Close
Menu

ਅਕਾਲੀ ਦਲ (ਅ) ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਲੲੀ ਰੋਸ ਮਾਰਚ

-- 21 July,2015

ਸਮਾਣਾ, 21 ਜੁਲਾਈ
ਪੰਜਾਬ ਅਤੇ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ  ਦੀ ਮੰਗ ਨੂੰ  ਲੈ ਕੇ ਸ਼੍ਰੋਮਣੀ ਅਕਾਲੀ ਦਲ (ਅ) ਸਰਕਲ ਸਮਾਣਾ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਮਾਰਚ ਗੁਰਦੁਆਰਾ ਸਾਹਿਬ ਟਰੱਕ ਯੂਨੀਅਨ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਐਸਡੀਐਮ ਦਫ਼ਤਰ ਪਹੁੰਚਿਆ ਜਿੱਥੇ ਤਹਿਸੀਲਦਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਇਕ ਮੰਗ ਪੱਤਰ ਦਿੱਤਾ ਗਿਆ।
ਪਾਰਟੀ ਦੀ ਕਾਰਜਕਾਰਨੀ ਦੇ ਮੈਂਬਰ ਭਾਈ ਰਾਜਿੰਦਰ ਸਿੰਘ ਫਤਿਹਗੜ੍ਹ ਛੰਨਾ, ਬਜ਼ੁਰਗ ਆਗੂ ਅਨੂਪ ਸਿੰਘ ਅਤੇ  ਸਤਨਾਮ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਕੀਤੀ ਭੁੱਖ ਹੜਤਾਲ ਨੂੰ ਕਰੀਬ 184 ਦਿਨ ਹੋ ਗਏ ਹਨ, ਪਰ ਅਜੇ ਤੱਕ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕੀ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਕੌਮੀ ਸੰਘਰਸ਼ ਹੈ ਜਿਸ ਵਿੱਚ ਹਰੇਕ ਸਿੱਖ ਆਪਣਾ ਯੋਗਦਾਨ ਪਾ ਰਿਹਾ ਹੈ। ਜੇਲ੍ਹਾਂ ਵਿੱਚ ਬੰਦ ਸਿੱਖ ਆਪਣੀਆਂ ਕਥਿਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਅਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ੳੁਹ ਇਨ੍ਹਾਂ ਨੂੰ ਤੁਰੰਤ ਰਿਹਾਅ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਸਿੱਖਾਂ ਦੀ ਰਿਹਾਈ ਲਈ ਬਹਾਨੇ ਨਹੀਂ ਬਣਾਉਣੇ ਚਾਹੀਦੇ ਅਤੇ ਸਿੱਖ ਬੰਦੀਆਂ ਨੂੰ ਸਿਆਸੀ ਕੈਦੀਆਂ ਦਾ ਦਰਜਾ ਦੇ ਕੇ ਉਨ੍ਹਾਂ ਦੀ ਰਿਹਾਈ ਲਈ ਲੋੜੀਂਦੇ ਨੋਟੀਫਿਕੇਸ਼ਨ ਅਤੇ ਕਾਨੂੰਨ ਪਾਸ ਕੀਤੇ ਜਾਣ। ਰੋਸ ਮਾਰਚ ਵਿੱਚ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਸਰਕਲ ਪ੍ਰਧਾਨ ਸਮਾਣਾ, ਅਤਰ ਸਿੰਘ, ਬਲਵਿੰਦਰ ਸਿੰਘ, ਰਾਜਪਾਲ ਸਿੰਘ ਭਿੰਡਰ, ਹਰਦੀਪ ਸਿੰਘ, ਬਾਪੂ ਸਾਧਾ ਸਿੰਘ, ਮਨਜੀਤ ਸਿੰਘ, ਜਸਪਾਲ ਸਿੰਘ, ਲਖਵਿੰਦਰ ਸਿੰਘ, ਭਵਰੀਤ ਸਿੰਘ, ਜਰਨੈਲ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ।

Facebook Comment
Project by : XtremeStudioz