੰਗਤ ਸਿੰਘ ਗਿਲਜੀਆ ਅਤੇ ਰਮਨਜੀਤ ਸਿੰਘ ਸਿਕੀ ਨੇ ਆਪਣੇ ਵਿਹਾਰ ਬਾਰੇ ਕਾਂਗਰਸ ਵਿਧਾਇਕ ਪਾਰਟੀ ਦੀ ਮੀਟਿੰਗ ਵਿੱਚ ਮੁਆਫੀ ਮੰਗ ਲਈ ਹੈ। ਇਸ ਲਈ ਉਹ ਇਸ ਮਾਮਲੇ ਨੂੰ ਵਿਧਾਨ ਸਭਾ ਵਿੱਚ ਨਹੀਂ ਉਠਾਉਣਗੇ ਤੇ ਵਾਪਸ ਲੈ ਲੈਣਗੇ। ਉਨ੍ਹਾਂ ਨੇ ਇਹ ਮਾਮਲਾ ਬੀਤੀ ਰਾਤ ਕਾਂਗਰਸ ਵਿਧਾਇਕ ਦਲ ਦੇ ਨੇਤਾ ਜਾਖੜ ਕੋਲ ਉਠਾਇਆ ਸੀ ਪਰ ਉਨ੍ਹਾਂ ਨੇ ਇਸ ਮਾਮਲੇ ਨੂੰ ਹੱਲ ਨਹੀਂ ਕਰਵਾਇਆ। ਇਸ ਕਰਕੇ ਜਦੋਂ ਹਾਕਮ ਧਿਰ ਨੇ ਮਾਮਲਾ ਸਦਨ ਵਿੱਚ ਉਠਾ ਦਿੱਤਾ ਤਾਂ ਉਨ੍ਹਾਂ ਨੇ ਸਾਰੀ ਸਥਿਤੀ ਸਦਨ ਵਿੱਚ ਬਿਆਨ ਦਿੱਤੀ। ਜੇਕਰ ਕਾਂਗਰਸ ਨੇਤਾ ਪਹਿਲਾਂ ਇਹ ਮਾਮਲਾ ਹੱਲ ਕਰਵਾ ਦਿੰਦੇ ਤਾਂ ਉਨ੍ਹਾਂ ਨੂੰ ਮਾਮਲਾ ਉਠਾਉਣਾ ਹੀ ਨਾ ਪੈਂਦਾ। ਕਾਂਗਰਸ ਵਿਧਾਇਕ ਦਲ ਦੇ ਨੇਤਾ ਨੇ ਕਿਹਾ ਕਿ ਹੁਣ ਇਹ ਮਾਮਲਾ ਹੱਲ ਹੋ ਗਿਆ ਹੈ। ਇਸ ਬਾਰੇ ਹੁਣ ਹੋਰ ਗੱਲ ਕਰਨ ਦੀ ਲੋੜ ਨਹੀਂ ਹੈ। ਸ੍ਰੀ ਸੇਖੜੀ ਨੇ ਕਿਹਾ ਕਿ ਕਾਂਗਰਸ ਵਿਧਾਇਕ ਪਾਰਟੀ ਦੀ ਰਵਾਇਤ ਰਹੀ ਹੈ, ਜਦੋਂ ਕਦੇ ਪਾਰਟੀ ਵਿੱਚ ਲੀਡਰਸ਼ਿਪ ਦਾ ਸੰਕਟ ਆਉਂਦਾ ਹੈ ਤਾਂ ਪਾਰਟੀ ਇਕ ਮਤਾ ਪਾਸ ਕਰਕੇ ਆਪਣੀ ਇਕਜੁੱਟਤਾ ਹਾਈਕਮਾਂਡ ਨਾਲ ਜਾਹਰ ਕਰਦੀ ਹੈ। ਇਸੇ ਤਰ੍ਹਾਂ ਦੇ ਮਤੇ ’ਤੇ ਉਨ੍ਹਾਂ ਨੇ ਇਕ ਦਿਨ ਪਹਿਲਾਂ  ਤੀਹ ਵਿਧਾਇਕਾਂ ਦੇ ਦਸਤਖ਼ਤ ਕਰਵਾਏ ਸਨ ਪਰ ਦੋ ਵਿਧਾਇਕਾਂ ਨੇ ਉਨ੍ਹਾਂ ਨਾਲ ਬਦਕਲਾਮੀ ਕੀਤੀ। ਵਿਧਾਨ ਸਭਾ ਕੰਪਲੈਕਸ ਵਿੱਚ ਕਿਸੇ ਵਿਧਾਇਕ ਨਾਲ ਵੀ ਅਜਿਹਾ ਨਹੀਂ ਹੋਣਾ ਚਾਹੀਦਾ। ਇਸ ਕਰਕੇ ਹੀ ਉਨ੍ਹਾਂ ਨੇ ਇਹ ਮਾਮਲਾ ਸਪੀਕਰ ਕੋਲ ਉਠਾਉਣ ਦਾ ਫੈਸਲਾ ਕੀਤਾ ਸੀ। ਉਹ ਆਪਣੇ ਮਤੇ ’ਤੇ ਅਜੇ ਵੀ ਕਾਇਮ ਹਨ ਤੇ ਇਸ ਨੂੰ ਕਾਂਗਰਸ ਵਿਧਾਇਕ ਪਾਰਟੀ ਵਿੱਚ ਮੁੜ ਪੇਸ਼ ਕਰਨਗੇ । ਉਨ੍ਹਾਂ ਨੇ ਕੱਲ੍ਹ ਪਾੜੇ ਮਤੇ ਦੇ ਟੁਕੜੇ ਵੀ ਦਿਖਾਏ। ਇਸ ਦੌਰਾਨ ਸੀਨੀਅਰ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਦੋਵਾਂ ਵਿਧਾਇਕਾਂ ਦਾ ਪੱਖ ਪੂਰਦਿਅਾਂ ਕਿਹਾ ਕਿ ਮਤੇ ਵਾਲਾ ਕਾਂਗਜ਼ ਲੈਣ ਸਮੇਂ ਉਹ ਮੌਕੇ ’ਤੇ ਹਾਜ਼ਰ ਸਨ ਪਰ ਇਹ ਮਤਾ ਯੂਥ ਕਾਂਗਰਸ ਦੇ ਆਗੂ ਨੇ ਪਾੜਿਆ ਸੀ ਪਰ ਸੇਖੜੀ ਦਾ ਕਹਿਣਾ ਹੈ ਕਿ ਯੂਥ ਕਾਂਗਰਸ ਆਗੂ ਨੇ ਸਥਿਤੀ ਨੂੰ ਸ਼ਾਂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਵੀ ਮਾਮਲੇ ਨੂੰ ਹੱਲ ਕਰਨ ਵਿੱਚ ਯੋਗਦਾਨ ਪਾਇਆ ਹੈ ਪਰ ਸੇਖੜੀ ਨੇ ਉਨ੍ਹਾਂ ਦਾ ਨਾਂ ਨਹੀਂ ਲਿਆ। ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈਕਮਾਂਡ ਨੇੜਲੇ ਦੋ ਵਿਧਾਇਕਾਂ ਨੇ ਸ੍ਰੀ ਸੇਖੜੀ ਨੂੰ ਇਹ ਮਤਾ ਪਾਸ ਕਰਵਾਉਣ ਲਈ ਪ੍ਰੇਰਤ ਕੀਤਾ ਸੀ। ਉਨ੍ਹਾਂ ਦਲੀਲ ਦਿੱਤੀ ਕਿ ਜੇਕਰ ਉਹ ਮਤੇ ’ਤੇ ਦਸਤਖਤ ਕਰਵਾ ਕੇ ਹਾਈਕਮਾਂਡ ਨੂੰ ਭੇਜ ਦੇਣਗੇ ਤਾਂ ਉਨ੍ਹਾਂ ਦੀ ਹਾਈਕਮਾਂਡ ਨਾਲ ਨੇੜਤਾ ਹੋ ਜਾਵੇਗੀ ਤੇ ਇਸ ਨਾਲ ਕੲੀ ਮਸਲੇ ਹੱਲ ਕਰਨ ਵਿੱਚ ਮਦਦ ਮਿਲੇਗੀ। ਸ੍ਰੀ ਸੇਖੜੀ ਨੇ ਕੈਪਟਨ ਅਮਰਿੰਦਰ ਧੜੇ ਦੇ ਮੈਂਬਰਾਂ ਕੋਲੋਂ ਦਸਤਖਤ ਕਰਵਾ ਲਏ ਤਾਂ ਕੈਪਟਨ ਦੇ ਹਮਾਇਤੀਆਂ ਨੇ ਆਪਣੇ ਧੜੇ ਦੇ ਮੈਂਬਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਕਿਉਂ ਦਸਤਖਤ ਕੀਤੇ ਹਨ। ਇਸ ਕਰਕੇ ਹੀ ਮਤਾ ਪਾੜਨ ਦੀ ਨੌਬਤ ਆਈ।

Facebook Comment
Project by : XtremeStudioz