Close
Menu

ਅਕਾਲੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਢੁੱਕਵੇਂ ਢੰਗ ਨਾਲ ਮਨਾਉਣ ਲਈ ਸਰਕਾਰ ਦਾ ਸਾਥ ਦੇਣ- ਕੈਪਟਨ ਅਮਰਿੰਦਰ ਸਿੰਘ

-- 20 February,2019

ਚੰਡੀਗੜ, 20 ਫਰਵਰੀ:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਧਾਨ ਸਭਾ ਵਿੱਚ ਅਕਾਲੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਨਾਲ ਮਿਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਢੁੱਕਵੇਂ ਢੰਗ ਨਾਲ ਨੇਪਰੇ ਚਾੜਨ ਨੂੰ ਯਕੀਨੀ ਬਣਾਉਣ। ਉਨਾਂ ਵਿਧਾਨ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਡਿਪਟੀ ਲੀਡਰ ਨੂੰ ਕਿਹਾ ਕਿ ਉਹ ਇਸ ਬਾਬਤ ਪਾਰਟੀ ਲੀਡਰਸ਼ਿਪ ਨਾਲ ਵਿਚਾਰ ਕਰਨ।  

ਰਾਜਪਾਲ ਦੇ ਭਾਸ਼ਨ ’ਤੇ ਆਪਣੇ ਜਵਾਬ ਦੌਰਾਨ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਪਵਿੱਤਰ ਮੌਕੇ ਸਾਰਿਆਂ ਦੇ ਸਹਿਯੋਗ ਅਤੇ ਸਾਂਝੇ ਯਤਨਾ ਨਾਲ ਹੀ ਸੰਪੂਰਨ ਹੁੰਦੇ ਹਨ, ਜਿਸ ਲਈ ਸਾਨੂੰ ਸਿਆਸੀ, ਪੱਧਰ/ਹੱਦਬੰਦੀਆਂ ਤੋਂ ਉੱਪਰ ਉੱਠ ਕੇ ਚੱਲਣਾ ਚਾਹੀਦਾ ਹੈ। 

ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਕਾਂਗਰਸ ਪਾਰਟੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਰਤਾਰਪੁਰ ਲਾਂਘੇ ਨੂੰ ਖੋਲੇ ਜਾਣ ਸਬੰਧੀ ਕੀਤੇ ਯਤਨਾਂ ਨੂੰ ਬੂਰ ਪੈਣ ਨੂੰ ਕਾਂਗਰਸ ਦੀ ਜਿੱਤ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਖੁਦ ਵੀ ਕਰਤਾਰਪੁਰ ਲਾਂਘਾ ਖੋਲੇ ਜਾਣ ਦਾ ਮੁੱਦਾ ਕਈ ਵਾਰ ਚੁੱਕਿਆ ਅਤੇ ਹੁਣ ਇਹ ਲਾਂਘਾ ਬਿਨਾਂ ਵੀਜਾ ਅਤੇ ਪਾਸਪੋਰਟ ਦੀ ਸ਼ਰਤ ਤੋਂ ਖੋਲਿਆ ਜਾਣਾ ਚਾਹੀਦਾ ਹੈ ਤਾਂ ਜੋ ਸ਼ਰਧਾਲੂਆਂ ਲਈ ਖੁਲੇ ਦਰਸ਼ਨਦੀਦਾਰ ਯਕੀਨੀ ਬਣਾਏ ਜਾ ਸਕਣ। ਉਨਾਂ ਕਿਹਾ ਜੇਕਰ ਪਾਸਪੋਰਟ ਅਤੇ ਵੀਜ਼ਾ ਲਾਜ਼ਮੀ ਹੁੰਦਾ ਹੈ ਤਾਂ ਲੱਖਾਂ ਸ਼ਰਧਾਲੂ ਦਰਸ਼ਨਾਂ ਤੋਂ ਵਾਂਝੇ ਰਹਿ ਜਾਣਗੇ ਜੋ ਕਿ ਸਰਾਸਰ ਤਰਕਹੀਣ ਹੈ। ਉਨਾ ਕਿਹਾ ਕਿ ਇਸ ਬਾਬਤ ਪਹਿਲਾਂ ਹੀ ਕੇਂਦਰ ਨੂੰ ਉਨਾਂ ਵੱਲੋਂ ਕੀਤੀ ਬੇਨਤੀ ਮੰਨਣ ਲਈ ਪਹੁੰਚ ਕਰ ਚੁੱਕੇ ਹਨ। 

ਇਸ ਮੌਕੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਕੀਤੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਮਹਾਨ ਸ਼ਹੀਦ ਉਧਮ ਸਿੰਘ ਦੇ ਨਾਂ ’ਤੇ ਚੇਅਰ ਸਥਾਪਤ ਕਰਨ ਨੂੰ ਪ੍ਰਵਾਨਗੀ ਦਿੱਤੀ ਜੋ ਕਿ ਨੌਜਵਾਨਾਂ ਵਿੱਚ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਈ ਹੋਵੇਗਾ। 

ਮੁੱਖ ਮੰਤਰੀ ਨੇ ਅੰਡੇਮਾਨ ਜੇਲ ਵਿੱਚ ਜੇਲਾਂ ਕੱਟਣ ਵਾਲੇ ਕਈ ਪੰਜਾਬੀਆਂ ਦੇ ਨਾਂ ਲਿਖੇ ਹੋਣ ਦੀ ਗੱਲ ਕਰਦਿਆਂ ਸੁਝਾਅ ਦਿੱਤਾ ਕਿ ਉਨਾਂ ਪੰਜਾਬੀਆਂ ਦੀ ਯਾਦ ਵਿੱਚ ਯਾਦਗਾਰ ਮੈਮੋਰੀਅਲ ਸਥਾਪਤ ਕੀਤਾ ਜਾਵੇ। ਸਪੀਕਰ ਰਾਣਾ ਕੇ.ਪੀ ਸਿੰਘ ਨੇ ਸਦਨ ਨੂੰ ਦੱਸਿਆ ਕਿ ਵਿਧਾਨ ਸਭਾ ਇਸ ਸਬੰਧੀ ਪਹਿਲਾਂ ਹੀ ਇੱਕ ਕਮੇਟੀ ਦਾ ਗਠਨ ਕਰ ਚੁੱਕੀ ਹੈ ਜਿਹੜੀ ਜਲਦ ਹੀ ਅੰਡੇਮਾਨ ਅਤੇ ਨਿਕੋਬਾਰ ਟਾਪੂ ’ਤੇ ਬਣੀ ਜੇਲ ਦਾ ਦੌਰਾ ਕਰਕੇ ਕੇਂਦਰ ਸਰਕਾਰ ਨੂੰ ਸੁਝਾਅ ਦੇਣਗੇ ਕਿ ਇਨਾਂ ਜੇਲਾਂ ਕੱਟਣ ਵਾਲਿਆਂ ਦੀਆਂ ਮਹਾਨ ਕੁਰਬਾਨੀਆਂ ਨੂੰ ਬਣਦੀ ਮਾਨਤਾ ਦਿੱਤੀ ਜਾਵੇ। 

ਜਲਿਆਂਵਾਲਾ ਬਾਗ ਦੇ ਸਾਕੇ ਲਈ ਬਰਤਾਨਵੀ ਸਰਕਾਰ ਤੋਂ ਮੁਆਫੀ ਸਬੰਧੀ ਸਦਨ ਵੱਲੋਂ ਅੱਜ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਸਬੰਧੀ ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ‘ ਹਾਉਸ ਆਫ ਲਾਰਡਸ’ ਵਿੱਚ ਇਸ ਸਬੰਧੀ ਕਰ ਰਹੇ ਮੈਂਬਰਾਂ ਦੇ ਸੰਘਰਸ਼ ਨੂੰ ਹੋਰ ਬਲ ਮਿਲੇਗਾ ਜਿੱਥੇ ਅੱਜਕੱਲ ਇਸ ਮੁੱਦੇ ’ਤੇ ਬਹਿਸ ਜਾਰੀ ਹੈ। 

Facebook Comment
Project by : XtremeStudioz